ਕਵਿਤਾ

ਬਲਜਿੰਦਰ "ਬਾਲੀ ਰੇਤਗੜ੍ਹ"

(ਸਮਾਜ ਵੀਕਲੀ)

ਬਾਰਿਸ਼ ਦਾ ਮੁੜ-ਮੁੜ ਵਰਸਣਾ
ਬੱਦਲਾਂ ਦੇ ਛਾਅ ਕਾਲੇ ਝੁੰਡ
ਕਦੇ ਕਦੇ ਰਿਮ-ਝਿਮ
ਫਿਰ ਛਰਾਟੇ ਜ਼ੋਰਾ-ਜ਼ੋਰੀ
ਹਵਾਵਾਂ ਦੇ ਸਿੱਲ੍ਹੇ-ਸਿੱਲ੍ਹੇ
ਬੁੱਲ੍ਹਿਆਂ ਦਾ ਅਹਿਸਾਸ !
ਅੰਦਰੋਂ ਨਿਕਲਦੀਆਂ ਹਾਵਾਂ !
ਮੱਲੋ-ਮੱਲ੍ਹੀ ਗਲ ਭਰ ਆਉਣਾ !
ਅੱਖੀਆਂ ਦਾ ਛਲ਼ਕਣਾ ਬਣ ਕੇ ਸਾਗਰ
ਤੂਫ਼ਾਨੀ ਛੱਲਾਂ ਨੂੰ ਪੂੰਝਣਾ
ਪੋਟਿਆਂ ਨੇ ਵਾਰ-ਵਾਰ
ਪਲਕਾਂ ਤੇ ਅਸ਼ਕ ਦੇ ਮੋਤੀ
ਅੱਖੀਆਂ ਤੇ ਛਿਪਦੇ ਵਰਗੀ ਸੋਜ਼ਿਸ਼ ਦੀ ਲਾਲੀ
ਖਿਆਲ਼ਾ “ਚ ,ਯਾਦਾਂ ‘ਚ ਗਵਾਚ ਜਾਣਾ,
ਛਿਪਦੇ ਦੇ ਸੂਰਜ ਵਾਂਗੂੰ !
ਤੇਰੀ ਸਹੁੰ !!
ਇਹ ਦ੍ਰਿਸ਼ ਤੜਫਦੇ ਦਿਲ ਨੂੰ ਸਕੂਨ ਦਿੰਦੈ !!
“ਰੇਤਗੜ੍ਹ” ਤੱਪਦੇ ਕੱਕੇ ਟਿੱਬਿਆਂ ਦੇ ਰੇਤ ਨੂੰ

ਚੰਗੇ ਨਸੀਬ ਉਕਰੇ ਨੇ ਮੇਰੇ !!
ਵਿਉ-ਮਾਤਾ ਭਾਗਾਂ-ਵਾਲਿਆਂ ਨੂੰ
ਬਖਸ਼ਦੀ ਏ ਆਪਣਾ ਪਿਆਰ “ਬਾਲੀ” !!!
ਤੇਰਾ ਸ਼ੁਕਰਾਨਾ ਮੇਰੇ ਦਿਲਵਰ
ਤੈਨੂੰ ਮੇਰੀ ਜ਼ਿੰਦਗ਼ੀ ਦੇ ਮੰਚ ਤੇ
ਇਕ ਅਹਿਮ ਅਦਾ ਨਿਭਾਉਣ ਦਾ ਮਿਲਿਐ
ਬੜਾ ਵੱਡਾ ਕਿਰਦਾਰ !!!
ਸ਼ਾਲਾ !ਇਹ ਬਰਸਾਤਾਂ ਇਵੇਂ
ਵਰਸਦੀਆਂ ਰਹਿਣ ਦਿਨ-ਰਾਤ !
ਯਾਦਾਂ ਦੇ ਬੱਦਲ ਮੰਡਰਾਉਂਦੇ ਰਹਿਣ
ਪਲਕਾਂ ਤੋਂ ਹੁੰਦੀ ਰਹੇ ਕਿਣਮਿਣ !!
ਰੁੱਤ ਸਾਵਣ ਦੀ ਬਣ ਬਣ
ਆਉਂਦੀ ਰਹੇ ਤੇਰੀ ਯਾਦ
ਪੀੜ ਹਰੀ ਰਹੇ ਕਚਨਾਰ ਜਿਓ
ਔੜਾਂ ਮਾਰੇ ਦਿਲ ਦੇ ਰੇਗਸਤਾਨ “ਚ !!

ਬਲਜਿੰਦਰ ਬਾਲੀ ਰੇਤਗੜ੍ਹ
94651-29168

Previous articleपंजाब में नेतृत्व परिवर्तन : कुछ सोच-विचार
Next articleਗਜ਼ਲ਼