ਅੱਖਰ ਮੰਚ ਵੱਲੋਂ ਪੰਜਾਬੀ ਦੇ ਚਾਰ ਸੀਨੀਅਰ ਪੱਤਰਕਾਰਾਂ ਦਾ ਸਨਮਾਨ
ਵੇਈਂ ਦੀ ਕਾਰਸੇਵਾ ਦੇ 21 ਸਾਲਾਂ ਦੇ ਸਫਰ ਦੌਰਾਨ ਸੀਚੇਵਾਲਵੀ ਨੇ ਨਿਭਾਈ ਮੋਹਰੀ ਭੂਮਿਕਾ- ਸੰਤ ਸੀਚੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬੀ ਸਾਹਿਤ, ਭਾਸ਼ਾ ਅਤੇ ਵਿਰਸੇ ਨੂੰ ਸਮਰਪਿਤ ਨਾਮਵਾਰ ਕਵੀ ਚਰਨ ਸੀਚੇਵਾਲਵੀ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ ਗਿਆ। ਇਸ ਸ਼ਰਧਾਜਲੀ ਸਮਾਗਮ ਦੌਰਾਨ ਕਵੀਆਂ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਤੇ ਨਾਲ-ਨਾਲ ਵਾਤਾਵਰਣ ਬਾਰੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਨਿਰਮਲ ਸੁਲਤਾਨਪੁਰ ਲੋਧੀ ਵਿਚ ਹੋਏ ਇਸ ਸਮਾਗਮ ਨੂੰ ਕਪੂਰਥਲਾ ਦੇ ਅੱਖਰ ਮੰਚ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।
ਇਸੇ ਦੌਰਾਨ ਪੰਜਾਬੀ ਪੱਤਰਕਾਰੀ ਨਾਲ ਲੰਬੇ ਸਮੇਂ ਤੋਂ ਜੁੜੇ ਚਾਰ ਪੱਤਰਕਾਰਾਂ ਦਾ ਸਨਮਾਨ ਵੀ ਕੀਤਾ ਗਿਆ। ਚਰਨ ਸੀਚੇਵਾਲਵੀ ਦੇ ਪਰਿਵਾਰ ਚੋਂ ਆਈਆਂ ਉਹਨਾਂ ਦੀਆਂ ਧੀਆਂ ਨੂੰ ਵੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਆਏ ਕਵੀਆਂ ਵਿਚ ਆਸੀ ਈਸ ਪੁਰੀ, ਜਸਪਾਲ ਜੀਰਵੀ, ਜਗਦੀਸ਼ ਰਾਣਾ, ਰਾਮ ਸਿੰਘ ਇਨਸਾਫ, ਕੁਲਵੰਤ ਸਿੰਘ ਔਜਲਾ, ਡਾ. ਸਰਦੂਲ ਸਿੰਘ ਔਜਲਾ, ਗੁਰਭਜਨ ਸਿੰਘ ਲਾਸਾਨੀ, ਮੁੱਖਤਿਆਰ ਸਿੰਘ ਚੰਦੀ, ਕੁਲਵਿੰਦਰ ਕੌਰ ਕੰਵਲ, ਸੰਤ ਸਿੰਘ ਸੰਧੂ, ਸੁਰਜੀਤ ਸਿੰਘ ਬਲਾੜੀਕਲਾਂ ਅਤੇ ਡਾ. ਰਾਮਸਰੂਪ ਨੇ ਹਿੱਸਾ ਲਿਆ।
ਅੱਖਰ ਮੰਚ ਦੇ ਪ੍ਰਧਾਨ ਅਤੇ ਨੈਸ਼ਨਲ ਐਵਾਰਡੀ ਸਵਰਨ ਸਿੰਘ ਔਜਲਾ ਨੇ ਦੱਸਿਆ ਕਿ ਪੱਤਰਕਾਰੀ ਦੇ ਖੇਤਰ ਵਿਚ ਬੜਾ ਨਿਘਾਰ ਆ ਚੁੱਕਾ ਹੈ ਪਰ ਲੋਕਤੰਤਰ ਦੇ ਇਸ ਚੌਥੇ ਥੰਮ੍ਹ ਵਿਚ ਹਲੇ ਵੀ ਬਹੁਤ ਸਾਰੇ ਸਿਦਕ ਸਿਰੜ ਤੇ ਲਗਨ ਨਾਲ ਨਿਰਪੱਖ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਲੋਕ ਹਿੱਤਾਂ ਦੀ ਰਾਖੀ ਕਰਨ ਲਈ ਡਟੇ ਹੋਏ ਹਨ। ਜਿਹਨਾਂ ਚਾਰ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਵਿਚ ਅਮਰਜੀਤ ਸਿੰਘ ਕੋਮਲ, ਨਰਿੰਦਰ ਸਿੰਘ ਸੋਨੀਆ, ਪਾਲ ਸਿੰਘ ਨੌਲੀ ਅਤੇ ਪਰਸਨ ਲਾਲ ਭੋਲਾ ਸ਼ਾਮਿਲ ਸਨ।
ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਵੀ ਦਰਬਾਰ ‘ਚ ਆਏ ਕਵੀਆਂ ਦਾ ਸਨਮਾਨ ਕੀਤਾ। ਉਹਨਾਂ ਦੱਸਿਆ ਕਿ ਚਰਨ ਸੀਚੇਵਾਲਵੀ ਜਦੋਂ ਸੰਨ 2000 ਵਿਚ ਕਾਲੀ ਵੇਈਂ ਦੀ ਕਾਰਸੇਵਾ ਸ਼ੁਰੂ ਹੋਈ ਸੀ ਉਸ ਸਮੇਂ ਤੋਂ ਹੀ ਕਵੀ ਦਰਬਾਰ ਕਰਵਾਉਣ ਵਿਚ ਆਪਣੀ ਮੋਹਰੀ ਭੂਮਿਕਾ ਨਿਭਾ ਰਹੇ ਸਨ। ਉਹਨਾਂ ਨੇ ਜਿੱਥੇ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਬਾਰੇ ਆਪਣੀਆਂ ਰਚਨਾਵਾਂ ਲਿਿਖਆਂ ਸਨ ਉੱਥੇ ਹੀ ਪੰਜਾਬ ਦੀ ਆਬੋ ਹਵਾ ਨੂੰ ਸਾਫ਼ ਸੁਥਰਾ ਰੱਖਣ ਅਤੇ ਸੂਬੇ ਦੇ ਪੰਛੀਆਂ ਬਾਰੇ ਵੀ ਬਾਖੂਬੀ ਲਿਿਖਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਕਵੀ ਆਪਣੀਆਂ ਕਾਵਿਕ ਉਡਾਰੀਆਂ ਨਾਲ ਲੋਕਾਂ ਦੇ ਮਨਾਂ ਨੂੰ ਟਟੋਲਦੇ ਹਨ ਤੇ ਦਿਲ ਟੂੰਬਦੀਆਂ ਰਚਨਾਵਾਂ ਦੀ ਸਿਰਜਨਾ ਕਰਦੇ ਹਨ।
ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਸੁਰਜੀਤ ਸਿੰਘ ਸ਼ੰਟੀ, ਐਡਵੋਕੇਟ ਰਣਜੀਤ ਸਿੰਘ ਰਾਣਾ, ਜਸਵੀਰ ਸਿੰਘ ਸੰਧੂ, ਗੁਰਪਾਲ ਸਿੰਘ ਸ਼ਤਾਬਗੜ੍ਹ, ਸਰਪੰਚ ਤਜਿੰਦਰ ਸਿੰਘ, ਸੁਲਤਾਨਪੁਰ ਲੋਧੀ ਤੋਂ ਸਵਰਨ ਸਿੰਘ, ਗਾਇਕ ਬਲਵੀਰ ਸ਼ੇਰਪੁਰੀ ਆਦਿ ਸ਼ਾਮਿਲ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly