ਕਵਿਤਾ /  ਧੋਖੇ ਤੇ ਧੋਖਾ

(ਸਮਾਜ ਵੀਕਲੀ)

ਮਿਲੀ ਮੈਨੂੰ ਮਹੀਨਿਆਂ ਪਿੱਛੋਂ ਜਦ,ਮਿਲੀ ਅਜਨਬੀ ਬਣਕੇ,
ਲਾਲ ਚੂੜਾ ਉਸ ਪਾਇਆ ਹੋਇਆ ਸੀ।
ਉੱਤੋਂ ਉੱਤੋਂ ਹੱਸਿਆ ਸੀ,ਖੁੱਲ੍ਹ ਨਾਲ ਉਸਦੇ,
ਬੈਠ ਬਾਅਦ ਵਿਚ ਇੱਕਲਾ,
ਕਿਸਮਤ ਆਪਣੀ ਤੇ ਵੀ ਰੋਇਆ ਸੀ।

ਧੋਖੇ ਤੇ ਧੋਖਾ ਸੁਣ ਸੰਗਰੂਰਵੀ,
ਮਿਲਦਾ ਰਿਹਾ ਚੋਖਾ,
ਜੀਣਾ ਲੱਗੇ ਔਖ਼ਾ,
ਮੌਤ ਨੂੰ ਉਡੀਕ ਦੇ।
ਹੁਣ ਕੀ ਫ਼ਾਇਦਾ,ਗੌਗਲੂਆਂ ਤੋਂ,
ਮਿੱਟੀ ਝਾੜ੍ਹਨ ਦਾ,
ਛੱਡਿਆ ਨਾ ਹੀਲਾ ਕੋਈ,
ਸਾਨੂੰ ਉਜਾੜ੍ਹਨ ਦਾ,
ਛੱਡਿਆ ਨਾ ਮੌਕਾ ਕੋਈ,
ਜਿਉਂਦੇ ਜੀ ਸਾੜ੍ਹਨ ਦਾ,
ਕਰਾ ਕੇ ਕਤਲ ਆਪਣਾ,
ਨਾ ਅਸੀਂ ਕਦੇ ਚੀਕ ਦੇ।

ਕੀ ਕਹਾਂ ਨੈਣਾਂ ਦੇ ਨੂਰ,
ਆ ਕੇ ਵਿੱਚ ਗ਼ਰੂਰ,
ਰਹੇ ਸਾਥੋਂ ਸਦਾ ਦੂਰ,
ਜਦ ਨੈਣਾਂ ਵਿੱਚ ਜੋਤ ਰਹੀ।
ਹੁਣ ਮੌਕਾ ਕੋਲ ਆਉਣ ਦਾ,
ਆ ਪਿਆਰ ਜਿਤਾਉਣ ਦਾ,
ਜਦ ਜੋਤ ਨੈਣੀਂ ਨਾ ਰਹੀ,
ਪਲ ਪਲ ਕਰੀਬ ਆ ਮੌਤ ਰਹੀ।

ਲੱਗਿਆ ਨਾ ਪਤਾ ਅੱਜ ਤੱਕ ਮੈਨੂੰ,
ਮੇਰੇ ਵੱਲੋਂ ਕੀਤੀ ਕਿਸੇ ਗੁਸਤਾਖ਼ੀ ਦਾ।
ਦੱਸ ਦਿੰਦੇ ਤਾਂ ਭਲਾ ਹੋਣਾ ਸੀ,
ਬਣ ਜਾਂਦਾ ਹੱਕਦਾਰ ਮੈਂ ਵੀ ਮਾਫ਼ੀ ਦਾ।

ਬਿਨਾਂ ਕਸੂਰੋਂ, ਦੂਰੋਂ ਦੂਰੋਂ,ਉਹ ਮੈਨੂੰ,
ਕਿਸ ਗੱਲੋਂ ਘੂਰਨ ਮੈਨੂੰ ਖੜ੍ਹਕੇ।
ਉਡੀਕਦੇ ਅਸੀਂ ਏਨਾ ਸੜ੍ਹ ਜਾਂਦੇ,
ਜਦ ਆਉਂਦੇ ਉਹ ਕਾਲਜੋਂ ਪੜ੍ਹਕੇ।

ਰੰਗ ਆਪਣੇ ਦੀ ਕੀਤੀ ਨਾ,
ਕਦੇ ਕੀਤੀ ਨਾ ਪ੍ਰਵਾਹ,
ਬੇਸ਼ੱਕ ਹੋਇਆ ਰੰਗ ਕਾਲਾ,
ਰੰਗ ਕਾਲਾ ਧੁੱਪੇ ਸੜ੍ਹਕੇ।
ਮਿਲਿਆ ਇਨਾਮ ਮਿਲਿਆ,
ਮੁਹਬੱਤ ਚ ਇਹ ਸਾਨੂੰ,
ਲੰਘਣ ਜਦੋਂ ਵੀ ਲੰਘਣ,
ਦੋਸ਼ ਸਿਰ ਮੱਥੇ ਮੇਰੇ ਮੜ੍ਹਕੇ।

ਉਮਰ ਲੰਘ ਗਈ ਸਾਰੀ,
ਨਾਲ ਪੱਤਝੜਾਂ ਲੜ੍ਹਦਿਆਂ।
ਸ਼ਾਇਦ ਸੰਗ ਆਵੇ ਬਹਾਰ ਨੂੰ,
ਮੇਰੇ ਕੋਲ ਕੋਲ ਖੜ੍ਹਦਿਆਂ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਚਲੋ ਪੰਜਾਬ ਬਚਾਵਣ ਚਲੀਏ
Next articleਸ਼ੁਭ ਸਵੇਰ ਦੋਸਤੋ,