ਇੱਕ ਗੱਲ ਸੁਣੋਂ ਵੇ ਪੰਛੀਓ

(ਸਮਾਜ ਵੀਕਲੀ) 

ਇੱਕ ਗੱਲ ਸੁਣੋਂ ਵੇ ਪੰਛੀਓ
—————————-
ਮੈਂ ਔਰਤ ਜੱਗ ਦੀ ਜਣਨੀ ਹਾਂ ,
ਨਵਾਂ ਜਹਾਨ ਵਸਾ ਸਕਦੀ ਹਾਂ ।
ਅੰਬਰ ਦੇ ਵਿੱਚ ਉਡਦੇ ਪੰਛੀ ,
ਧਰਤੀ ‘ਤੇ ਪਟਕਾ ਸਕਦੀ ਹਾਂ ।
ਹੁਣ ਤੱਕ ਸਨ ਮੌਕੇ ਘੱਟ ਮਿਲੇ ,
ਹੁਣ ਧਰਤੀ ਅੰਬਰ ਮੇਲ਼ ਦੇਊਂਂ ;
ਮੈਂ ਥੋਡੇ ਤੋਂ ਵੀ ਉੱਚੀ ਉਡਾਰੀ ,
ਬਿਨ ਖੰਭਾਂ ‘ਤੋਂ ਲਾ ਸਕਦੀ ਹਾਂ ।

ਕੁਦਰਤੀ ਰੰਗ
—————-
ਕਿਸੇ ਘਰ ਲੋਹੜੀ ਅਤੇ ਕਿਸੇ ਘਰ ਲੋਹੜਾ ਏ ।
ਕਿਸੇ ਘਰ ਲੋੜੋਂ ਵੱਧ ਕਿਤੇ ਬੜਾ ਈ ਥੋੜ੍ਹਾ ਏ ।
ਕਿਸੇ ਘਰੇਂ ਮਿਹਨਤ ਕਿਸੇ ਦਾ ਘਰ ਵਿਹਲਾ ਹੈ ;
ਕਿਸੇ ਦੇ ਘਰੇਂ ਮੇਲ ਕਿਸੇ ਘਰ ‘ਚ ਵਿਛੋੜਾ ਏ ।

ਮਾਘ ਮਹੀਨੇ ਦੀ ਪਹਿਲੀ ਸਵੇਰ ਨੂੰ
————————————–
ਮੈਨੂੰ ਪਤੈ ਕੱਲ੍ਹ ਤੁਸੀਂ ਈਸ਼ਵਰ ਘਰੇਂ ਬੁਲਾਇਆ ਹੋਵੇਗਾ।
ਮਾਂ ਨੇ ਥੋਡੇ ਹੱਥੋਂ ਦਲਿੱਦਰ ਖ਼ਤਮ ਕਰਾਇਆ ਹੋਵੇਗਾ।
ਬੱਚਿਓ ਇਹ ਤਾਂ ਸਾਰੀ ਖੇਡ ਜ਼ੁਬਾਨੀ ਅਤੇ ਕਲਾਮੀ ਹੈ ;
ਮਹਿੰਗੇ ਭਾਅ ਦੇ ਤਿਲਾਂ ਨੂੰ ਧੂਣੀ ਵਿੱਚ ਮਚਾਇਆ ਹੋਵੇਗਾ।
ਇਹ ਸਭ ਅਪਣੇ ਹੱਥ ਹੈ ਆਲ਼ਸ ਨੂੰ ਤਨ ਤੇ ਮਨ ‘ਚੋਂ ਕੱਢਣਾ ;
ਇਹ ਗੁਰ ਰੁਲ਼ਦੂ ਬਾਝੋਂ ਨਹੀਂ ਕਿਸੇ ਸਮਝਾਇਆ ਹੋਵੇਗਾ।
ਅੱਜ ਵੀ ਤਾਂ ਕੋਈ ਪਹਿਲੀ ਹਾਕ ਨਾਲ਼ ਉੱਠਿਆ ‘ਨੀਂ ਹੋਣਾ ;
ਮਾਂ ਨੇ ਧਰਮ ਸਥਾਨ ‘ਤੇ ਜਾਣ ਲਈ ਜਦੋਂ ਉਠਾਇਆ ਹੋਵੇਗਾ।
ਹਰ ਸਾਲ ਅਸੀਂ ਬੱਸ ਰਸਮ ‘ਜੀ ਪੂਰੀ ਕਰਦੇ ਰਹਿੰਦੇ ਹਾਂ ;
ਥੋਡੀ ਮਾਂ ਨੂੰ ਉਸ ਦੀ ਮਾਂ ਨੇ ਕਦੇ ਸਿਖਾਇਆ ਹੋਵੇਗਾ।
ਨਾ ਬਣੋਂ ਫ਼ਕੀਰ ਲਕੀਰਾਂ ਦੇ ਇਹ ਯੁੱਗ ਹੈ ਕੰਪਿਊਟਰ ਦਾ ;
ਚੇਤੇ ਕਰ ‘ਲੋ ਕਿਸੇ ਟੀਚਰ ਨੇ ਕਦੇ ਪੜ੍ਹਾਇਆ ਹੋਵੇਗਾ।
ਚੇਤੇ ਕਰ ‘ਲੋ ਕਿਸੇ ਟੀਚਰ ਨੇ ਕਦੇ ਪੜ੍ਹਾਇਆ ਹੋਵੇਗਾ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਗੱਲ ਬੇਗਮਪੁਰੇ ਦੀ”12 ਕਲਾਕਾਰਾਂ ਦੀਆਂ ਸੁਰੀਲੀਆਂ ਅਵਾਜ਼ਾਂ ਵਿੱਚ ਗਾਏ ਅਮਰਜੀਤ ਬੇਗਮਪੁਰੀ ਜੀ ਦੇ ਲਿਖੇ ਸਿੰਗਲ ਟ੍ਰੈਕ ਗੀਤ ਨੂੰ ਮਿਲ ਰਿਹਾ ਹੈ ਭੰਰਵਾ ਹੰਗਾਰਾ
Next articleਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਰਕਲ ਅੱਪਰਾ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤੀ ਨਾਅਰੇਬਾਜ਼ੀ