ਖਾਲੀ ਹੱਥ ਸ਼ਿਕਾਰ
———————
ਜ਼ਰ , ਜ਼ੋਰੂ ਅਤੇ ਜ਼ਮੀਨ ਬਦਲੇ ,
ਭਾਈਆਂ ਭਾਈਆਂ ਦੇ ਵਿੱਚ ਤਕਰਾਰ ਹੁੰਦਾ ।
ਕੁੱਤਾ ਆਪਣੀ ਗਲ਼ੀ ਵਿੱਚ ਸ਼ੇਰ ਹੁੰਦਾ ,
ਬੰਦਾ ਆਪਣੇ ਘਰੇਂ ਸਰਦਾਰ ਹੁੰਦਾ ।
ਦਿਲ ਦੇ ਜਾਨੀ ਤੋਂ ਬਿਨਾਂ ਸੁੰਨ ਸਾਨ ਜਾਪੇ ,
ਘੁੱਗ ਵੱਸਦਾ ਭਾਵੇਂ ਸੰਸਾਰ ਹੁੰਦਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਖਾਲੀ ਹੱਥ ਨਾ ਕਦੇ ਸ਼ਿਕਾਰ ਹੁੰਦਾ ।
ਫੁੱਲ ਅਤੇ ਕੰਡੇ
—————
ਤਾਈਓਂ ਕਦਰ ਹੁੰਦੀ ਚੰਗੇ ਬੰਦਿਆਂ ਦੀ ,
ਮਾੜੇ ਬੰਦੇ ਜੇ ਵਿੱਚ ਸੰਸਾਰ ਹੁੰਦੇ ।
ਉਹ ਵੀ ਰਾਣੀਆਂ ਤੋਂ ਨਈਓਂ ਘੱਟ ਹੁੰਦੀਆਂ ,
ਗਲ਼ ਵਿੱਚ ਜਿਹਨਾਂ ਦੇ ਨੇ ਰਾਣੀ ਹਾਰ ਹੁੰਦੇ ।
ਚੰਗੀ ਓਈਓਂ ਪੰਚਾਇਤ ਕਹਾਂਵਦੀ ਏ ,
ਜੀਹਦੇ ਫੈਸਲੇ ਸੱਥ ਵਿਚਕਾਰ ਹੁੰਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਜਿੱਥੇ ਫੁੱਲ ਹੁੰਦਾ ਓਥੇ ਖਾਰ ਹੁੰਦੇ ।
ਕੋਈ ਨਾ ਮੂੰਹ ਲਾਵੇ
———————
ਲੋਕੀਂ ਇੱਕ ਨਾ ਇੱਕ ਦਿਨ ਮੁੱਲ ਪਾਉਂਦੇ ,
ਜਿਹੜਾ ਬੰਦਾ ਹੈ ਲੋਕਾਂ ਦੇ ਕੰਮ ਆਉਂਦਾ ।
ਲੋਕ ਮੜ੍ਹੀਆਂ ਸ਼ਹੀਦਾਂ ਦੀਆਂ ਪੂਜਦੇ ਨੇ ,
ਬੱਚਾ ਬੱਚਾ ਹੈ ਉਹਨਾਂ ਦੇ ਗੀਤ ਗਾਉਂਦਾ ।
ਬਿਨਾਂ ਮੰਗੇ ਤੋਂ ਮੋਤੀ ਨੇ ਮਿਲ ਜਾਂਦੇ ,
ਮੰਗਣ ਜਾਈਏ ਤਾਂ ਜੱਗ ਨਾ ਖ਼ੈਰ ਪਾਉਂਦਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਚੁਗਲਖੋਰ ਨੂੰ ਕੋਈ ਨਾ ਮੂੰਹ ਲਾਉਂਦਾ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037