ਨਵੀਂ ਦਿੱਲੀ (ਸਮਾਜ ਵੀਕਲੀ): ਗੋਆ ਤੇ ਮਨੀਪੁਰ ਦੇ ਮੁੱਖ ਮੰਤਰੀਆਂ ਕ੍ਰਮਵਾਰ ਪ੍ਰਮੋਦ ਸਾਵੰਤ ਤੇ ਐੱਨ. ਬਿਰੇਨ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵੇਂ ਆਗੂ ਸ੍ਰੀ ਮੋਦੀ ਨੂੰ ਅਜਿਹੇ ਮੌਕੇ ਮਿਲੇ ਹਨ ਜਦੋਂ ਇਹ ਸੰਕੇਤ ਮਿਲੇ ਹਨ ਕਿ ਭਾਜਪਾ ਲੀਡਰਸ਼ਿਪ ਇਨ੍ਹਾਂ ਦੋਵਾਂ ਰਾਜਾਂ ਵਿੱਚ ਬਣਨ ਵਾਲੀ ਨਵੀਂ ਸਰਕਾਰ ਦੀ ਕਮਾਨ ਸਾਵੰਤ ਤੇ ਸਿੰਘ ਨੂੰ ਮੁੜ ਸੌਂਪਣ ਲਈ ਤਿਆਰ ਹੈ। ਸ੍ਰੀ ਮੋਦੀ ਨੇ ਬਿਰੇਨ ਸਿੰਘ ਨੂੰ ਮਿਲਣ ਮਗਰੋਂ ਕੀਤੇ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਮਨੀਪੁਰ ਦੇ ਮੁੱਖ ਮੰਤਰੀ ਨੂੰ ਅਸੈਂਬਲੀ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਸਾਵੰਤ ਨਾਲ ਮੀਟਿੰਗ ਤੋਂ ਬਾਅਦ ਕੀਤੇ ਵੱਖਰੇ ਟਵੀਟ ਵਿੱਚ ਸ੍ਰੀ ਮੋਦੀ ਨੇ ਕਿਹਾ, ‘‘ਸਾਡੀ ਪਾਰਟੀ ਗੋਆ ਦੇ ਲੋਕਾਂ ਦੀ ਧੰਨਵਾਦੀ ਹੈ, ਜਿਨ੍ਹਾਂ ਸਾਨੂੰ ਮੁੜ ਵੱਡੇ ਬਹੁਮੱਤ ਨਾਲ ਜਿਤਾ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਆਉਣ ਵਾਲੇ ਸਮੇਂ ’ਚ ਵੀ ਗੋਆ ਦੀ ਤਰੱਕੀ ਲਈ ਕੰਮ ਕਰਦੇ ਰਹਾਂਗੇ।’’
ਦੱਸ ਦੇਈਏ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੇ ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਨਵੀਆਂ ਸਰਕਾਰਾਂ ਦੇ ਗਠਨ ਨੂੰ ਲੈ ਕੇ ਮੰਗਲਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ ਸੀ। ਇਨ੍ਹਾਂ ਰਾਜਾਂ ਵਿੱਚ ਅਗਲੇ ਹਫ਼ਤੇ ਹਲਫ਼ਦਾਰੀ ਸਮਾਗਮ ਰੱਖੇ ਜਾਣ ਦੇ ਆਸਾਰ ਹਨ। ਯੂਪੀ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਕ ਵਾਰ ਫਿਰ ਨਵੀਂ ਸਰਕਾਰ ਦੀ ਅਗਵਾਈ ਕਰਨਗੇ, ਉਥੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਭਵਿੱਖ ਸਵਾਲਾਂ ਦੇ ਘੇਰੇ ਵਿੱਚ ਹੈ। ਪਹਾੜੀ ਰਾਜ ਵਿੱਚ ਭਾਜਪਾ ਦੋ-ਤਿਹਾਈ ਬਹੁਮੱਤ ਨਾਲ ਮੁੜ ਸਰਕਾਰ ਬਣਾਉਣ ਜਾ ਰਹੀ ਹੈ, ਪਰ ਧਾਮੀ ਆਪਣੀ ਸੀਟ ਬਚਾਉਣ ਵਿੱਚ ਨਾਕਾਮ ਰਹੇ ਸਨ। ਪਾਰਟੀ ਨੇ ਕੇਂਦਰੀ ਮੰਤਰੀਆਂ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਨੂੰ ਕ੍ਰਮਵਾਰ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਜਪਾ ਵਿਧਾਇਕ ਦਲ ਦੀਆਂ ਮੀਟਿੰਗਾਂ ਲਈ ਕੇਂਦਰੀ ਨਿਗਰਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਤੇ ਨਰੇਂਦਰ ਸਿੰਘ ਤੋਮਰ ਨੂੰ ਕ੍ਰਮਵਾਰ ਮਨੀਪੁਰ ਤੇ ਗੋਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly