(ਸਮਾਜ ਵੀਕਲੀ)
ਥਾਂ ਥਾਂ ਗੱਲਾਂ ਹੁੰਦੀਆਂ ਨੇ
—————————
ਵੀਹ ਸੌ ਬਾਈ ‘ਚ ਲਗਦਾ ਸੀ ,
ਮਾਨ ਕੋਈ ਬੜਾ ਮਾਅਰਕਾ ਮਾਰੂ ।
ਉੱਜੜੇ ਉੱਖੜੇ ਹੋਏ ਸੂਬੇ ਦੀ ,
ਕੁੱਝ ਨਾ ਕੁੱਝ ਤਾਂ ਜ਼ੁਲਫ਼ ਸਵਾਰੂ ।
ਐਪਰ ਫੂਸ ਦੀ ਅੱਗ ਵਾਂਗੂੰ ,
ਭਾਂਬੜ ਨਿੱਕਲ ਕੇ ਠੁੱਸ ਹੋ ਗਿਆ ;
ਆਖ਼ਰ ਨੂੰ ਪਹਿਲਾਂ ਵਾਂਗੂੰ ਹੀ ,
ਹੋ ਗਈ ਅਫ਼ਸਰਸ਼ਾਹੀ ਭਾਰੂ ।
ਹੁਣ ਪਛਤਾਅ ਕੇ ਕੀ ਬਣਦੈ
—————————–
ਸੱਜਣਾ ਤੇਰੇ ਹੁਸਨ ‘ਤੇ ,
ਕਦੇ ਇਸ ਤਰ੍ਹਾਂ ਮਰਦੇ ਨਾ।
ਤੇਰੇ ਚਰਨਾਂ ‘ਤੇ ਦਿਲ ,
ਅਪਣਾ ਕਦੇ ਵੀ ਧਰਦੇ ਨਾ।
ਤੇਰੇ ਚਿਹਰੇ ਤੋਂ ਜੇ ਕਿਧਰੇ ,
ਦਿਲ ਵੀ ਪੜ੍ਹਿਆ ਜਾ ਸਕਦਾ ;
ਦੂਰ ਤੋਂ ਮੱਥਾ ਟੇਕਦੇ ਤੈਨੂੰ ,
ਕਦੇ ਮੁਹੱਬਤ ਕਰਦੇ ਨਾ ।
ਦਿੱਲੀ ਚੋਣ ਦਾ ਨਤੀਜਾ
————————-
ਹਾਕਮ ਨੂੰ ਜਨਤਾ ਨਾਲ਼ੋਂ ,
ਨਿੱਜ ਨਾਲ਼ ਪਿਆਰ ਜ਼ਿਆਦਾ ਹੈ ।
ਕੰਮਾਂ ਧੰਦਿਆਂ ਦੀ ਥਾਂ ,
ਗੱਲਾਂ ਦਾ ਵਿਸਥਾਰ ਜ਼ਿਆਦਾ ਹੈ ।
ਗੱਲ ਰੁਲ਼ਦੂ ਬਾਬੇ ਦੀ ਹੈ ,
ਪੱਥਰ ‘ਤੇ ਖਿੱਚੀ ਲਕੀਰ ਜਿਹੀ ,
ਭਾਜਪਾ ਦੀ ਜਿੱਤ ਹੈ ਘੱਟ ,
ਇਹ ਆਪ ਦੀ ਹਾਰ ਜ਼ਿਆਦਾ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037