(ਸਮਾਜ ਵੀਕਲੀ)
ਵੱਡੇ ਚੋਰ ਨ ਪਕੜੇ ਜਾਵਣ,
ਦੁਨੀਆਂ ਚ ਸਤਿਕਾਰੇ ਜਾਂਦੇ
ਬੇ-ਦੋਸ਼ੇ ਇਸ ਨਗਰੀ ਅੰਦਰ,
ਬਿਨਾਂ ਕਸੂਰੋ ਮਾਰੇ ਜਾਂਦੇ
ਹਾਕਮ ਕਰਦੇ ਸੀਨਾ ਜੋਰੀ,
ਕਰਦੇ ਜਿਹੜੇ ਵੱਡੀ ਚੋਰੀ
ਰਿਸ਼ਵਤ ਦੇ ਕੇ ਨੇਤਾ ਦੇਖੇ,
ਜੇਲ੍ਹ ਦੇ ਤੋੜ ਕਿਨਾਰੇ ਜਾਂਦੇ
ਕਰਨ ਪਾਪ ਜੋ ਧੋਖੇ ਕਰਦੇ,
ਡਾਹਡੇ ਤੋਂ ਉਹ ਕਦੇ ਨ ਡਰਦੇ
ਪਾਪਾਂ ਵਾਲਾ ਘੜਾ ਜਦ ਫੁੱਟੇ,
ਅੰਤ ਸਮੇਂ ਫਿਟਕਾਰੇ ਜਾਂਦੇ
ਜੰਤਾ ਅੰਦਰ ਫੁੱਟਾਂ ਪਾਵਣ,
ਝੂਠ ਫਰੇਬ ਦੀ ਅੱਗ ਲਗਾਵਣ
ਨੇਤਾ ਝੂਠਾ ਨੀਰ ਵਹਾਕੇ,
ਬਣ ਨੇ ਹਰਮਨ ਪਿਆਰੇ ਜਾਂਦੇ
ਕੌਣ ਗਰੀਬ ਦੀ ਹਾਮੀ ਭਰਦਾ,
ਤਕੜੇ ਨਾਲ ਹਰ ਕੋਈ ਖੜਦਾ
ਉਨਾਂ ਨੂੰ ਕਦੇ ਆਚ ਨ ਆਵੇ,
ਹੋ ਜੋ ਰੱਬ ਸਹਾਰੇ ਜਾਂਦੇ
ਵੱਡਿਆਂ ਦਾ ਸਤਿਕਾਰ ਨ ਹੋਵੇ,
ਉਸ ਘਰ ʼਚ ਕਦੇ ਪਿਆਰ ਨ ਹੋਵੇ
ਖੰਭ ਲਾ ਬਰਕਤ ਉੱਡ ਜਾਂਦੀ,
ਘਰਾਂ ਦੇ ਹੋ ਬਟਵਾਰੇ ਜਾਂਦੇ
ਸਾਥ ਪਖੰਡੀ ਲੁੱਟੀ ਜਾਵਣ,
ਧਰਮ ਦੇ ਨਾਂ ਤੇ ਨੋਟ ਕਮਾਵਣ
ਗਿਰੇ ਹੋਏ ਇਖਲਾਕਾਂ ਵਾਲੇ,
ਬਣ ਨੇ ਫਿਰ ਹਤਿਆਰੇ ਜਾਂਦੇ
ਸ਼ੇਰਗਿੱਲ, ਸੱਚੇ ਦਰ ਜਾਵੀਂ
ਥਾਂ ਥਾਂ ਤੇ ਨ ਧੱਕੇ ਖਾਵੀਂ
ਪੱਥਰ ਵੀ ਜੋ ਇੱਕ ਥਾਂ ਟਿਕਦੇ
ਹੋ ਸਦਾ ਲਈ ਭਾਰੇ ਜਾਂਦੇ
ਗੁਰਵਿੰਦਰ ਸਿੰਘ
ਲੁਧਿਆਣਾ
ਮੋਬਾਈਲ 9872878501
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly