(ਸਮਾਜ ਵੀਕਲੀ)
ਮਨੁੱਖ ਦਾ ਜੀਵਨ ਭਾਵਨਾਵਾਂ ‘ਤੇ ਕੇਂਦਰਿਤ ਹੈ। ਭਾਵਨਾਵਾਂ ਸਾਡੇ ਜੀਵਨ ਨੂੰ ਨਵੀਂ ਰੂਹਾਨੀਅਤ ਪ੍ਰਦਾਨ ਕਰਦੀਆਂ ਹਨ। ਭਾਵਨਾਵਾਂ ਦਾ ਵੇਗ ਮਨੁੱਖੀ ਜੀਵਨ ਨੂੰ ਨਵੀਂ ਦਿਸ਼ਾ ਤੇ ਨਵੀਂ ਦਸ਼ਾ ਪ੍ਰਦਾਨ ਕਰਦਾ ਹੈ। ਮਨੁੱਖੀ ਮਨ ਦੀ ਇਹ ਲਾਲਸਾ ਹੁੰਦੀ ਹੈ ਕਿ ਉਸ ਦੁਆਰਾ ਕੀਤੇ ਚੰਗੇ ਤੇ ਸਮਾਜ ਭਲਾਈ ਦੇ ਕਾਰਜਾਂ ਅਤੇ ਨਵੀਆਂ ਨਰੋਈਆਂ ਪ੍ਰਾਪਤੀਆਂ ਦੀ ਤਾਰੀਫ਼ ਹੋਵੇ। ਇਹ ਤਾਰੀਫ਼ ਦੇ ਪਿਆਰੇ , ਉਤਸ਼ਾਹਵਰਧਕ ਅਤੇ ਠੰਢਕ ਪਹੁੰਚਾਉਣ ਵਾਲੇ ਸ਼ਬਦ ਮਿਹਨਤੀ ਤੇ ਮੰਜ਼ਿਲਾਂ ਸਰ ਕਰਨ ਵਾਲੇ ਮਨੁੱਖ ਲਈ ਖ਼ੁਸ਼ੀ , ਸਨੇਹ , ਅਪਣੱਤ ਅਤੇ ਪਿਆਰ ਦਾ ਪੈਗਾਮ ਬਣਦੇ ਹਨ।
” ਪ੍ਰਸੰਸਾ ” ਸ਼ਬਦ ਨੂੰ ਜੇਕਰ ਥੋੜ੍ਹਾ ਗਹੁ ਨਾਲ ਸਮਝੀਏ ਤਾਂ ਇਸ ਵਿੱਚ ਪਾਕਿ – ਪਵਿੱਤਰਤਾ , ਰਜ਼ਾਯੁਕਤ ਤੇ ਸੱਚੀ ਸ਼ਾਬਾਸ਼ੀ ਸਮਾਹਿਤ ਹੁੰਦੀ ਹੈ। ਪ੍ਰਸ਼ੰਸਾ ਭਰੇ ਦੋ ਸ਼ਬਦ ਕਿਸੇ ਦੀ ਜ਼ਿੰਦਗੀ ਵਿੱਚ ਭਾਰੀ ਬਦਲਾਅ ਲਿਆਉਂਦੇ ਹਨ। ਪ੍ਰਸ਼ੰਸਾ ਕਿਸੇ ਦੇ ਜੀਵਨ ਵਿੱਚੋਂ ਨਕਾਰਾਤਮਕਤਾ ਖ਼ਤਮ ਕਰ ਦੇਣ ਦੀ ਸਮਰੱਥਾ ਰੱਖਦੀ ਹੈ। ਇਨਸਾਨ ਆਪਣੀ ਸੱਚੀ ਤਾਰੀਫ਼ ਸੁਣ ਕੇ ਹਮੇਸ਼ਾਂ ਕੁਝ ਹੋਰ , ਚੰਗਾ ਤੇ ਸਮਾਜ ਭਲਾਈ ਦਾ ਕਾਰਜ ਉਸਾਰੂ ਢੰਗ ਨਾਲ ਕਰਨ ਨੂੰ ਤਰਜੀਹ ਦਿੰਦਾ ਹੈ।
ਕਈ ਵਾਰ ਇਨਸਾਨ ਜੀਵਨ ਵਿੱਚ ਨਿਰਾਸ਼ , ਹਤਾਸ਼ ਤੇ ਅੰਦਰੋਂ ਟੁੱਟ ਗਿਆ ਹੁੰਦਾ ਹੈ , ਜੋ ਜ਼ਿੰਦਗੀ ਨੂੰ ਜਿਊਣ ਦੀ ਥਾਂ ਕੇਵਲ ਢੋਅ ਰਿਹਾ ਹੁੰਦਾ ਹੈ। ਦੇਖਣ ਨੂੰ ਉਹ ਆਮ ਇਨਸਾਨਾਂ ਵਾਂਗ ਪ੍ਰਤੀਤ ਹੁੰਦਾ ਜਾਪਦਾ ਹੈ , ਪਰ ਅੰਦਰੋਂ ਹੀ ਅੰਦਰ ਟੁੱਟ ਗਿਆ ਹੁੰਦਾ ਹੈ ਤੇ ਇੱਕ ਜ਼ਿੰਦਾ ਲਾਸ਼ ਬਣ ਜਾਂਦਾ ਹੈ। ਅਜਿਹਾ ਵੀ ਜ਼ਿੰਦਗੀ ਵਿੱਚ ਕਈ ਵਾਰ ਵਾਪਰਦਾ ਹੈ। ਉਹ ਕੇਵਲ ਨਕਾਰਾਤਮਕ ਭਾਵਨਾ ਤੋਂ ਹੀ ਗ੍ਰਸਤ ਹੋਇਆ ਰਹਿੰਦਾ ਹੈ। ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ , ਅਜਿਹਾ ਇਨਸਾਨ ਆਮ ਵਿਚਰਦਾ ਦਿਖਾਈ ਤਾਂ ਦਿੰਦਾ ਹੈ , ਪਰ ਅਜਿਹੀ ਸਥਿਤੀ ਵਿੱਚ ਉਹ ਆਤਮਹੱਤਿਆ ਵੱਲ ਜਾ ਰਿਹਾ ਹੁੰਦਾ ਹੈ।
ਜਿਸ ਬਾਰੇ ਅਸੀਂ ਅਚਾਨਕ ਹਾਦਸਾ ਬੀਤ ਜਾਣ ਬਾਅਦ ਕਈ ਵਾਰ ਅਚੰਭਤ ਵੀ ਹੋ ਜਾਂਦੇ ਹਾਂ ਕਿ ਇਹ ਕਿਵੇਂ ਹੋ ਗਿਆ ? ਜਾਂ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ! , ਆਦਿ ਆਦਿ। ਸੋ ਜੇਕਰ ਕੋਈ ਵੀ ਇਨਸਾਨ , ਵਿਦਿਆਰਥੀ , ਬੱਚਾ , ਬਜ਼ੁਰਗ ਜਾਂ ਕੋਈ ਵੀ ਹੋਰ ਕੁਝ ਵੀ ਚੰਗਾ ਕਰਦਾ ਹੈ ਤਾਂ ਰੱਬ ਦਾ ਵਾਸਤਾ ! ਉਸ ਦੀ ਸੱਚੇ ਦਿਲੋਂ ਪ੍ਰਸ਼ੰਸਾ ਜ਼ਰੂਰ ਕਰਨੀ ਬਣਦੀ ਹੈ। ਕੀ ਪਤਾ ਸਾਡੇ ਵੱਲੋਂ ਦਿੱਤੀ ਸ਼ਾਬਾਸ਼ੀ ਪ੍ਰਸ਼ੰਸਾ ਉਸ ਦੇ ਜੀਵਨ ਵਿੱਚ ਕੀ ਚੰਗੀ ਤੇ ਸਕਾਰਾਤਮਕ ਤਬਦੀਲੀ ਲੈ ਆਏ। ਜ਼ਰੂਰੀ ਨਹੀਂ ਅਜਿਹੀ ਸਕਾਰਾਤਮਕ ਤਬਦੀਲੀ ਅਸੀਂ ਅਨੁਭਵ ਹੀ ਕਰ ਸਕੀਏ। ਅਜਿਹੀ ਤਬਦੀਲੀ ਅਪ੍ਰਤੱਖ ਵੀ ਹੋ ਸਕਦੀ ਹੈ ਤੇ ਪ੍ਰਤੱਖ ਵੀ। ਕਿਸੇ ਦੀ ਪ੍ਰਸ਼ੰਸਾ ਕਰਕੇ ਸ਼ਾਇਦ ਅਸੀਂ ਤਾਂ ਕਦੇ ਭੁੱਲ ਸਕਦੇ ਹਾਂ , ਪਰ ਪ੍ਰਸੰਸਾ ਪ੍ਰਾਪਤ ਕਰਨ ਵਾਲਾ ਉਹ ਇਨਸਾਨ ਤੁਹਾਨੂੰ ਜੀਵਨ ਭਰ ਕਦੇ ਨਹੀਂ ਭੁੱਲਦਾ।
ਪ੍ਰਸ਼ੰਸਾ ਬਾਰੇ ਇੱਕ ਗੱਲ ਸੱਚ ਹੈ ਕਿ ਹਰ ਕੋਈ ਇਨਸਾਨ ਕਿਸੇ ਦੂਸਰੇ ਚੰਗੇ , ਮਿਹਨਤੀ , ਸੱਚੇ ਤੇ ਉਸਾਰੂ ਕਾਰਜ ਕਰਨ ਵਾਲੇ ਅਤੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਇਨਸਾਨ ਦੀ ਪ੍ਰਸ਼ੰਸਾ ਨਹੀਂ ਕਰਦਾ ; ਕਿਉਂ ਜੋ ਪ੍ਰਸ਼ੰਸਾ ਕੇਵਲ ਵੱਡਾ ਹੌਸਲਾ ਰੱਖਣ ਵਾਲੇ , ਦੂਰਗਾਮੀ ਸੋਚ ਦੇ ਧਾਰਨੀ ਵਿਅਕਤੀ , ਮਹਾਨ ਆਤਮਾ , ਕਿਸੇ ਫੱਕਰ ਫ਼ਕੀਰ , ਉੱਚ ਕੋਟੀ ਦੇ ਰੂਹਾਨੀ ਇਨਸਾਨ ਜਾਂ ਮਹਾਂਪੁਰਖ ਦੇ ਮੂੰਹੋਂ ਹੀ ਨਿਕਲ ਸਕਦੀ ਹੈ ਜਾਂ ਕੀਤੀ ਜਾ ਸਕਦੀ। ਪ੍ਰਸ਼ੰਸਾ ਹਾਵ ਭਾਵ ਰਾਹੀਂ , ਬੋਲ ਕੇ , ਲਿਖ ਕੇ ਕਈ ਤਰ੍ਹਾਂ ਨਾਲ ਵਿਅਕਤ ਕੀਤੀ ਜਾ ਸਕਦੀ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਜਿਹੜਾ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਛੋਟੀ ਤੋਂ ਛੋਟੀ ਪ੍ਰਾਪਤੀ ਦੀ ਵਧਾ ਚਡ਼੍ਹ ਕੇ ਪ੍ਰਸ਼ੰਸਾ ਕਰਦਾ ਹੈ , ਉਹ ਹੀ ਸਭ ਤੋਂ ਚੰਗਾ ਤੇ ਮਹਾਨ ਅਧਿਆਪਕ ਹੁੰਦਾ ਹੈ , ਪਰ ਕਿਸੇ ਦੀ ਪ੍ਰਸ਼ੰਸਾ ਕਰਨ ਲਈ ਵੱਡੇ ਜਿਗਰੇ ਦਾ ਹੋਣਾ ਲਾਜ਼ਮੀ ਹੈ।
ਮੁੱਕਦੀ ਗੱਲ ਇਹ ਹੈ ਕਿ ਪ੍ਰਸ਼ੰਸਾ ਦੀ ਇਨਸਾਨੀ ਜੀਵਨ ਵਿੱਚ ਇੰਨੀ ਅਹਿਮੀਅਤ ਹੈ ਕਿ ਜਿਵੇਂ ਸਾਹ ਲੈਣ ਲਈ ਆਕਸੀਜਨ ਦੀ। ਕਿਸੇ ਦੀ ਪ੍ਰਸ਼ੰਸਾ ਕਰਨਾ ਬਹੁਤ ਵੱਡੀ ਮਹਾਨਤਾ ਭਰਪੂਰ ਤੇ ਤਵੱਜੋ ਵਾਲੀ ਗੱਲ ਹੈ , ਕੋਈ ਆਮ ਗੱਲ ਨਹੀਂ ; ਕਿਉਂਕਿ ਪ੍ਰਸ਼ੰਸਾ ਇੱਕ ਵੇਗ ਹੈ , ਤਪਦਿਆਂ ਹਿਰਦਿਆਂ ਨੂੰ ਠੰਡਕ ਪਹੁੰਚਾਉਣ ਵਾਲਾ ਸੋਮਾ ਹੈ , ਇੱਕ ਖ਼ੁਸ਼ੀ ਹੈ , ਇੱਕ ਉਮੰਗ ਹੈ , ਪ੍ਰਸ਼ੰਸਾ ਇੱਕ ਤਰੰਗ ਹੈ , ਪ੍ਰਸ਼ੰਸਾ ਸਕਾਰਾਤਮਕਤਾ ਹੈ , ਪ੍ਰਸ਼ੰਸਾ ਇੱਕ ਸ਼ਕਤੀ ਹੈ , ਪ੍ਰਸ਼ੰਸਾ ਇੱਕ ਦਿਸ਼ਾ ਹੈ , ਪ੍ਰਸ਼ੰਸਾ ਇੱਕ ਦਸ਼ਾ ਹੈ , ਪ੍ਰਸ਼ੰਸਾ ਜ਼ਿੰਦਗੀ ਹੈ , ਪ੍ਰਸ਼ੰਸਾ ਜਿਊਣ ਦਾ ਢੰਗ ਹੈ , ਪ੍ਰਸ਼ੰਸਾ ਜੀਵਨ ਦਾ ਆਧਾਰ ਹੈ , ਪ੍ਰਸ਼ੰਸਾ ਇੱਕ ਅਨੁਭਵ ਹੈ , ਪ੍ਰਸ਼ੰਸਾ ਇੱਕ ਮਹਾਨਤਾ ਹੈ।
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly