ਤਲਵੰਡੀ ਚੌਧਰੀਆਂ ਸੁਲਤਾਨਪੁਰ ਲੋਧੀ ਰੋਡ ਅਤੇ ਡਡਵਿੰਡੀ ਸੁਲਤਾਨਪੁਰ ਲੋਧੀ ਰੋਡ ਤੇ ਬਣੇ ਡਿਵਾਈਡਰਾਂ ਤੇ ਰਿਫੈਲੈਕਟਰ ਤੇ ਲਾਈਟਾਂ ਲਗਾਉਣ ਦੀ ਮੰਗ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ)– ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਪੱਬਾਂ ਭਾਰ ਹੈ , ਪਰ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਦਿੱਖ ਵਿੱਚ ਸੁਧਾਰ ਕਰਨਾ ਤਾਂ ਦੂਰ ਦੀ ਗੱਲ ਹੈ , ਬਲਕਿ ਪਿਛਲੀ ਸਰਕਾਰ ਸਮੇਂ ਤਲਵੰਡੀ ਚੌਧਰੀਆਂ ਤੇ ਸੁਲਤਾਨਪੁਰ ਜਾਂਦੀ ਸੜਕ ਤੇ ਸੁਲਤਾਨਪੁਰ ਲੋਧੀ ਡਡਵਿੰਡੀ ਰੋਡ ਉੱਤੇ ਲਗਾਈਆਂ ਲਾਈਟਾਂ ਨੂੰ ਸੜਕ ਨੂੰ ਦੁਬਾਰਾ ਬਣਾਉਣ ਤੋਂ ਬਾਅਦ ਲਾਈਟਾਂ ਦੁਬਾਰਾ ਨਹੀਂ ਲਗਾਈਆ ਗਈਆਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਨੀਅਤ ਵਿਕਾਸ ਪਾਰਟੀ ਦੇ ਪ੍ਰਧਾਨ ਸਰਦੂਲ ਸਿੰਘ ਥਿੰਦ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਵਿੱਚੋਂ ਜਾਗੇ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸੁਲਤਾਨਪੁਰ ਤਲਵੰਡੀ ਚੌਧਰੀਆਂ ਰੋਡ ਤੇ ਸੜਕ ਚੌੜੀ ਕਰਨ ਤੋਂ ਬਾਅਦ ਬਣਾਏ ਗਏ ਡਿਵਾਈਡਰ ਤੇ ਰਿਫਲੈਕਟਰ ਨਾ ਲੱਗਣ ਕਾਰਨ ਰੋਜ਼ ਕਈ ਹਾਦਸੇ ਹੋ ਰਹੇ ਹਨ ਤੇ ਕਈ ਜਾਨਾਂ ਜਾ ਰਹੀਆਂ ਹਨ। ਸਰਦੂਲ ਸਿੰਘ ਔਜਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਲਵੰਡੀ ਚੌਧਰੀਆਂ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਬਣੀ ਇਸ ਸੜਕ ਤੇ ਲੰਬੇ ਡਿਵਾਈਡਰ ਤੇ ਰਿਫਲੈਕਟਰ ਲਗਾਏ ਜਾਣ । ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦਿਨ ਬ ਦਿਨ ਸੰਗਤ ਦੀ ਆਮਦ ਵਧ ਰਹੀ ਹੈ। ਜਿਸ ਕਾਰਣ ਕਈ ਹਾਦਸੇ ਹੋ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਪਿੰਡ ਡਡਵਿੰਡੀ ਤੋਂ ਲੈ ਕੇ ਸੁਲਤਾਨਪੁਰ ਲੋਧੀ ਤਕ ਸੜਕ ਚੌੜੀ ਕਰਨ ਨੂੰ ਲੈ ਕੇ ਲਗਾਈਆਂ ਹੋਈਆਂ ਲਾਈਟਾਂ ਪੁੱਟੀਆਂ ਗਈਆਂ ਸਨ। ਜੋ ਕਿ ਸੜਕ ਬਣਨ ਤੋਂ ਬਾਅਦ ਵਿੱਚ ਲਗਾਈਆਂ ਜਾਣੀਆਂ ਸਨ। ਪਰ ਉਹ ਹਜੇ ਤੱਕ ਨਹੀਂ ਲਗਾਈਆਂ ਗਈਆਂ । ਜਿਸ ਕਾਰਨ ਇਹ ਰਸਤਾ ਰਾਤ ਵੇਲੇ ਸੁੰਮਸਾਨ ਹੋਣ ਕਾਰਨ ਕਈ ਲੁੱਟਾਂ ਖੋਹਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਇਹ ਸੜਕ ਉੱਤੇ ਵੀ ਚੌੜੀ ਹੋਣ ਤੋਂ ਬਾਅਦ ਡਿਵਾਈਡਰ ਬਣਾਇਆ ਗਿਆ ਹੈ, ਤੇ ਉਸ ਤੇ ਵੀ ਰਿਫਲੈਕਟਰ ਲਗਾਏ ਜਾਣ। ਉਹਨਾਂ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ ਇਹ ਰਸਤੇ ਸੁਲਤਾਨਪੁਰ ਲੋਧੀ ਨੂੰ ਬਾਕੀ ਸ਼ਹਿਰਾਂ ਨਾਲ ਜੋੜਦੇ ਹੋਣ ਕਰਕੇ ਇਸ ਤੇ ਹਮੇਸ਼ਾ ਆਵਾਜਾਈ ਜਿਆਦਾ ਰਹਿੰਦੀ ਹੈ । ਇਸ ਲਈ ਸਰਕਾਰ ਤੋਂ ਉਹਨਾਂ ਪੁਰਜ਼ੋਰ ਮੰਗ ਕਰਦੇ ਹੋਏ ਕਿਹਾ ਕਿ ਇਹਨਾਂ ਦੋਨਾਂ ਸੜਕਾਂ ਤੇ ਡਿਵਾਈਡਰਾਂ ਤੇ ਰਿਫਲੈਕਟਰ ਲਾਉਣ ਦੇ ਨਾਲ ਨਾਲ ਲਾਈਟਾਂ ਵੀ ਲਗਾਈਆਂ ਜਾਣ ਤਾਂ, ਜੋ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਨੂੰ ਸਹੂਲਤ ਮਿਲ ਸਕੇ ਤੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly