ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਰੱਬੀ ਨਾਂ 
———-
ਕੁੱਝ ਲੋਕ ਹੁੰਦੇ ਸਾਊ ਘੁੱਗੀ ਵਰਗੇ ,
ਕੁੱਝ ਹੁੰਦੇ ਚਲਾਕ ਨੇ ਕਾਂ ਵਰਗੇ ।
ਕਈ ਵਾਰ ਤਾਂ ਸੋਹਣਿਆਂ ਸੱਜਣਾਂ ਦੇ ,
ਨਾਂਹ ਦੇ ਬੋਲ ਵੀ ਹੁੰਦੇ ਨੇ ਹਾਂ ਵਰਗੇ ।
ਕੁੱਝ ਲੋਕ ਕੜਕਦੀ ਧੁੱਪ ਵਰਗੇ  ,
ਕੁੱਝ ਪਿੱਪਲ ਬਰੋਟੇ ਦੀ ਛਾਂ ਵਰਗੇ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਕੁੱਝ  ਬੰਦੇ  ਹੁੰਦੇ  ਰੱਬੀ  ਨਾਂ  ਵਰਗੇ ।
ਸਕੇ ਭਾਈ 
————
ਚਾਅ ਤਾਂ ਸਭ ਨੂੰ ਹੁੰਦੇ ਨੇ ਬੱਚਿਆਂ ਦੇ ,
ਕੋਈ ਸ਼ਗਨ ਮਨਾਵੇ ਨਾ ਮਾਂ ਵਰਗੇ  ।
ਕੁੱਝ ਤਾਂ ਆਪ ਹੀ ਹੋਣ ਅਧੂਰੇ ਬੰਦੇ  ,
ਕੁੱਝ  ਲਗਦੇ ਨੇ  ਕੁੱਲ  ਜਹਾਂ  ਵਰਗੇ  ।
ਕੁੱਝ ਘਰ ਤਾਂ ਜਰਗ ਦਾ ਲੱਗਣ ਮੇਲਾ ,
ਕੁੱਝ  ਉੱਜੜੀ  ਹੋਈ  ਸਰਾਂ  ਵਰਗੇ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਸਕੇ  ਭਾਈ ਹੁੰਦੇ  ਸੱਜੀ ਬਾਂਹ  ਵਰਗੇ  ।
ਰੱਬ ਦਾ ਰੂਪ 
————-
ਬੰਦੇ  ਅੱਕ  ਦਾ  ਬੀਜ  ਨੇ  ਬੀਜਦੇ  ਜੋ  ,
ਅੰਬ ਉਹਨਾਂ  ਤੋਂ ਕਦੇ ਨਾ  ਚੂਪ ਹੁੰਦੇ  ।
ਭੀਖ  ਮੰਗਦੇ  ਪੁੱਤ  ਭਿਖਾਰੀਆਂ  ਦੇ  ,
ਰਾਜ – ਗੱਦੀ  ‘ਤੇ  ਬੈਠਦੇ  ਭੂਪ  ਹੁੰਦੇ  ।
ਕਈ ਬੰਦੇ ਗੁਣਾਂ ਨਾਲ਼ ਪਾਉਂਣ ਰੁਤਬੇ  ,
ਚੇਹਰੇ  ਮੋਹਰੇ  ਤੋਂ  ਭਾਵੇਂ  ਕਰੂਪ  ਹੁੰਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਮਾਪੇ ਬੱਚਿਆਂ ਲਈ ਰੱਬ ਦਾ ਰੂਪ ਹੁੰਦੇ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਲੇਖਕ ਘਰਵਾਲੀ ਤੋ ਪ੍ਰੇਸ਼ਾਨ
Next articleਸੁਪਨਾ