(ਸਮਾਜ ਵੀਕਲੀ)
1.
ਧੰਧੇ ਦੋ ਹੀ ਨੇ ਲਾਹੇਵੰਦ ਇੱਥੇ, ਲੀਡਰ ਬਣਜੋ, ਜਾਂ ਬਣਜੋ ਸਾਧ ਯਾਰੋ।
ਪੈਸੇ ਬੰਨ੍ਹ ਪੰਡਾਂ ਭੇਜੋ ਸਵਿਸ ਬੈਂਕ ਨੂੰ, ਕਰਨਾ ਕਿਸੇ ਨਾ ਇੱਥੇ ਇਤਰਾਜ਼ ਯਾਰੋ।
ਪੁਲਿਸ ਕਾਨੂੰਨ ਨੂੰ ਗੀਜੇ ਪਾਈ ਫਿਰੀਓ, ਕੋਈ ਵਾਅ ਵੱਲ੍ਹ ਥੋਡੀ ਨਹੀਂ ਝਾਕ ਸਕਦਾ;
ਚੋਰੀ ਮੋਰੀਆਂ ਚੋਂ ਬਚਕੇ ਨਿਕਲਜੋਂਗੇ, ਭਾਵੇਂ ਕਿੱਡਾ ਵੀ ਕਰ ਲਿਓ ਅਪਰਾਧ ਯਾਰੋ।
**********
2.
ਬੇਵਫ਼ਾ ਮਾਸ਼ੂਕਾ ਦੇ ਵਾਂਗ ਯਾਰੋ, ਲੀਡਰ ਦੇਸ਼ ਦੇ ਸਾਡੇ ਲਾਰੇਬਾਜ਼ ਹੋ ਗਏ।
ਪੰਡ ਲਾਰਿਆਂ ਦੀ ਲੋਕਾਂ ਸਿਰ ਧਰਕੇ, ਆਪ ਲੋਕਾਂ ਦੇ ਸਿਰਾਂ ਦਾ ਤਾਜ ਹੋ ਗਏ।
ਸਾਲ ਪੰਜ ਇਨ੍ਹਾਂ ਇੰਝ ਕੱਢ ਦੇਣੇ, ਪੁੱਤ ਲੱਕੜ ਦੇ ਦੇਈ ਜਾਣੇ ਸਾਰਿਆਂ ਨੂੰ;
ਵੋਟਾਂ ਆਉਣ ਨੇੜੇ, ਹੱਥ ਜੋੜਨਗੇ ਫਿਰ, ਪਤਾ ਲੱਗਾ ਜਦ ਲੋਕ ਨਾਰਾਜ਼ ਹੋ ਗਏ।
*******
3.
ਕਾਲ਼ੇ ਧਨ ਦੀ ਦਲਦਲ ਦੇ ਵਿੱਚ, ਖੁੱਭਿਆ ਪਿਆ ਹੈ ਸਾਡਾ ਲੀਡਰ।
ਫਿਰ ਵੀ ਪਾ ਕੇ ਚਿੱਟੇ ਕੱਪੜੇ, ਫਬਿਆ ਪਿਆ ਏ ਸਾਡਾ ਲੀਡਰ।
ਲੱਖਾਂ ਨਹੀਂ, ਕਰੋੜਾਂ ਵੀ ਨਹੀਂ, ਅਰਬਾਂ–ਖਰਬ ਰੁਪਈਏ ਖਾ ਕੇ;
ਫਿਰ ਵੀ ਭੁੱਖ ਵਿਖਾਈ ਜਾਂਦਾ, ਰੱਜਿਆ ਪਿਆ ਏ ਸਾਡਾ ਲੀਡਰ।
*********
4.
ਲਗਦੈ ਵੋਟਾਂ ਆਈਆਂ ਨੇੜੇ, ਤਾਹੀਓਂ ਲੀਡਰ ਮਾਰਨ ਗੇੜੇ,
ਸਾਰੇ ਭੁੱਲਕੇ ਝਗੜੇ ਝੇੜੇ, ਜਨਤਾ ਨੂੰ ਭਰਮਾਉਂਦੇ ਨੇ;
ਬਦਲ ਮਖੌਟਾ ਨਿਤਦਿਨ, ਸਭ ਨੂੰ ਜੱਫੀਆਂ ਪਾਉਂਦੇ ਨੇ।
ਹੋ ਬਦਲ ਮਖੌਟਾ ਜਨਤਾ ਨੂੰ ਜੀ ਜੱਫੀਆਂ ਪਾਉਂਦੇ ਨੇ।
ਪੈਸੇ ਵਾਂਗ ਰਿਉੜੀਆਂ ਵੰਡਤੇ, ਨਸ਼ਿਆਂ ਵਾਲ਼ੇ ਛੱਜ ਵੀ ਛੰਡਤੇ,
ਪਿਛਲੇ ਵਾਇਦੇ ਸਾਰੇ ਭੁਲਾਕੇ, ਲਾਰੇ ਨਵੇਂ ਜੇ ਲਾਉਂਦੇ ਨੇ;
ਬਦਲ ਮਖੌਟਾ ਨਿਤਦਿਨ, ਸਭ ਨੂੰ ਜੱਫੀਆਂ ਪਾਉਂਦੇ ਨੇ।
ਹੋ ਬਦਲ ਮਖੌਟਾ ਜਨਤਾ ਨੂੰ ਜੀ ਜੱਫੀਆਂ ਪਾਉਂਦੇ ਨੇ।
ਡਾ. ਸਵਾਮੀ ਸਰਬਜੀਤ
98884–01328
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly