ਸ਼ੂਕਦੇ ਆਬਾਂ ਅਤੇ ਖ਼ਾਬਾਂ ਦਾ ਕਵੀ – ਮੇਹਰ ਮਾਣਕ

ਸ਼ੂਕਦੇ ਆਬਾਂ ਅਤੇ ਖ਼ਾਬਾਂ ਦਾ ਕਵੀ – ਮੇਹਰ ਮਾਣਕ
ਡਾ਼ ਅਵਤਾਰ ਸਿੰਘ ਪਤੰਗ

ਡਾ. ਮੇਹਰ ਮਾਣਕ ਇੱਕ ਸੰਵੇਦਨਸ਼ੀਲ ਅਤੇ ਗਹਿਰ -ਗੰਭੀਰ ਕਵੀ ਹੈ ਜਿਹੜਾ ਪੰਜਾਬ ਦੀ ਸਮੁੱਚੀ ਰਹਿਤਲ ਵਿੱਚ ਕਾਰਜਸ਼ੀਲ ਲੋਕਧਾਰਾਈ ਵਰਤਾਰਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਸਦੀ ਤਾਜ਼ਾ -ਤਰੀਨ ਕਾਵਿ ਪੁਸਤਕ “ਸ਼ੂਕਦੇ ਆਬ ਤੇ ਖ਼ਾਬ” ਉਸਦੀ ਇਸ ਵਿਚਾਰਧਾਰਾ ਦਾ ਹੀ ਪਾਸਾਰ ਹੈ। ਕਵੀ ਮਾਣਕ ਦੇ ਅਵਚੇਤਨ ਵਿੱਚ ਪੰਜਾਬ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਦੀਆਂ ਇਹ ਸਤਰਾਂ ਜ਼ਰੂਰ ਕਿਤੇ ਸੁਲਘ ਰਹੀਆਂ ਹੋਣਗੀਆਂ:-
“ਰਾਵੀ ਸੁਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ
ਮੈਨੂੰ ਝਨਾਂ ਵਾਜਾਂ ਮਾਰਦੀ”

ਡਾ. ਮੇਹਰ ਮਾਣਕ ਕਵੀ ਹੋਣ ਤੋਂ ਪਹਿਲਾਂ ਇੱਕ ‌ਸਮਾਜ ਵਿਗਿਆਨੀ ਵੀ ਹੈ।‌ ਉਂਝ ਵੀ ਕਵੀ ਸਮਾਜ ਤੋਂ ਪ੍ਰਭਾਵਿਤ ਹੋ ਕੇ ਹੀ ਲਿੱਖਦਾ ਹੈ ਪਰ ਜਦੋਂ ਕੋਈ ਕਵੀ ਸਮਾਜ ਵਿਗਿਆਨੀ ਵੀ ਹੋਵੇ ਤਾਂ ਉਸਦੀ ਕਾਵਿਕ ਦ੍ਰਿਸ਼ਟੀ ਹੋਰ ਵੀ ਦੂਰਗਾਮੀ ਅਤੇ ਪ੍ਰੌੜ੍ਹ ਹੋ ਜਾਂਦੀ ਹੈ। ਉਸਦੀ ਸਮਾਜਿਕ ਦ੍ਰਿਸ਼ਟੀ ਅਤੇ ਸੰਵੇਦਨਾ ਮਿਲ ਕੇ ਲੋਕ -ਮਨ ਦੀਆਂ ਡੂੰਘੀਆਂ ਪਰਤਾਂ ਨੂੰ ਫਰੋਲਣ ਵਿੱਚ ਸਹਾਈ ਹੁੰਦੀਆਂ ਹਨ। ਪਾਣੀ ਮਨੁੱਖ ਦੀਆਂ ਮੁੱਢਲੀਆਂ ਅਤੇ ਕੁਦਰਤੀ ਲੋੜਾਂ ਵਿੱਚੋਂ ਪ੍ਰਮੁੱਖ ਹੈ।‌ ਮਨੁੱਖੀ ਸਭਿਅਤਾ ਦਰਿਆਵਾਂ ਦੇ ਕੰਢੇ ਜਨਮੀ, ਪਣਪੀ ਅਤੇ ਵਿਕਸਤ ਹੋਈ। ਪਾਣੀ ਮਨੁੱਖ ਸਮੇਤ ਸਗਲ ਕਾਇਨਾਤ ਲਈ ਜੀਵਨ ਹੈ। ਇਸ ਪੰਜ-ਭੂਤਕ ਸਰੀਰ ਦੇ ਪੰਜਾਂ ਤੱਤਾਂ ਵਿੱਚੋਂ ਪਾਣੀ ਇੱਕ ਪ੍ਰਮੁੱਖ ਤੱਤ ਹੈ।

ਕੁਦਰਤੀ ਤੌਰ ‘ਤੇ ਪਾਣੀ ਮਨੁੱਖ ਲਈ ਇੱਕ ਆਕਰਸ਼ਣ ਵੀ ਹੈ । ਸਮੁੰਦਰਾਂ ਦੇ ਕੰਢਿਆਂ ਤੇ ਬਣੀਆਂ ਬੀਚਾਂ ‘ਤੇ ਜੁੜਦੀਆਂ ਭੀੜਾਂ ਇਸ ਆਕਰਸ਼ਣ ਦਾ ਹੀ ਨਤੀਜਾ ਹਨ। ਇਸੇ ਲਈ ਪਾਣੀ ਮਨੁੱਖ ਲਈ ਪੂਜਣਯੋਗ ਦੇਵਤਾ ਹੈ। ਇਸ ਨੂੰ ਖਵਾਜਾ ਪੀਰ ਕਹਿ ਕੇ ਵੀ ਪੂਜਿਆ ਜਾਂਦਾ ਹੈ। ਗੁਰਬਾਣੀ ਵਿੱਚ ਗੁਰੂ ਸਹਿਬਾਨ ਨੇ ਦਰਿਆਵਾਂ ਨੂੰ ਨਾਮ ਜਪਣ ਵਾਲੇ ਗੁਰਸਿੱਖਾਂ ਨਾਲ ਸੰਗਿਆ ਦਿੰਦਿਆਂ ਫ਼ੁਰਮਾਇਆ ਹੈ:-
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਾਚਾ ਨਾਉ।।
ਉਥੈ ਅੰਮ੍ਰਿਤ ਵੰਡੀਐ ਕਰਮੀ ਹੋਇ ਪਸਾਉ।। (ਅੰ 146)

ਹਰ ਕਵੀ/ਸਾਹਿਤਕਾਰ ਦੀ ਸਗਲ ਕਾਇਨਾਤ ਨੂੰ ਦੇਖਣ ਦੀ ਆਪਣੀ ਇੱਕ ਦ੍ਰਿਸ਼ਟੀ ਹੁੰਦੀ ਹੈ। ਉਸਦੀ ਇਸ ਦ੍ਰਿਸ਼ਟੀ-ਨਿਰਧਾਰਣ ਪਿੱਛੇ ਅਨੇਕਾਂ ਕਾਰਨ ਕਾਰਜਗਤ ਹੁੰਦੇ ਹਨ। ਡਾ.‌ਮੇਹਰ ਮਾਣਕ ਦੀ ਸਮੁੱਚੀ ਪੰਜਾਬੀਅਤ ਨੂੰ ਦੇਖਣ, ਪਰਖਣ, ਤੋਲਣ ਅਤੇ ਮਾਪਣ ਦੀ ਦ੍ਰਿਸ਼ਟੀ ਨੀਲੀ ਜਲ-ਧਾਰਾ ਵਾਲੇ ਨਿਰੰਤਰ ਵਗਦੇ ਪੰਜ ਆਬ ਹਨ। ਕਵੀ ਪੰਜਾਬ ਦੇ ਜਨ-ਮਾਣਸ ਵਿੱਚ ਪ੍ਰਵਾਹਿਤ ਲੋਕਧਾਰਾ ਦੇ ਮੂਲ ਸੁਭਾਅ ਨੂੰ ਇਨ੍ਹਾਂ ਪਵਿੱਤਰ ਪਾਣੀਆਂ ਦੇ ਅਕਸ ਵਿੱਚੋਂ ਹੀ ਦੇਖਦਾ ਹੈ।‌ ਕਵੀ ਪੰਜਾਬ ਦੀ ਸਾਂਝੀਵਾਲਤਾ ਅਤੇ ਦਰਿਆ -ਦਿਲੀ ਅਤੇ ਅਣੱਖ ਨੂੰ ਬਿਆਨ ਕਰਦਾ ਲਿਖਦਾ ਹੈ:
“ਇਸਦੀ ਬੁੱਕਲ ‘ਚ‌
ਪੰਜ ਆਬਾ ਦਾ ਪੰਜ ਆਬਾ ਦਾ ਨੂਰ ਹੈ
ਵਗਦੇ ਨੇ ਜੋ ਬੇ-ਪਰਵਾਹ
ਜਿਹਲਮ, ਰਾਵੀ, ਸਤਲੁਜ, ਬਿਆਸ, ਝਨਾਂ
ਇਹ ਆਪਣੀ ਫਿਤਰਤ ਦੇ ਆਪ ਗਵਾਹ
ਨਹੀਂ ਬਖਸ਼ਦੇ ਜੋ ਰੋਕੇ ਰਾਹ
ਇਹ ਨੇ ਦਾਤੇ ਦੇਵਣਹਾਰੁ
ਮੰਨ ਜਾਂਦੇ ਨੇ ਨਾਲ ਪਿਆਰ”

ਡਾ. ਮੇਹਰ ਮਾਣਕ ਨੇ ਇਸ ਕਾਵਿ ਪੁਸਤਕ ਵਿੱਚ ਪੰਜਾਬ ਪੰਜਾਬ ਦੀ ਹਰ ਤ੍ਰਾਸਦੀ ਨੂੰ ਬਿਆਨ ਕੀਤਾ ਹੈ। ਇਹ ਵੀ ਉਸਦਾ ਕਮਾਲ ਕਿ ਹਰ ਤ੍ਰਾਸਦੀ ਅਤੇ ਜਵਾਬ ਦਰਿਆਵਾਂ ਵਿੱਚੋਂ ਹੀ ਲੱਭਿਆਂ ਹੈ। ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਹਰ ਬਸ਼ਰ ਭਾਵੇਂ ਕਿਸੇ ਵੀ ਕਿਸਮ ਦੀ ਰਸਾਤਲਤਾ ਵਿੱਚੋਂ ਲੰਘ ਰਿਹਾ ਹੋਵੇ ਉਹ ਨਿਰਾਸ਼ ਨਹੀਂ ਹੁੰਦਾ ਸਗੋਂ ਗੁਰੂਆਂ ਵੱਲੋਂ ਬਖਸ਼ੀ ‘ਚੜ੍ਹਦੀ ਕਲਾ ‘ ਵਿੱਚ ਕਹਿੰਦਾ ਹੈ। ਕਵੀ ‘ਪੰਜ-ਆਬ ‘ ਨਾਲ ਸੰਵਾਦ ਰਚਾਉਂਦਾ ਲਿਖਦਾ ਹੈ:
“ਤੰਗੀਆਂ ਤੋੜ ਕੇ,‌‌
ਮੁੱਛ ਮਰੋੜ ਕੇ
ਅਸੀਂ ਹਾਂ ਰਹਿੰਦੇ
ਅਸੀਂ ਤਾਂ ਦਰਿਆ ਹਾਂ”

ਔੜਾਂ ਮਾਰੀ ਬਿਆਸ ਨੂੰ ਰਾਵੀ ਦਾ ਹੌਸਲਾ ਦੇਣਾ, ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਦੇਖਣਾ ਕਵੀ ਦਾ ਇੱਕ ਸੁਪਨਾ ਹੈ।
“ਇਸ ਧਰਤੀ ਤੇ ਫਿਰ
ਮੀਂਹ ਵਰੇਗਾ
ਖਿੜਨਗੇ ਫੁੱਲ
ਫਿਰ ਬਿਆਸ ਭਰੇਗਾ
ਉੱਠ ਕੇ ਕੋਈ ਚੋਬਰ
ਆ ਲਹਿਰਾਂ ਤਰੇਗਾ
ਰਾਵੀ ਬਿਆਸ ਦੀ ਵਿੱਥ ਨੂੰ
ਨਾਲ ਮਾਣ ਦੇ , ਆਣ ਭਰੇਗਾ
ਐਵੇਂ ਨਹੀਂ ਬੇ-ਆਸ ਹੋਈਦਾ
ਵਾਂਗ ਰਾਵੀ ਦੇ, ਅੰਬਰ ਛੋਹੀਦਾ”

ਬਜ਼ੁਰਗਾਂ ਨੇ ਮਿਹਨਤ -ਮਜ਼ਦੂਰੀ ਕਰਕੇ ਜਿਹੜੇ ਸਾਂਝੇ ਘਰਾਂ ਦੇ ਬਾਨ੍ਹਣੂੰ ਬੰਨੇ ਸਨ, ਨਵੇਂ ਜ਼ਮਾਨੇ ਦੀ ਔਲਾਦ ਨੇ ਸੱਭ ਕੁੱਝ ਵੇਚ-ਵੱਟ ਕੇ ਵਿਦੇਸ਼ਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ। ਸਾਂਝੇ ਘਰਾਂ ਦੇ ਟੁੱਟਣ ‘ਤੇ‌ ਕਵੀ ਰੁਦਨ ਕਰਦਾ ਹੈ:-
“ਪੁੱਤ ਵੀ ਮੇਰਾ ਕਪੁੱਤ ਹੁਣ ਹੋਇਆ
ਕਰੇ ਉਵੇਂ ਹੀ ਉਹ ਜਿਵੇਂ ਕਹਿੰਦੀ
ਮੈਥੋਂ ਇਹ ਸਭ ਕੁਝ ਜਰ ਨਾ ਹੋਇਆ
ਝਇਹ ਘਰ ਹੈ ਕੋਈ ਦੱਸ ਖਾਂ ਮੋਇਆ।”

ਇਹੋ-ਜਿਹੇ ਜ਼ਮੀਰਾਂ ਲੋਕਾਂ ਦੀਆਂ ਹੱਡੀਆਂ ਜਦੋਂ ਦਰਿਆਵਾਂ ਵਿੱਚ ਪਾਈ ਦੀਆਂ ਹਨ ਤਾਂ ਪਾਣੀਆਂ ਤੇ ਵਿਅੰਗ ਕਰਦਾ ਹੈ-
“ਫੁੱਕ ਜੇ ਬੰਦਾ
ਹੱਡੀਆਂ ਪੱਤਣ ਹੰਢਾਵੇ
ਵਗਦੇ ਨੀਰ ਨੂੰ ਸਮਝ ਨਾ ਆਵੇ
ਇਹ ਕਿਹੋ ਜਿਹੀ ਰਸਮ ਰੀਤ ਹੈ।”
ਕਵੀ ਆਪ ਹੀ ਇਸਦਾ ਜਵਾਬ ਦਿੰਦਾ ਹੈ-
“ਦਰਿਆਵਾਂ ਨੇ ਦੱਸ ਕੀ ਲੈਣਾ ਕਿਸੇ ਤੋਂ
ਪਰ ਵੱਡੇ ਜਿਗਰੇ ਬੜੇ ਹੀ ਦਾਨੀ
ਤੁਰਦੀ ਸਭਿਅਤਾ ਦੀ ਜਿਊਂਦੀ ਨਿਸ਼ਾਨੀ।
ਮਾਣਕ ਨੇ ਆਪਣੀ ਕਵਿਤਾ ਰਾਹੀਂ ਦਰਿਆਵਾਂ ਦੇ ਸੰਦਰਭ ਰਾਹੀਂ ਕਈ ਇਤਿਹਾਸਕ ਭਰਮਾਂ ਦਾ ਪੁਨਰ-ਨਿਰੂਪਣ ਵੀ ਕੀਤਾ ਹੈ। ਸਿੱਖ ਇਤਿਹਾਸਕਾਰ, ਰਾਗੀ, ਢਾਡੀ ਅਤੇ ਪ੍ਰਚਾਰਕ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਲਈ ਸਿਰਸਾ ਨਦੀ ਨੂੰ ਭਾਵੁਕ ਹੋ ਕੇ ਦੋਸ਼ ਦਿੰਦੇ ਆ ਰਹੇ ਹਨ। ਪਰ ਮਾਣਕ ਨੇ ਆਪਣੀ ਕਵਿਤਾ ਦੇ ਹੁਨਰ ਨਾਲ ਇਸ ਸੰਕਲਪ ਨੂੰ ਤੋੜਿਆ ਹੈ:-
“ਮੈਥੋਂ ਵੀ ਨਾ ਰਿਹਾ ਗਿਆ
ਆਖਰ ਇਹ ਕਿਹਾ ਗਿਆ
ਕਿ ਤੇਰੀ ਕਾਹਲ ਨੇ ਬੜਾ ਨੁਕਸਾਨ ਕੀਤਾ ਹੈ।”
ਮੇਹਰ ਮਾਣਕ ਨੇ ਸਮੁੱਚੀ ਪੰਜਾਬੀਅਤ ਨੂੰ ਦਰਿਆਵਾਂ ਦੇ ਨਵੇਂ ਮੈਟਾਫਰ ਰਾਹੀਂ ਪੇਸ਼ ਕਰਨ ਵਿੱਚ ਸ਼ਾਇਦ ਪਹਿਲ ਕੀਤੀ ਹੈ। ਅਜਿਹੀ ਸ਼ਾਇਰੀ ਪਹਿਲਾਂ ਪੜ੍ਹਨ -ਸੁਣਨ ਨੂੰ ਨਹੀਂ ਮਿਲਦੀ। ਮਾਣਕ ਦੀ ਦਰਿਆਵਾਂ ਲਈ ਇਹ ਦੀਵਾਨਗੀ ਨੂੰ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਰਾਹੀਂ ਬਿਆਨ ਕਰਕੇ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।
“ਹੱਸਣਾ, ਰੋਣਾਂ ਤੇ ਚੀਖਣਾ
ਤੇ ਦਰਿਆਵਾਂ ਕਿਨਾਰੇ ਦੌੜਦੇ ਫਿਰਨਾ ।
ਪਾਗ਼ਲ ਜਿਹਾ ਵਹਿਸ਼ੀ ਜਿਹਾ ਇਹ ਚਾਅ ਮੇਰਾ
ਆਖੇ ਨਹੀਂ ਲਗਦਾ, ਨੇਮ ਵਿੱਚ ਨਾ ਗੱਜਦਾ
ਸਦਕੇ! ਤੁਸੀਂ ਜਾਓ ਜਿੱਧਰ ਜਾਣਾਂ
ਮੈਨੂੰ ਰਾਹ ਦੀ ਲੋੜ ਨਹੀਂ
ਮੈਨੂੰ ਤਾਂ ਪਤਾ ਨਹੀਂ ਮੈਂ ਕੀ ਪਿਆ ਕਰਨਾ।”

ਡਾ਼ ਅਵਤਾਰ ਸਿੰਘ ਪਤੰਗ
ਚੰਡੀਗੜ੍ਹ

 

 

 

Previous articleTaking on INDIA bloc Left partner, Rahul Gandhi says will come to power in Kerala & Delhi
Next articleभोगवाद के बाजार में गरीबी का कारोबार