(ਸਮਾਜ ਵੀਕਲੀ)
ਹਾਲ ਹੀ ਵਿਚ ਦਿੱਲੀ ਤੇ (ਐਨਸੀਆਰ) ‘ਚ ਪਟਾਕੇ ਚਲਾਉਣ ਤੇ ਵਿਕਰੀ ਤੇ ਲੱਗੀ ਪਾਬੰਦੀ ਦੇ ਬਾਵਜੂਦ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦੇਖਣ ਨੂੰ ਮਿਲਿਆ। ਜਿਸ ਕਾਰਨ ਆਸਮਾਨ ਵਿੱਚ ਮੋਟੀ ਧੂੰਏਂ ਦੀ ਪਰਤ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦੀਵਾਲੀ ਵਾਲੇ ਦਿਨ ਦਿੱਲੀ ਦਾ ਏਅਰ ਇੰਡੈਕਸ 382 ਸੀ, ਜਦੋਂ ਕਿ ਅਗਲੇ ਦਿਨ ਸ਼ੁੱਕਰਵਾਰ ਨੂੰ ਇਹ 425 ਤੋਂ ਵੱਧ ਰਿਕਾਰਡ ਕੀਤਾ ਗਿਆ। ਗੁਰੂਗ੍ਰਾਮ ਵਿਚ 472 ਦਰਜ ਕੀਤਾ ਗਿਆ। 400 ਤੋਂ ਵੱਧ ਹਵਾ ਗੁਣਵੱਤਾ ਇੰਡੈਕਸ ਨੂੰ ਮਾੜਾ ਗਿਣਿਆ ਜਾਂਦਾ ਹੈ।
ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀ ਪਟਾਕੇ ਚਲਾਉਣ ਤੇ ਪਾਬੰਦੀ ਸੀ। ਪ੍ਰਸ਼ਾਸ਼ਨ ਵੱਲੋਂ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਬਾਵਜੂਦ ਵੀ ਅੱਧੀ ਰਾਤ ਤੱਕ ਪਟਾਖੇ ਚਲਾਏ ਗਏ।ਪਟਾਕੇ ਚਲਾਉਣ ਤੇ ਕਈ ਕੇਸ ਵੀ ਦਰਜ ਕੀਤੇ ਗਏ ਹਨ। ਆਮ ਕਿਹਾ ਜਾਂਦਾ ਹੈ ਕਿ ਦੇਸ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਤਾਜ਼ਾ ਹਾਲਾਤਾਂ ਨੂੰ ਤਾਂ ਦੇਖ ਕੇ ਨਹੀਂ ਲੱਗ ਰਿਹਾ ਹੈ? ਲੋਕਾਂ ਨੇ ਪਟਾਕਿਆਂ ਦੀ ਇੰਨੀ ਖਰੀਦਦਾਰੀ ਕੀਤੀ ਕਿ ਅੱਧੀ ਰਾਤ ਤੱਕ ਖ਼ੂਬ ਪਟਾਕੇ ਚਲਾਏ। ਵਾਤਾਵਰਣ ਨੂੰ ਪੂਰਾ ਪਲੀਤ ਕੀਤਾ ਗਿਆ। ਸਾਹ ਲੈਣ ਲਈ ਲੋਕਾਂ ਨੂੰ ਬਹੁਤ ਤਕਲੀਫ ਹੋਈ। ਇਕ ਦੂਜੇ ਦੀ ਜ਼ਿੱਦ ਵਿੱਚ ਲੋਕਾਂ ਨੇ ਪਟਾਕੇ ਚਲਾਏ ।
ਕਈ ਜਗ੍ਹਾ ਤੇ ਅੱਗ ਲੱਗਣ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲਿਆ। ਜਾਨ ਮਾਲ ਦਾ ਵੀ ਨੁਕਸਾਨ ਹੋਇਆ। ਕਈਆਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਕਿਸੇ ਦਾ ਹੱਥ ਸੜ ਗਿਆ ਤੇ ਕਿਸੇ ਦਾ ਮੂੰਹ ਜਲ ਗਿਆ । ਪਰ ਜੋ ਦੇਸ਼ ਦੀ ਆਬੋ ਹਵਾ ਖਰਾਬ ਹੋਈ ਉਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।ਪ੍ਰਦੂਸ਼ਣ ਦੇ ਮਾਮਲਿਆਂ ਵਿੱਚ ਭਾਰਤ ਦੁਨੀਆਂ ਭਰ ਵਿੱਚ ਪਹਿਲੇ ਪੰਜ ਸਥਾਨਾਂ ਤੇ ਹੈ। ਪਿਛਲੇ ਕਈ ਸਾਲਾਂ ਤੋਂ ਸੁਨਣ ਨੂੰ ਆਮ ਆਉਂਦਾ ਹੈ ਕਿ ਦਿੱਲੀ ਸ਼ਹਿਰ ਦੀ ਹਵਾ ਲਗਾਤਾਰ ਖਰਾਬ ਹੋ ਰਹੀ ਹੈ। ਜਿਸ ਕਰਕੇ ਲੋਕ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜ਼ਬੂਰ ਹਨ। ਦੇਸ਼ ਭਰ ਵਿੱਚ ਹਵਾ ਪ੍ਰਦੂਸ਼ਣ ਕਾਰਨ ਹਰ ਰੋਜ਼ ਹਜ਼ਾਰਾਂ ਜਾਨਾਂ ਜਾ ਰਹੀਆਂ ਹਨ।
ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਖੇਤਾਂ ਵਿਚ ਪਰਾਲੀ ਜਲਾਉਣਾ, ਕਾਰਖਾਨਿਆਂ ਦੀਆਂ ਚੀਮਨਿਆਂ ਵਿਚੋਂ ਲਗਾਤਾਰ ਨਿਕਲਣ ਵਾਲਾ ਇਹ ਜਹਿਰੀਲਾ ਧੁੰਆਂ ਮਨੁੱਖੀ ਸਿਹਤ ਲਈ ਲਗਾਤਾਰ ਘਾਤਕ ਸਿੱਧ ਹੋ ਰਿਹਾ ਹੈ। ਅਕਸਰ ਕੂੜਾ ਜਲਾਉਣ ਦੀਆਂ ਖ਼ਬਰਾਂ ਵੀ ਅਸੀਂ ਆਮ ਸੁਣਦੇ ਹਨ। ਮਿਆਦ ਖਤਮ ਹੋ ਚੁੱਕੇ ਮੋਟਰ ਵਹੀਕਲਜ਼ ਵੀ ਸੜਕਾਂ ਤੇ ਆਮ ਦੌੜ ਰਹੇ ਹਨ। ਪ੍ਰਦੂਸ਼ਣ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਆਮ ਜਨਤਾ ਨੂੰ ਸਰਕਾਰਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ।
ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਠੋਸ ਯੋਜਨਾਵਾਂ ਉਲੀਕੀਆਂ ਜਾਣੀਆਂ ਚਾਹੀਦੀਆਂ ਹਨ। ਜੇ ਪ੍ਰਸ਼ਾਸ਼ਨ ਤੇ ਸਰਕਾਰਾਂ ਗੰਭੀਰ ਹੋਣਗੀਆਂ ਤਾਂ ਕਿਤੇ ਜਾ ਕੇ ਪ੍ਰਦੂਸ਼ਣ ਤੋਂ ਆਮ ਜਨਤਾ ਨੂੰ ਨਿਜ਼ਾਤ ਮਿਲ ਸਕੇਗੀ।
ਸੰਜੀਵ ਸਿੰਘ ਸੈਣੀ, ਮੋਹਾਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly