- ਪੰਜਾਬ ਸਰਕਾਰ ਵੱਲੋਂ ਦੇਰ ਸ਼ਾਮ ਅਸਤੀਫ਼ਾ ਮਨਜ਼ੂਰ
- ਸੁਪਰੀਮ ਕੋਰਟ ਵਿੱਚ ਸੁਣਵਾਈ ਕਾਰਨ ਛੱਡਿਆ ਅਹੁਦਾ
ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਪਰੀਮ ਕੋਰਟ ’ਚ ਸੁਣਵਾਈ ਤੋਂ ਪਹਿਲਾਂ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਮੁੱਖ ਮੰਤਰੀ ਨੂੰ ਲਿਖਤੀ ਸੁਨੇਹਾ ਭੇਜ ਕੇ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਹੈ। ਪੰਜਾਬ ਸਰਕਾਰ ਨੇ ਦੇਰ ਸ਼ਾਮ ਇਹ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਪੰਜਾਬ ਸਰਕਾਰ ਨੇ 1 ਮਾਰਚ 2021 ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਬਤੌਰ ਪ੍ਰਮੁੱਖ ਸਲਾਹਕਾਰ ਕੈਬਨਿਟ ਮੰਤਰੀ ਦਾ ਰੁਤਬਾ ਦੇਣ ਤੋਂ ਇਲਾਵਾ ਬਕਾਇਦਾ ਇੱਥੇ ਸਿਵਲ ਸਕੱਤਰੇਤ ਵਿਚ ਦਫ਼ਤਰ ਵੀ ਦਿੱਤਾ ਹੋਇਆ ਸੀ।
ਉਂਜ, ਪ੍ਰਸ਼ਾਂਤ ਕਿਸ਼ੋਰ ਨੇ ਕਦੇ ਆਪਣੇ ਇਸ ਦਫ਼ਤਰ ’ਚ ਪੈਰ ਨਹੀਂ ਪਾਇਆ ਸੀ ਪਰ ਪੰਜਾਬ ਸਰਕਾਰ ਵੱਲੋਂ ਅਮਲਾ ਫੈਲਾ ਇਸ ਦਫਤਰ ’ਚ ਤਾਇਨਾਤ ਕੀਤਾ ਹੋਇਆ ਸੀ, ਜਿਸ ’ਚ ਇੱਕ ਪੀਏ, ਇੱਕ ਪੀਐਸ, ਇੱਕ ਕਲਰਕ, ਇੱਕ ਅਪਰੇਟਰ ਅਤੇ ਦੋ ਚਪੜਾਸੀ ਸ਼ਾਮਲ ਹਨ। ਪ੍ਰਸ਼ਾਂਤ ਕਿਸ਼ੋਰ ਨੇ ਅੱਜ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸੁਨੇਹਾ ਭੇਜਿਆ ਹੈ ਜਿਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਉਹ (ਪ੍ਰਸ਼ਾਂਤ) ਜਨਤਕ ਜੀਵਨ ਵਿਚ ਸਰਗਰਮ ਭੂਮਿਕਾ ਤੋਂ ਆਰਜ਼ੀ ਬਰੇਕ ਲੈਣਾ ਚਾਹੁੰਦਾ ਹੈ, ਜਿਸ ਕਰਕੇ ਉਹ ਬਤੌਰ ਪ੍ਰਮੁੱਖ ਸਲਾਹਕਾਰ ਜ਼ਿੰਮੇਵਾਰੀਆਂ ਨਹੀਂ ਨਿਭਾਅ ਸਕਦਾ। ਉਸ ਨੂੰ ਬਤੌਰ ਪ੍ਰਮੁੱਖ ਸਲਾਹਕਾਰ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਭਵਿੱਖ ਬਾਰੇ ਫਿਲਹਾਲ ਕੋਈ ਫੈਸਲਾ ਨਾ ਕੀਤੇ ਹੋਣ ਦੀ ਗੱਲ ਵੀ ਆਖੀ ਹੈ।
ਚੇਤੇ ਰਹੇ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਮਗਰੋਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਇਸ਼ਾਰਾ ਕਰ ਦਿੱਤਾ ਸੀ। ਇਸੇ ਦੌਰਾਨ ਦੇਰ ਸ਼ਾਮ ਪੰਜਾਬ ਸਰਕਾਰ ਨੇ ਪ੍ਰਸ਼ਾਂਤ ਕਿਸ਼ੋਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਸਿਆਸੀ ਹਲਕਿਆਂ ’ਚ ਇਸ ਅਸਤੀਫ਼ੇ ਤੋਂ ਘੁਸਰ ਮੁਸਰ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਅਮਰਿੰਦਰ-ਨਵਜੋਤ ਸਿੱਧੂ ਦੇ ਆਪਸੀ ਅੰਦਰੂਨੀ ਵਿਵਾਦ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰ ਆਖਦੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਹੁਣ ਕੌਮੀ ਸਿਆਸਤ ਵਿਚ ਦਿਲਚਸਪੀ ਰੱਖ ਰਹੇ ਹਨ ਅਤੇ ਉਹ ਗਾਂਧੀ ਪਰਿਵਾਰ ਨਾਲ ਕੰਮ ਕਰਨ ਦੇ ਇੱਛੁਕ ਹਨ।
ਇਸੇ ਦੌਰਾਨ ਸਾਬਕਾ ਬਾਕਸਿੰਗ ਕੋਚ ਲਾਭ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਬਤੌਰ ਪ੍ਰਮੁੱਖ ਸਲਾਹਕਾਰ ਨਿਯੁਕਤੀ ਨੂੰ ਚੁਣੌਤੀ ਦੇ ਦਿੱਤੀ ਸੀ ਪਰ ਹਾਈਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਈਕੋਰਟ ਦੇ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਪਟੀਸ਼ਨਰ ਤਰਫੋਂ ਇਸ ਮਾਮਲੇ ’ਚ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ ਅਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly