(ਸਮਾਜ ਵੀਕਲੀ)
ਪੋਹ ਚੜ੍ਹਦਿਆਂ ਹੀ ਪਤਾ ਨਹੀਂ ਕਿਉਂ, ਮਨ ਉਦਾਸ ਹੋ ਜਾਂਦਾ ਹੈ।
ਹਰ ਸਾਲ ਵਾਂਗ ।
ਕੋਈ ਵੱਡੀ ਗੱਲ !
ਬਹੁਤ ਵੱਡੀ ਘਟਨਾ !
ਦਿਮਾਗ਼ ਦਿਲ ਨੂੰ ਹਲੂਣਦਿਆਂ ਪੁੱਛਦਾ ਹੈ।
ਦਿਲ,ਦਿਮਾਗ ਨੂੰ ਕਹਿੰਦਾ ਹੈ,”ਪਰਾ ਲੋਕ ਦੀ ਗੱਲ !
ਪਰਾ ਦੇਸ ਦੀ ਗੱਲ ਨਹੀਂ,
ਇੱਥੇ ਹੀ, ਮੇਰੀ ਧਰਤੀ ‘ਤੇ
ਮੇਰੀ ਮਿੱਟੀ,
ਮੇਰੀ ਜਨਮ ਭੂਮੀ ‘ਤੇ।
ਬੇਚੈਨ ਮਨ ,
ਅੱਖ਼ਾਂ ਬੰਦ,
ਇਕ ਦ੍ਰਿਸ਼ ਚਲ ਚਿੱਤਰ ਵਾਂਗ ਘੁੰਮਦਾ ਹੈ।
ਗੁਰੂ ਗੋਬਿੰਦ ਸਿੰਘ,ਮਾਤਾ ਗੁਜਰੀ,ਅਜੀਤ ਸਿੰਘ, ਜੁਝਾਰ ਸਿੰਘ,ਜੋਰਾਵਰ ਸਿੰਘ, ਫ਼ਤਿਹ ਸਿੰਘ।
ਜੰਗ ਦਾ ਮੈਦਾਨ,ਸਰਸਾ ਨਦੀ,ਠੰਡਾ ਬੁਰਜ ।
ਓਹ ਹੋ !
ਇਸ ਤਰ੍ਹਾਂ ਵੀ ਹੋ ਸਕਦੈ ! ! ! ! !
ਜਵਾਨੀ ਪਹਿਰ ‘ਚ ਆਪਣੇ ਹੱਥੀਂ , ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿਚ ਲਿਖੇ ਗੀਤ ਦੀਆਂ ਸਤਰਾਂ ਬੁਢਾਪੇ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ ਇੱਕ ਵਾਰ ਝੰਜੋੜ ਦਿੰਦੀਆਂ ਹਨ ਤੇ ਨਾਲ ਸਕੂਨ।
” ਲਾਲ ਵਾਰ ਦਿੱਤੇ ਚਾਰੇ ਪਿਤਾ ਪਿਆਰੇ,
ਮਨ ਨੂੰ ਤਸੱਲੀ ਹੋ ਗਈ।
ਲੋਕੀਂ ਰੱਖਦੇ ਨੇ ਪੁੱਤਰ ਲਕੋ ਕੇ,
ਗੱਲ ਤਾਂ ਅਵੱਲੀ ਹੋ ਗਈ।”
ਕੋਈ ਪਰਿਵਾਰ ਆਪਣੇ ਧਰਮ,ਕੌਮ ਦੇਸ ਲਈ ਐਨਾ ਕੁਝ ਕਰ ਸਕਦੈ ?
ਅੱਜ ਦੇ ਉਨ੍ਹਾਂ ਅਖ਼ੌਤੀ ਧਰਮੀਆਂ ਦੀਆਂ ਸ਼ਕਲਾਂ ਵੀ ਸਾਹਮਣੇ ਆਈਆਂ। ਜਿਸ ਦਾ ਸੱਭਿਅਕ ਸਮਾਜ ਵਿਚ ਕੋਈ ਅਰਥ ਨਹੀਂ। ਉਨ੍ਹਾਂ ਦੁੱਧ ਧੋਤੇ ਜਾਅਲ੍ਹੀ ਪੁੱਤਰਾਂ ਦੀਆਂ ਗੱਲਾਂ ਵੀ, ਜੋ ਪੁੱਤਰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੱਸਦੇ ਹਨ ਪਰ ਫ਼ਿਲਾਸਫ਼ੀ,ਵਿਚਾਰਧਾਰਾ,ਕਰਮ,ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ।
ਖ਼ੂਨ ਦਾ ਰਿਸ਼ਤਾ !
ਰੂਹ ਦਾ ਰਿਸ਼ਤਾ !
ਵਿਚਾਰਾਂ ਦਾ ਰਿਸ਼ਤਾ।
ਇਹਨਾਂ ‘ਚੋਂ ਕਿਸੇ ਇੱਕ ਨਾਲ ਵੀ ਗੁਰੂ ਸਾਹਿਬ ਨਾਲ ਦੂਰ ਦੂਰ ਤੱਕ ਸੰਬੰਧ ਨਹੀਂ।
ਖ਼ੂਨ ਦਾ ਰਿਸ਼ਤਾ ਦੂਰ ਦੀ ਗੱਲ,
ਵਿਚਾਰਾਂ ਅਤੇ ਰੂਹ ਦਾ ਰਿਸ਼ਤਾ ਹੀ ਬਣਾ ਲਈਏ,
ਬਹੁਤ ਵੱਡੀ ਗੱਲ।
ਰਜਾਈ ‘ਚ ਬੈਠਿਆਂ,ਧੂਣੀਂ ਸੇਕਦਿਆਂ,ਬੁੱਕਲਾਂ ਮਾਰਦਿਆਂ, ਇਕ ਵਾਰ ਜ਼ਰੂਰ ਸੋਚਿਓ !
ਸਾਡੇ ਗੁਰੂ,ਸਾਡੇ ਗੁਰੂ ਪੁੱਤਰ,ਗੁਰੂ ਪਿਤਾ,ਗੁਰੂ ਮਾਤਾ, ਕਿਸ ਮਿੱਟੀ ਦੇ ਬਣੇ ਸਨ !
ਇੱਕ ਵਾਰ ਸ਼ੋਭਾ ਸਿੰਘ ਦੇ ਗੁਰੂਆਂ ਦੇ ਬਣਾਏ, ਚਿੱਤਰਾਂ ‘ਚੋਂ ਬਾਹਰ ਨਿਕਲ ਕੇ ,ਪੋਹ ਦੇ ਮਹੀਨੇ ਦੀਆਂ ਤਸਵੀਰਾਂ ਸੰਗ, ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸਮੇਤ ਹਾਜ਼ਰ ਤਸੱਵੁਰ ਕਰਿਓ !
ਇੱਕ ਵਾਰ ਅੱਖ਼ਾਂ ਬੰਦ ਕਰ ਕੇ ਉਹਨਾਂ ਨੂੰ ਯਾਦ ਕਰਿਓ !
ਤੁਹਾਨੂੰ ਆਪਣੇ ਆਪ ‘ਤੇ ਮਾਣ ਮਹਿਸੂਸ ਹੋਵੇਗਾ ਅਤੇ ਮਨੁੱਖ ਜਾਤੀ ਪ੍ਰਤੀ ਧਰਮਾਂ,ਜਾਤਾਂ ਪਾਤਾਂ ਦੀ ਘਿਰਣਾ ਦੂਰ ਹੋ ਜਾਵੇਗੀ।
ਜਸਪਾਲ ਜੱਸੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly