(ਸਮਾਜ ਵੀਕਲੀ)
ਪੰਜਾਬ ਦੇ ਘਰ-ਘਰ ਵਿੱਚ ਵੇਖੇਓ ਹੁਣ ਵੱਜਣਗੇ ਗੇੜੇ,
ਆਗੇ ਵੋਟਾਂ ਦੇ ਦਿਨ ਨੇੜੇ ਹਾਣੀਓ ਵੋਟਾਂ ਦੇ ਦਿਨ ਨੇੜੇ।
ਦੁਖੀਆਂ ਦੇ ਦਰਦੀ ਬਣਕੇ ਦੁੱਖ ਉਹਨਾਂ ਦੇ ਕੱਟਣਗੇ,
ਜਿੰਨ੍ਹਾਂ ਤੋਂ ਸੀ ਅਲਕਤ ਮੰਨਦੇ ਮੂੰਹ ਉਹਨਾਂ ਦਾ ਚੱਟਣਗੇ,
ਗਧੇ ਨੂੰ ਬਾਪ ਬਣਾਉਣ ਲਈ ਵੇਲਣਗੇ ਪਾਪੜ-ਪੇੜੇ,
ਆਗੇ ਵੋਟਾਂ ਦੇ ਦਿਨ ਨੇੜੇ ਹਾਣੀਓ ਵੋਟਾਂ ਦੇ ਦਿਨ ਨੇੜੇ।
ਘਰ-ਘਰ ਦੇਣੀ ਨੌਕਰੀ ਦੇਣੀ ਕਿਸਾਨਾਂ ਨੂੰ ਛੋਟ ਵੀ ਓਏ,
ਮੋੜਾਂ ‘ਤੇ ਹੁੰਦੀ ਵੇਖੀਂ ਸਪਲਾਈ ਬੋਤਲਾਂ ਦੇ ਨਾਲ ਨੋਟ ਵੀ ਓਏ,
ਆਉਣਾ-ਜਾਣਾ ਬਣਿਆ ਰਹੂਗਾ ਆ ਦਿਨਾਂ ਵਿੱਚ ਵਿਹੜੇ,
ਆਗੇ ਵੋਟਾਂ ਦੇ ਦਿਨ ਨੇੜੇ ਹਾਣੀਓ ਵੋਟਾਂ ਦੇ ਦਿਨ ਨੇੜੇ।
ਇਹਨਾਂ ਆਪੋ ਵਿੱਚ ਕਰ ਲੈਣੀਆਂ ਦੋ ਤੇਰੀਆਂ ਦੋ ਮੇਰੀਆਂ,
ਐਲਾਨਾਂ ਵਾਲੀਆਂ ਤਾਂ ਵੇਖੇਓ ਕਿਵੇਂ ਆਉਣਗੀਆਂ ਨ੍ਹੇਰੀਆਂ,
ਵਿੱਚ ਲਾਲਚ ਦੇ ਆ ਕੇ ਕਿਤੇ ਬਿਠਾ ਨਾ ਬੇਠੇਓ ਘਨੇੜੇ,
ਆਗੇ ਵੋਟਾਂ ਦੇ ਦਿਨ ਨੇੜੇ ਹਾਣੀਓ ਵੋਟਾਂ ਦੇ ਦਿਨ ਨੇੜੇ।
ਸੌ-ਸੌ ਘੜ੍ਹਣਗੇ ਬੈਠ ਸਕੀਮਾਂ ਕਿਰਾਂ ਆਪਣੀ ਝੰਡੀ ਹੋਜੇ,
ਲਾਗੀਆਂ ਨੇ ਤਾਂ ਲਾਗ ਲੈ ਲੈਣੇ ਭਾਵੇਂ ਜਾਂਦੀ ਰੰਡੀ ਹੋਜੇ,
ਬੇਰੁਜਗਾਰਾਂ ਨੂੰ ਰੁਜਗਾਰ ਨ੍ਹੀਂ ਮਿਲੇ ਥਾਂ-ਥਾਂ ਮਿਲੇ ਲਪੇੜੇ,
ਆਗੇ ਵੋਟਾਂ ਦੇ ਦਿਨ ਨੇੜੇ ਹਾਣੀਓ ਵੋਟਾਂ ਦੇ ਦਿਨ ਨੇੜੇ।
ਕਈ ਭੰਡੀ ਕਰਨਗੇ ਇੱਕ-ਦੂਜੇ ਦੀ ਕਈ ਕਰਨਗੇ ਸਿਫਤਾਂ,
ਲੰਘਦੇ ਸੀ ਜੋ ਮੁੱਛਾਂ ਚਾੜ੍ਹ ਕੇ ਹੱਥ ਜੋੜ ਕਰਨਗੇ ਮਿੰਨਤਾਂ,
ਵੋਟਾਂ ਮਗਰੋਂ ਦਿਸਣੇ ਨ੍ਹੀਂ ਇਹ ਕਿਸੇ ਨੂੰ ਵੀ ਨੇੜੇ-ਤੇੜੇ,
ਆਗੇ ਵੋਟਾਂ ਦੇ ਦਿਨ ਨੇੜੇ ਹਾਣੀਓ ਵੋਟਾਂ ਦੇ ਦਿਨ ਨੇੜੇ।
‘ਕੱਲਾ-‘ਕੱਲਾ ਮੰਗੇਓ ਜਵਾਬ ਪਰ ਸ਼ਾਂਤ ਵੀ ਤਾਸੀਰਾਂ ਰੱਖੇਓ,
ਵਿਕਜੂ ਪੰਜਾਬ ਸੱਚ ਕਹੇ ਸਿਮਰਨ ਸਾਂਭ ਕੇ ਜਮੀਰਾਂ ਰੱਖੇਓ,
ਹੁਣ ਮੌਕਾ ਫਿਰ ਪੰਜ ਸਾਲ ਇਹਨਾਂ ਲੱਗਣਾ ਨ੍ਹੀਂ ਨੇੜੇ,
ਆਗੇ ਵੋਟਾਂ ਦੇ ਦਿਨ ਨੇੜੇ ਹਾਣੀਓ ਵੋਟਾਂ ਦੇ ਦਿਨ ਨੇੜੇ।
ਗੁਰਸਿਮਰਨਜੀਤ ਸਿੰਘ
ਸ਼੍ਰੀ ਮੁਕਤਸਰ ਸਾਹਿਬ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly