ਕਵਿਤਾ ਕੁੰਭ ਮੇਲੇ ਵਿੱਚ ਜਦੋਂ ਕਵਿਤਾ ਦਾ ਹੜ੍ਹ ਆਇਆ!

ਬੁੱਧ ਸਿੰਘ ਨੀਲੋਂ  9464370823
(ਸਮਾਜ ਵੀਕਲੀ) ਇਸ ਸਾਲ ਪਰਾਗਯ ਦੇ ਮਹਾਂ ਕੁੰਭ ਦੀ ਚਰਚਾ ਬਹੁਤ ਹੋਈ। ਇਸ ਕੁੰਭ ਵਿੱਚ ਕਿੰਨਿਆਂ ਨੇ ਡੁੱਬਕੀ ਲਗਾਈ ਤੇ ਮੋਕਸ਼ ਪ੍ਰਾਪਤ ਕੀਤਾ। ਇਸ ਦੇ ਯੂਪੀ ਦੀ ਯੋਗੀ ਸਰਕਾਰ ਕੋਲ ਅੰਕੜੇ ਨਹੀਂ ਪਰ ਉਨ੍ਹਾਂ ਕੋਲ ਇਹ ਅੰਕੜੇ ਜ਼ਰੂਰ ਹਨ ਕਿ ਕੁੰਭ ਮੇਲੇ ਵਿੱਚ 64 ਕਰੋੜ ਸ਼ਰਧਾਲੂ ਪੁਜੇ ਹਨ। ਭਾਰਤੀ ਰੇਲਵੇ ਨੇ 16 ਹਜ਼ਾਰ ਸਪੈਸ਼ਲ ਰੇਲਗੱਡੀਆਂ ਚਲਾਈਆਂ।  ਕਿੰਨੇ ਥਾਵਾਂ ਤੇ ਭਗਦੜ ਮੱਚੀ ਇਸ ਦਾ ਵੀ ਕੋਈ ਠੋਸ ਪਤਾ ਨਹੀਂ। ਜੇਕਰ ਸੋਸ਼ਲ ਮੀਡੀਆ ਇਹ ਅੰਦਰਲੀ ਜਾਣਕਾਰੀ ਨਾ ਦਿਖਾਉਂਦਾ ਤਾਂ ਹੋ ਸਕਦਾ ਪਤਾ ਨਾ ਲੱਗਦਾ। ਆਪਾਂ ਕੁੰਭ ਮੇਲੇ ਉੱਤੇ ਤਾਂ ਜਾ ਨਹੀਂ ਸਕੇ ਪਰ ਲੁਧਿਆਣੇ ਵਿੱਚ ਹੋਏ ਕਵਿਤਾ ਕੁੰਭ ਵਿੱਚ ਪੰਜ ਇਸ਼ਨਾਨਾਂ ਜ਼ਰੂਰ ਕਰ ਆਏ। ਇੱਥੇ ਵੀ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਵੱਖ ਵੱਖ ਅਖਾੜਿਆਂ ਦੇ ਮਹਾਮੰਡਲੇਸ਼ਵਰ, ਨਾਂਗੇ ਸਾਧੂ, ਸਾਧਵੀਆਂ, ਦਰਸ਼ਕ, ਜੀਵਨ ਸਫ਼ਲ ਬਣਾਉਣ ਵਾਲਿਆਂ ਵਾਂਗ ਵੱਡੇ ਵੱਡੇ ਮਹਾਂਰਥੀ, ਵੱਡੇ ਵੱਡੇ ਕਵੀ ਤੇ ਆਲੋਚਕ ਪੁਜੇ ਸਨ। ਕਵੀਆਂ ਨੇ ਕਵਿਤਾ ਦਾ ਹੜ੍ਹ ਲਿਆਂਦਾ। ਗੀਤ, ਗ਼ਜ਼ਲ, ਕਵਿਤਾ ਤੇ ਨਜ਼ਮਾਂ ਪੜ੍ਹੀਆਂ ਗਈਆਂ। ਇਹਨਾਂ ਕਵਿਤਾਵਾਂ ਉਪਰ ਚੰਡੀਗੜ੍ਹ ਦੇ ਮੰਡਲੇਸ਼ਵਰ ਨੇ ਅੱਧਾ ਅਧੂਰਾ ਭਾਸ਼ਣ ਦਿੱਤਾ। ਕਵੀਆਂ ਨੂੰ ਦੁਪਹਿਰ ਦੇ ਲੰਗਰ ਤੋਂ ਇਲਾਵਾ ਸਨਮਾਨ ਕੀਤਾ ਤੇ ਸੇਵਾ ਫ਼ਲ ਚੰਡੀਗੜ੍ਹ ਦੇ ਸੋਲਾਂ ਸੈਕਟਰ ਦੇ ਅਖਾੜੇ ਵਲੋਂ ਦਿੱਤਾ ਗਿਆ। ਪੰਜਾਬੀ ਭਵਨ ਦੇ ਅੰਦਰ ਤੇ ਬਾਹਰ ਕਵੀਆਂ ਤੇ ਸਰੋਤਿਆਂ ਦੀ ਹਾਲਤ ਹੜ੍ਹ ਵਰਗੀ ਸੀ। ਕੋਈ ਮਿਲ ਰਿਹਾ ਸੀ ਤੇ ਕੋਈ ਵਿਛੜ ਰਿਹਾ ਸੀ। ਪ੍ਰਬੰਧਕ ਬਾਗ਼ੋਂ ਬਾਗ਼ ਸਨ। ਸ਼ਬਦ ਜੋਤ ਦੇ ਚਾਰ ਮੈਂਬਰਾਂ ਵਿਚੋਂ ਦੋ ਫ਼ਰਾਰ ਸਨ, ਉਹ ਕਿਉਂ ਫਰਾਰ ਹੋਏ ਇਸ ਦੀ ਖ਼ਬਰ ਨਹੀਂ ਪਰ ਚਰਚਾ ਜ਼ਰੂਰ ਸੀ। ਖ਼ੈਰ ਕਵਿਤਾ ਕੁੰਭ ਵਿੱਚ ਸਮੁੱਚੀ ਕਵਿਤਾ ਵਿਚੋਂ ਕੁੱਝ ਕਵਿਤਾਵਾਂ ਹੀ ਸਨ, ਜਿਹੜੀਆਂ ਮਾਨਵਵਾਦੀ ਵਿਚਾਰਧਾਰਾ ਨੂੰ ਪੇਸ਼ ਕਰਦੀਆਂ ਸਨ। ਬਹੁਗਿਣਤੀ ਕਵੀਆਂ ਨੇ ਰੋਮਾਂਟਿਕ ਕਵਿਤਾਵਾਂ ਪੇਸ਼ ਕੀਤੀਆਂ। ਕ੍ਰਾਂਤੀਕਾਰੀ ਕਵਿਤਾਵਾਂ ਦੀ ਘਾਟ ਰੜਕਦੀ ਰਹੀ। ਜਿਵੇਂ ਹੜ੍ਹ ਉਜਾੜਦਾ ਵੀ ਤੇ ਵਿਸਾਉਦਾ ਵੀ ਹੈ, ਇਹੋ ਜਿਹੇ ਹਾਲ ਕਵਿਤਾਵਾ ਦਾ ਸੀ।
ਪੰਜਾਬੀਆਂ ਨੂੰ ਕੁਦਰਤੀ ਤੇ ਸਰਕਾਰੀ ਹੜ੍ਹਾਂ ਨੇ ਬਹੁਤ ਦੁਖੀ ਕੀਤਾ ਹੋਇਆ ਐ। ਐਤਕੀਂ ਤਾਂ ਕੁਦਰਤੀ ਹੜ੍ਹ ਘੱਟ ਆਇਆ ਕਿਉਂਕਿ ਪੰਜਾਬ ਵਿਚ ਓਨਾ ਮੀਂਹ ਨਹੀਂ ਸੀ ਪਿਆ, ਜਿੰਨ੍ਹਾਂ ਹੜ੍ਹਾਂ ਦਾ ਪਾਣੀ ਆਇਆ ਸੀ। ਸਰਕਾਰੀ ਹੜ੍ਹਾਂ ਨੇ ਪੰਜਾਬ ਦੀਆਂ ਜੜ੍ਹਾਂ ਹਿਲਾਉਣ ਦੀ ਕੋਸ਼ਿਸ਼ ਕੀਤੀ ਪਰ ਧੰਨ ਹਨ ਪੰਜਾਬੀ ਜਿਹੜੇ ਉਜੜ ਕੇ ਵੱਸਦੇ ਹਨ। ਪੰਜਾਬੀ ਭੀੜ ਪਈ ਉੱਤੇ ਤਾਂ ਇਕੱਠੇ ਹੋ ਜਾਂਦੇ ਹਨ ਪਰ ਹੱਕਾਂ ਦੀ ਲੜਾਈ ਵੇਲੇ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਹੈ ? ਇਹਨਾਂ ਦੀ ਤਾਸੀਰ ਪਤਾ ਨਹੀਂ ਕਿਉਂ ਬਦਲ ਜਾਂਦੀ ਹੈ ? ਇਕ ਗੱਲ ਤਾਂ ਐ, ਇਹਨਾਂ ਨੂੰ ਬਾਬੇ ਨਾਨਕ ਜੀ ਦਾ ਥਾਪੜਾ ਐ। ਗੁਰੂ ਨਾਨਕ ਜੀ ਦੀਆਂ ਸਾਖੀਆਂ ਦੇ ਵਿੱਚ ਇਕ ਕਥਾ ਆਉਂਦੀ ਐ। ਇਕ ਵਾਰ ਗੁਰੂ ਸਾਹਿਬ ਤੇ ਭਾਈ ਮਰਦਾਨਾ ਉਦਾਸੀ ਉੱਤੇ ਸੀ, ਉਹ ਇਕ ਨਗਰ ਵਿੱਚ ਆ ਕੇ ਰੁਕੇ। ਉਹਨਾਂ ਨੇ ਉੱਥੇ ਜੁੜੀ ਸੰਗਤ ਨੂੰ ਭੋਜਨ  ਛਕਾਉਣ ਲਈ ਆਖਿਆ। ਉਹਨਾਂ ਨੇ ਭੋਜਨ ਤਾਂ ਕੀ ਛਕਾਉਣਾ ਸੀ, ਸਗੋਂ  ਬੋਲ ਕਬੋਲ ਵੀ ਬੋਲੇ। ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਤੇ ਆਖਿਆ, ‘ਭਾਈ ਵਸਦੇ ਰਹੋ।’
 ਉਹਨਾਂ ਨੇ ਅਗਲੇ ਸਫਰ ਨੂੰ ਚਾਲੇ ਪਾ ਦਿੱਤੇ । ਉਹ ਸਫਰ ਕਰਦੇ ਰਹੇ ਤਾਂ ਉਹ ਅਗਲੇ ਨਗਰ ਪੁਜੇ। ਉਹਨਾਂ ਨੇ ਉਥੇ ਠਹਿਰਣ ਲਈ ਕੋਈ ਟਿਕਾਣਾ ਪੁਛਿਆ । ਉਹ ਬਹਿ ਗਏ, ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ । ਸੰਗਤ ਜੁੜਣ ਲੱਗੀ । ਜਦੋਂ ਕੀਰਤਨ ਸੰਪੂਰਨ ਹੋਇਆ । ਤਾਂ ਸੰਗਤਾਂ ਅਸ਼ ਅਸ਼ ਕਰ ਉਠੀਆਂ । ਉਹਨਾਂ ਨੇ ਕਿਹਾ ਅਸੀਂ ਤੁਹਾਡੇ ਵਾਸਤੇ ਭੋਜਨ ਲੈ ਕੇ ਆਉਂਦੇ ਹਾਂ । ਸਭ ਆਪੋ ਆਪਣੇ ਘਰਾਂ ਵਿੱਚੋਂ ਕੁੱਝ ਨਾ ਕੁੱਝ ਲੈ ਕੇ ਆਏ। ਉਹਨਾਂ ਨੇ ਉਹ ਲੰਗਰ ਛਕਿਆ । ਬਾਕੀ ਵਾਪਸ ਕਰ ਦਿੱਤਾ । ਰਾਤ ਨੂੰ ਅਰਾਮ ਕੀਤਾ। ਸਵੇਰੇ ਫੇਰ ਕੀਰਤਨ ਕੀਤਾ । ਜਦੋਂ ਤੁਰਨ ਲੱਗੇ, ਤਾਂ ਗੁਰੂ ਸਾਹਿਬ ਜੀ ਨੇ ਆਖਿਆ, ‘ਭਾਈ ਉਜੜ ਜਾਓ।’
ਇਉਂ ਆਖ ਉਹ ਤੁਰ ਪਏ । ਉਹ ਤੁਰੇ ਜਾ ਰਹੇ ਸਨ, ਅਗਲੇ ਪੜਾਅ ਲਈ । ਤਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਸਵਾਲ ਪੁੱਛਣ ਦਾ ਮੌਕਾ ਮਿਲਿਆ ਤਾਂ ਉਹਨਾਂ ਕਿਹਾ ਕਿ, ਗੁਰੂ ਜੀ, ਜਿਹੜੇ ਤੁਹਾਨੂੰ ਬੁਰਾ ਭਲਾ ਕਹਿੰਦੇ ਸੀ, ਉਹਨਾਂ ਨੇ ਭੋਜਨ ਵੀ ਨਹੀਂ ਕਰਾਇਆ ਤੇ ਉਹਨਾਂ ਨੂੰ  ਤੁਸੀਂ ਕਿਹਾ, ‘ਤੁਸੀਂ ਵੱਸਦੇ ਰਹੋ ਪਰ ਜਿਹਨਾਂ ਨੇ ਤੁਹਾਡੀ ਐਨੀ ਖਿਦਮਤ ਕੀਤੀ, ਉਹਨਾਂ ਨੂੰ ਆਖਿਆ ਕਿ, ਉਜੜ ਜਾਓ। ਇਹ ਮਾਜਰਾ ਕੀ ਐ?’
ਗੁਰੂ ਸਾਹਿਬ ਜੀ ਕਹਿੰਦੇ, ਚੰਗੇ ਬੰਦੇ ਜਿੱਥੇ ਮਰਜ਼ੀ ਚਲੇ ਜਾਣ, ਉਹ ਆਪਣੀਆਂ ਜੜ੍ਹਾਂ ਲਗਾ ਲੈਂਦੇ ਹਨ । ਹੰਕਾਰੀ ਬੰਦੇ ਹਰ ਥਾਂ ਹੀ ਖਤਰਨਾਕ ਹਨ। ਇਸ ਲਈ ਜਿੱਥੇ ਵੀ ਹੋਣ ਉਥੇ ਹੀ ਰਹਿਣ। “
ਬਸ ਉਦੋਂ ਤੋਂ ਪੰਜਾਬ ਦੇ ਲੋਕ ਵਾਰ ਵਾਰ ਉਜੜ ਕੇ ਵਸਦੇ ਹਨ। ਕਦੇ ਕੁਦਰਤ ਤੇ ਕਦੇ ਹਕੂਮਤ ਉਹਨਾਂ ਨੂੰ ਉਜਾੜਦੀ ਐ।
ਹੜ੍ਹਾਂ ਦਾ ਪੰਜਾਬ ਦੇ ਨਾਲ ਗੂੜ੍ਹਾ ਸਬੰਧ ਹੈ । ਪੰਜਾਬੀ ਕਦੇ ਹੜ੍ਹਾਂ ਦੀ ਲਪੇਟ ਵਿੱਚ ਆਉਂਦੇ ਹਨ । ਕਦੇ ਆਪ ਹੀ ਹੜ੍ਹ ਬਣ ਜਾਂਦੇ ਹਨ । ਇਤਿਹਾਸ ਦੇ ਵਿੱਚ ਅਜਿਹੇ ਬਹੁਤ ਸਾਰੇ ਸਾਕੇ ਹਨ, ਜਦੋਂ ਪੰਜਾਬ ਨੇ ਕਦੇ ਸ਼ਾਂਤੀ ਦਾ ਹੜ੍ਹ ਵਗਾਇਆ। ਕਦੇ ਹੰਕਾਰ ਦੇ ਹੜ੍ਹ ਨੂੰ ਸੀਸ ਦੇ ਕੇ ਰੋਕਿਆ । ਪੰਜਵੇਂ ਗੁਰੂ ਜੀ ਨੂੰ ਸ਼ਾਂਤੀ ਦਾ ਪੁੰਜ ਇਸੇ ਕਰਕੇ ਆਖਿਆ ਜਾਂਦਾ ਹੈ ਕਿ ਉਹਨਾਂ ਨੇ ਸਮੇਂ ਦੀ ਹਕੂਮਤ ਦਾ ਆਉਂਦਾ ਹੰਕਾਰ ਦਾ ਹੜ੍ਹ ਸ਼ਾਂਤੀ ਨਾਲ ਤੱਤੀ ਤਵੀ ਉੱਤੇ ਬਹਿ ਕੇ ਰੋਕਿਆ । ਇਸੇ ਹੀ ਤਰ੍ਹਾਂ ਜਦੋਂ ਕਸ਼ਮੀਰ ਦੇ ਵਿੱਚ ਹਿੰਦੂਆਂ ਦੇ ਔਰੰਗਜ਼ੇਬ ਤਲਵਾਰ ਨਾਲ ਜੰਜੂ ਲਾਉਂਦਾ ਸੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਹਕੂਮਤ ਦੇ ਦਰਬਾਰ ਵਿੱਚ ਜਾ ਕੇ ਆਪਣੇ ਸਿੱਖਾਂ ਸਮੇਤ ਸੀਸ ਦਿੱਤਾ ।
ਹੁਣ ਦਿੱਲੀ ਸਿੱਖ ਕੌਮ ਨੂੰ ਖਤਮ ਕਰਨ ਲਈ ਨਵੀਆਂ ਸਕੀਮਾਂ ਲਿਆ ਰਹੀ ਐ। ਹੜ੍ਹ ਕੇਵਲ ਪਾਣੀਆਂ ਦਾ ਹੀ ਨਹੀਂ ਹੁੰਦਾ । ਇਸ ਹੜ੍ਹ ਦੇ ਬਹੁਤ ਸਾਰੇ ਨਾਮ ਹਨ। ਇਹ ਤਾਂ ਸਮਾਂ ਤੇ ਥਾਂ ਦੱਸਦਾ ਹੈ ਕਿਸ ਚੀਜ਼ ਦਾ ਹੜ੍ਹ ਬਣ ਜਾਣਾ, ਕਿਸ ਨੇ ਰੁੜ ਜਾਣਾ ਤੇ ਕਿਸ ਰੋੜ ਕੇ ਲੈ ਜਾਣਾ । ਇਸੇ ਕਰਕੇ ਕਹਿੰਦੇ ਹਨ ਕਿ ਵਕਤ ਕਿਸੇ ਦੇ ਪਿਓ ਦਾ ਨਹੀਂ,  ਇਹ ਕਦੋਂ ਬਦਲ ਜਾਵੇ, ਇਹ ਵੀ ਪਤਾ ਨਹੀਂ ਲੱਗਦਾ ਕਦੇ ਕਿਸੇ ਨੂੰ । ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ, ਇਸ ਵਿੱਚ ਬਹੁਤ ਸਾਰੀ ਜੁਆਨੀ ਰੁੜ੍ਹ ਰਹੀ ਹੈ।
ਮੇਰੇ ਕੋਲ ਬੈਠਾ ਮੁਰਲੀ ਬੋਲਿਆ, ਇਲਤੀ ਬਾਬਾ, ਸਾਖੀ ਤਾਂ ਕਵਿਤਾ ਦੇ ਹੜ੍ਹ ਦੀ ਸ਼ੁਰੂ ਕੀਤੀ ਸੀ ਤੇ ਵਿੱਚ ਆ ਉਜੜਨ ਤੇ ਵਸਦੇ ਰਹਿਣ ਵਾਲੀ ਕਥਾ ਹੀ ਸੁਣਾ ਗਿਆ ।”
‘ਮੁਰਲੀ ਤੈਨੂੰ ਨਹੀਂ ਪਤਾ ਕਿ ਇਹ ਵੀ ਕਵਿਤਾ ਦੇ ਹੜ੍ਹ ਦਾ ਹੀ ਇਕ ਹਿੱਸਾ ਹੈ । ਤੈਂ ਕਦੇ ਕਵੀ ਦਰਬਾਰ ਦੇਖਿਆ ਤੇ ਸੁਣਿਆ ਹੈ ?
“ਨਹੀਂ ਬਾਬਾ ਜੀ, ਮੈਂ ਤਾਂ ਨਹੀਂ ਸੁਣਿਆ? ਇਹ ਕਿੱਥੇ ਹੁੰਦਾ ਐ, ਕਦੇ ਆਪਣੇ ਨਗਰ ਖੇੜੇ ਤਾਂ ਹੋਇਆ ਨਹੀਂ ? ਇਹਨੂੰ ਸੁਣਦਾ ਕੌਣ ਐ ?”
ਮੁਰਲੀ ਨੇ ਇੱਕੋ ਹੀ ਸਾਹ ਮੇਰੇ ਮੂਹਰੇ ਸਵਾਲਾਂ ਦੀ ਵੱਡੀ ਪੰਡ ਖੋਲ੍ਹ ਦਿੱਤੀ ।
ਮੈਂ ਸੋਚਿਆ ਜੇ ਹੁਣ ਨਾ ਨੱਕਾ ਲਗਾਇਆ, ਸਵਾਲਾਂ ਦਾ ਹੜ੍ਹ ਆਇਆ ਹੀ ਸਮਝੋ।
” ਲੈ ਫਿਰ ਧਿਆਨ ਨਾਲ ਸੁਣ, ਇਹ ਕਵੀ ਦਰਬਾਰ, ਪਹਾੜਾਂ ਵਿੱਚ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਹੁੰਦਾ ਹੈ । ਕਦੇ ਕਦੇ ਕਿਸੇ ਵੱਡੇ ਸ਼ਹਿਰ ਵਿਚ ਕਵਿਤਾ ਦੀ ਲਗਾਤਾਰ ਝੜੀ ਲੱਗਦੀ ਹੈ । ਜਿਵੇਂ ਅੱਸੂ ਦਾ ਬਲੀਆ ਲੱਗਦਾ ਹੁੰਦਾ, ਜਾਂ ਫਿਰ ਸਾਉਣ ਦੀ ਝੜੀ ।”
ਮੁਰਲੀ ਸਾਉਣ ਦੀ ਝੜੀ ਦੀ ਗੱਲ ਸੁਣ ਕੇ ਪੱਬਾਂ ਭਾਰ ਹੋ ਗਿਆ । ਅਸਲ ਵਿੱਚ ਉਹਦਾ ਨੱਚਣ ਟੱਪਣ ਨੂੰ ਦਿਲ ਕਰਦਾ ਸੀ। ਪਰ ਮੇਰੀ ਘੂਰੀ ਨੇ ਉਸਨੂੰ ਫੇਰ ਬਹਾ ਦਿੱਤਾ ।
‘ਮੁਰਲੀ ਇਹਨਾਂ ਨੂੰ ਬਹੁਤ ਵਾਰ ਆਪਣੀ ਕਵਿਤਾ ਆਪ ਹੀ ਪੜ੍ਹ ਕੇ ਆਪ ਹੀ ਸੁਣਨੀ ਪੈਂਦੀ । ਕਿਉਂਕਿ ਜਿਹੜੀ ਮੁੰਡੀਰ ਨੂੰ ਇਹ ਆਪਣੀਆਂ ਕਵਿਤਾਵਾਂ ਸੁਣਾਉਂਦੇ ਹਨ, ਉਹਨਾਂ ਦੀ ਤਾਂ ਬਿਰਤੀ ਕਿਸੇ ਹੋਰ ਪਾਸੇ ਲੱਗੀ ਹੁੰਦੀ ਹੈ । ਉਹਨਾਂ ਦਾ ਤਾਂ ਧਿਆਨ ਮੋਬਾਇਲ ਦੀ ਸਕਰੀਨ ਉੱਤੇ ਹੁੰਦਾ ਹੈ । ਜਦੋਂ ਕਿਸੇ ਨੇ ਤਾੜੀਆਂ ਮਾਰੀਆਂ, ਇਹ ਇਕ ਦੂਜੇ ਵੱਲ ਦੇਖਦੇ ਤਾੜੀਆਂ ਮਾਰਦੇ ਹਨ ।
ਹਾਂ, ਬਹੁਤੇ ਕਵੀ ਆਪਣਾ ਮੀਂਹ ਪਾ ਕੇ ਤੁਰ ਜਾਂਦੇ ਹਨ । ਕਈ ਵਾਰ ਕਵਿਤਾ ਦੇ ਹੜ੍ਹ ਵੇਲੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੀ ਰਹਿ ਜਾਂਦੇ ਹਨ।
ਖੈਰ ਹੁਣ ਸਰਕਾਰੀ ਕਵੀ ਦਰਬਾਰਾਂ ਦਾ ਸਾਰੇ ਪੰਜਾਬ ਦੇ ਵਿੱਚ ਹੜ੍ਹ ਆਵੇਗਾ। ਇਸ ਹੜ੍ਹ ਦੇ ਵਿੱਚ ਬਹੁਤ ਸਾਰੇ ਕਵੀ ਤੇ ਕਵਿਤਰੀਆਂ ਰੁੜ ਤੇ ਜੁੜਨਗੇ ।
” ਨਾ, ਆ ਸ਼ਹਿਰਾਂ ਵਿੱਚ ਹੀ ਇਹ ਕਵਿਤਾਵਾਂ ਦਾ ਹੜ੍ਹ ਕਿਉਂ ਆਉਂਦਾ ਹੈ ?
 ਮੁਰਲੀ ਨੇ ਫੇਰ ਸਵਾਲ ਇਉਂ ਕੀਤਾ ਜਿਵੇਂ ਕੱਛ ਵਿਚੋਂ ਮੂੰਗਲੀ ਕੱਢੀ ਦੀ ਐ।
ਹੁਣ ਮੁਰਲੀ ਨੂੰ ਮੈਂ ਕੀ ਦੱਸਾਂ ਕਿ ਨਵੰਬਰ ਮਹੀਨੇ ਪੰਜਾਬੀ ਇਕ ਵਾਰ ਫੇਰ ਉਜੜੇ ਸੀ। ਹੁਣ ਉਹ ਕਹੇਗਾ ਪਹਿਲਾਂ ਕਦੋਂ ਉਜੜੇ ਸੀ ? ਮੈਂ ਸਾਖੀ ਹੀ ਸੰਤਾਲੀ ਦੀ ਵੰਡ ਤੋਂ ਸ਼ੁਰੂ ਕਰ ਲਈ । ਮੁਰਲੀ ਪੰਜਾਬੀ ਇਕ ਵਾਰ ਤਾਂ ਅੰਗਰੇਜ਼ਾਂ ਨੇ ਸੰਤਾਲੀ ਵਿੱਚ ਉਜਾੜੇ, ਫੇਰ ਨਵੰਬਰ ਛਿਆਹਟ ਵਿੱਚ ਸਿਆਸੀ ਪਾਰਟੀਆਂ ਤੇ ਆਪਣਿਆਂ ਨੇ ਉਜਾੜੇ । ਫੇਰ ਉਨੀਂ ਸੌ ਚੁਰਾਸੀ ਵਿੱਚ ਉਨ੍ਹਾਂ ਨੂੰ ਦੇਸ਼ ਵਿੱਚੋ ਉਜਾੜਿਆ। ਹੁਣ ਤਿੰਨ ਦਹਾਕਿਆਂ ਤੋਂ ਪੰਜਾਬੀ ਆਪਣੇ ਆਪ ਉਜੜ ਰਹੇ ਹਨ। ਪਿੰਡਾਂ ਦੇ ਪਿੰਡ ਪੰਜਾਬੀਆਂ ਕੰਨੀਓ ਖਾਲੀ ਹੋ ਰਹੇ ਹਨ।
ਪੰਜਾਬੀਆਂ ਦੇ ਕਿੰਨੀ ਵਾਰ ਟੋਟੇ ਹੋਏ ਤੇ ਵਸੇ । ਇਹ ਲੰਮੀ ਸਾਖੀ ਹੈ, ਆਪਾਂ ਤਾਂ ਕਵਿਤਾ ਦੇ ਹੜ੍ਹ ਦੇ ਨਾਲ ਹੋਏ ਫਾਇਦੇ ਤੇ ਨੁਕਸਾਨ ਦੀ ਗੱਲ ਕਰਦੇ ਆ। ਇਹ ਇਤਿਹਾਸਕ ਤੱਥ ਹਨ। ਜੇ ਕੋਈ ਗਲਤ ਲਿਖਿਆ ਗਿਆ । ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ। ਨਾਲੇ ਤੈਨੂੰ ਪਤਾ ਹੀ ਐ ਕਿ ਸਾਡੀਆਂ ਭਾਵਨਾਵਾਂ ਕਿੰਨੀਆਂ ਕਮਜ਼ੋਰ ਹੋ ਗਈਆਂ ਹਨ । ਇਹਨਾਂ ਨੂੰ ਹੁਣ ਠੇਸ ਬਹੁਤ ਛੇਤੀ ਪੁੱਜਦੀ ਹੈ । ਪੰਜਾਬੀਆਂ ਦੀਆਂ ਭਾਵਨਾਵਾਂ ਭੜਕਾਉਣ ਲਈ ਸਿਆਸੀ ਆਗੂਆਂ ਤੇ ਹਕੂਮਤ ਦਾ ਹੱਥ ਹੁੰਦਾ ਹੈ। ਹੁਣ ਫੇਰ ਪੰਜਾਬ ਦੀ ਹੋਂਦ ਤੇ ਹਸਤੀ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ। ਪੰਜਾਬੀ ਸਿਰਹਾਣੇ ਥੱਲੇ ਬਾਂਹ ਰੱਖ ਕੇ ਸੁੱਤੇ ਪਏ ਹਨ। ਹੁਣ ਸਾਡੇ ਕਵੀਆਂ ਤੇ ਸਰਕਾਰ ਦੇ ਅਫਸਰਾਂ ਦੀਆਂ ਵੀ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ ਕਿ ਨਹੀਂ ?
ਇਹ ਕਹਿਣਗੇ ਕਵੀ ਦਰਬਾਰ ਅਸੀਂ ਕਰਵਾਇਆ ਹੈ । ਕਵੀ ਅਸੀਂ ਆਪਣੇ ਸੱਦੇ ਆ। ਤੇਰਾ ਕਿਉਂ ਢਿੱਡ ਦੁਖਦਾ ਐ ?
ਮੁਰਲੀ ਕਹਿਣ ਲੱਗਾ, ਗੱਲ ਤਾਂ ਬਾਬਾ ਤੇਰੀ ਸਹੀ ਐ, ਮੈਨੂੰ ਐ ਦੱਸੀ ਭਲਾ ਤੇਰਾ ਕਿਉਂ ਢਿੱਡ ਦੁੱਖਦਾ ਐ?
ਮੁਰਲੀ ਦਾ ਸਵਾਲ ਮੇਰੇ ਕੰਨਾਂ ਵਿੱਚ ਐ ਵੱਜਿਆ ਜਿਵੇਂ ਬੇਬੇ ਚਪੇੜ ਮਾਰਦੀ ਹੁੰਦੀ ਸੀ।
ਮੁਰਲੀ ਦੀ ਗੱਲ ਸੁਣ ਕੇ ਮੈਂ ਜ਼ੋਰ ਨਾਲ ਹੱਸਿਆ । ਤਾਂ ਮੁਰਲੀ ਡਰ ਗਿਆ ।
ਕਹਿਣ ਲੱਗਾ,  ਕੀ ਹੋਇਆ ਬਾਬਾ ਤੈਨੂੰ, ਮੈਂ ਤਾਂ ਡਰ ਹੀ ਗਿਆ ਸੀ ।
ਮੈਂ ਕਿਹਾ ਆਪਾਂ ਵੀ ਆਪਣੇ ਪਿੰਡ ਕਵਿਤਾ ਦਾ ਹੜ੍ਹ ਲਿਆਵਾਂਗੇ । ਇਹਨਾਂ ਨੂੰ ਦੱਸਾਂਗੇ, ਬਰਸਾਤ ਦੀ ਲੋੜ ਸਮੁੰਦਰ ਨੂੰ ਨਹੀਂ, ਮਾਰੂਥਲ ਨੂੰ ਹੁੰਦੀ ਹੈ । ਪਿੰਡਾਂ ਦੇ ਵਿੱਚ ਤਾਂ ਪਾਣੀ ਦਾ ਕੀ, ਹੰਝੂਆਂ ਦਾ ਵੀ ਸੋਕਾ ਪੈਣ ਲੱਗਾ ਹੈ। ਕਵਿਤਾ ਦੀ ਲੋੜ ਆਮ ਲੋਕਾਂ ਨੂੰ ਐ। ਉਹਨਾਂ ਨੂੰ ਨਹੀਂ, ਜਿਹਨਾਂ ਨੂੰ ਪਤਾ ਹੀ ਨਹੀਂ, ਕਵਿਤਾ ਕੀ ਹੁੰਦੀ ਹੈ?
ਮੈਂ ਆਪ ਮੁਹਾਰੇ ਹੀ ਬੋਲੀ ਜਾ ਰਿਹਾ ਸੀ ਜਿਵੇਂ ਪਾਣੀ ਦੇ ਹੜ੍ਹ ਵਿੱਚ ਸਮਾਨ ਤੇ ਲੋਕ ਆਪ ਮੁਹਾਰੇ ਹੀ ਰੁੜੇ ਜਾਂਦੇ ਹਨ । ਮੈਂ ਇਕ ਰੁੱਖ ਦੇ ਨਾਲ ਆਸਰਾ ਲੈ ਕੇ ਖੜ ਜਾਂਦਾ ਆਂ। ਮੁਰਲੀ ਯੂਨੀਵਰਸਿਟੀ ਦੇ ਵਿੱਚ ਰੈਲੀ ਨੂੰ ਭਾਸ਼ਣ ਦੇਣ ਗਿਆ ਹੈ । ਤੁਸੀਂ ਵੀ ਹੁਣ ਜਾਵੋ । ਤੁਸੀਂ ਨਾ ਕਿਤੇ ਕਵਿਤਾ ਦੇ ਹੜ੍ਹ ਵਿੱਚ ਰੁੜ ਨਾ ਜਾਇਓ। ਨਵੇਂ ਕਵੀਆਂ ਨੂੰ ਪਾਠਕ ਬਣਨ ਦੀ ਲੋੜ ਹੈ। ਲਿਖਿਆ ਤਾਂ ਪਹਿਲਾਂ ਹੀ ਬਹੁਤ ਗਿਆ ਹੈ। ਲਿਖ਼ਣ ਤੋਂ ਪਾਠਕ ਬਣੋ। ਗਾਉਣ ਤੋਂ ਪਹਿਲਾਂ ਸਰੋਤਾ ਬਣਨਾ ਪੈਂਦਾ ਹੈ। ਤਾਂ ਹੀ ਕੁੱਝ ਸਿੱਖਿਆ ਜਾ ਸਕਦਾ ਹੈ ਪਰ ਇਥੇ ਸਿੱਖਣ ਵਾਲੇ ਘੱਟ ਤੇ ਸਿਖਾਉਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਤੁਹਾਡਾ ਕੀ ਵਿਚਾਰ ਐ ? ਜਰੂਰ ਵਿਚਾਰ ਦਿਉ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਹੁਜਨ ਮੁਕਤੀ ਪਾਰਟੀ ਦੇ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਵੈਦ ਰਾਮ ਦਾਸ ਨਾਇਕ ਦੀ ਚੋਣ ਪ੍ਰਕਿਰਿਆ ਵਿੱਚ ਸਿਕੰਦਰ ਸਿੰਘ ਸਿੱਧੂ ਜਨਰਲ ਸਕੱਤਰ ਪੰਜਾਬ ਹਾਜ਼ਰ ਹੋਏ ।
Next articleਐੱਸ ਡੀ ਕਾਲਜ ਫਾਰ ਵੂਮੈਨ ‘ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ