ਕਪੂਰਥਲਾ (ਕੌੜਾ)- ਪ੍ਰਬੁੱਧ ਭਾਰਤ ਫਾਊਂਡੇਸ਼ਨ (ਪੰਜਾਬ) ਵੱਲੋਂ ਹਰ ਸਾਲ ਮਾਨਵਵਾਦੀ ਮਹਾਪੁਰਸ਼ਾਂ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਇੱਕ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ। ਇਸੇ ਸੋਚ ਨੂੰ ਅੱਗੇ ਤੋਰਦਿਆਂ ਰੇਲ ਕੋਚ ਫੈਕਟਰੀ ਦੀ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਡਾ. ਆਰ. ਅੰਬੇਡਕਰ ਸੁਸਾਇਟੀ ਵੱਲੋਂ ਮੁਕਾਬਲੇ ਨੂੰ ਸਫਲ ਬਣਾਉਣ ਲਈ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਧਰਮਪਾਲ ਪੈਂਥਰ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਇਹ 14ਵਾਂ ਪ੍ਰਤੀਯੋਗਤਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪ੍ਰਤੀਯੋਗਤਾ ਦਾ ਉਦੇਸ਼ ਇਹ ਹੈ ਕਿ ਬੱਚੇ ਬਾਬਾ ਸਾਹਿਬ ਜੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਅਤੇ ਉਹ ਬੌਧਿਕ ਤੌਰ ‘ਤੇ ਮਜ਼ਬੂਤ ਬਣਨ। ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ। ਜਦੋਂ ਤੱਕ ਨੌਜਵਾਨ ਪੀੜ੍ਹੀ ਗਿਆਨ ਅਤੇ ਵਿਗਿਆਨ ਤੋਂ ਜਾਣੂ ਨਹੀਂ ਹੁੰਦੀ।
ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ 27 ਅਗਸਤ ਨੂੰ ਸਵੇਰੇ 10 ਵਜੇ ਵੱਖ-ਵੱਖ ਰਾਜਾਂ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਪੁਸਤਕ ‘ਡਾ. ਅੰਬੇਡਕਰ ਦਾ ਸੰਦੇਸ਼’ ਪ੍ਰਤੀਯੋਗਤਾ ਹੋ ਰਹੀ ਹੈ। ਇਸੇ ਲੜੀ ਤਹਿਤ ਸੁਲਤਾਨਪੁਰ ਰੋਡ ’ਤੇ ਰੇਲ ਕੋਚ ਫੈਕਟਰੀ ਵਿਖੇ ਸੈਂਟਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਬਣਾਇਆ ਗਿਆ ਹੈ। ਜਿਸ ਵਿੱਚ ਦੋ ਵਰਗ ਬਣਾਏ ਗਏ ਹਨ। ਪਹਿਲਾ ਵਰਗ ਛੇਵੀਂ ਤੋਂ ਬਾਰ੍ਹਵੀਂ ਤੱਕ ਅਤੇ ਦੂਜਾ ਵਰਗ ਬਾਰ੍ਹਵੀਂ ਤੋਂ ਐਮ.ਏ. ਦੋਵਾਂ ਵਰਗਾਂ ਦੀ ਇਨਾਮੀ ਰਾਸ਼ੀ ਕ੍ਰਮਵਾਰ 50000, 20000 ਅਤੇ 10000 ਹੋਵੇਗੀ। ਇਸ ਤੋਂ ਇਲਾਵਾ ਮੈਰਿਟ ਵਿੱਚ ਆਉਣ ਵਾਲੇ ਪਹਿਲੇ 250 ਪ੍ਰਤੀਯੋਗੀਆਂ ਨੂੰ 1000-1000 ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਬੱਚਿਆਂ ਲਈ ਲੰਗਰ ਦਾ ਪ੍ਰਬੰਧ ਗੁਰਦੁਆਰਾ ਸ਼੍ਰੀ ਗੁਰ ਰਵਿਦਾਸ ਸੇਵਕ ਸਭਾ ਵੱਲੋਂ ਕੀਤਾ ਜਾਵੇਗਾ।
ਮੀਟਿੰਗ ਵਿੱਚ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਜਨਰਲ ਸਕੱਤਰ ਝਲਮਣ ਸਿੰਘ,, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਆਲ ਇੰਡੀਆ ਐਸ.ਸੀ./ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਸੋਹਨ ਬੈਠਾ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ, ਪੂਰਨ ਚੰਦ ਬੋਧ, ਧਰਮਵੀਰ ਅੰਬੇਡਕਰੀ, ਸਮਾਜ ਸੇਵੀ ਦੇਸ ਰਾਜ, ਸਮਾਜਸੇਵੀ ਅਵਤਾਰ ਸਿੰਘ ਝੱਮਟ, ਆਜ਼ਾਦ ਸਿੰਘ ਅਤੇ ਐਸ. ਕੇ. ਭਾਰਤੀ ਆਦਿ ਨੇ ਸ਼ਮੂਲੀਅਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly