(ਸਮਾਜ ਵੀਕਲੀ)
ਪਿਆਰ ਹੋ ਜਾਂਦਾ ਹੈ
———————-
ਪੈਸਾ ਕਲਯੁਗ ਵਿੱਚ ਪ੍ਰਧਾਨ ਹੋਇਆ ,
ਮਾੜੇ ਬੰਦੇ ਦੇ ਐਬ ਲਕੋਅ ਜਾਂਦੈ ।
ਭਾਵੇਂ ਲੱਖ ਲੁਕਾਅ ਲਈਏ ਮਿੱਤਰਾਂ ਤੋਂ ,
ਦੁੱਖ ਸੁੱਖ ਫੇਰ ਵੀ ਪ੍ਰਗਟ ਹੋ ਜਾਂਦੈ ।
ਸ਼ਕਲ ਸੂਰਤ ਤਾਂ ਮੋਹੇ ਜਾਂ ਨਾ ਮੋਹੇ ,
ਗੁਣ ਬੰਦੇ ਦਾ ਬੰਦੇ ਨੂੰ ਮੋਹ ਜਾਂਦੈ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਪਿਆਰ ਕੀਤਾ ਨਈਓਂ ਜਾਂਦਾ ਹੋ ਜਾਂਦੈ ।
ਡੰਡਾ ਪੀਰ ਵਿਗੜਿਆਂ ਦਾ
—————————-
ਮਾਪੇ ਸੌ ਸੌ ਸੁੱਖਣਾ ਸੁੱਖਦੇ ਨੇ ,
ਬੱਚੇ ਬਿਨਾਂ ਨਾ ਜੱਗ ਵਿੱਚ ਸੀਰ ਹੁੰਦਾ ।
ਏਕਾ ਹੋਵੇ ਨਾ ਮਾੜੂਆਂ ਬੰਦਿਆਂ ਦਾ ,
ਤਕੜਾ ਤਕੜੇ ਨਾਲ਼ ਸਦਾ ਖੰਡ ਖੀਰ ਹੁੰਦਾ ।
ਜਾਤ ਪੁੱਛੇ ਨਾ ਕੋਈ ਵੀ ਵਰਕਰਾਂ ਦੀ ,
ਪੁੱਤਰ ਨੇਤਾ ਦਾ ਜਿੱਤ ਵਜ਼ੀਰ ਹੁੰਦਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਵਿਗੜੇ ਤਿਗੜਿਆਂ ਦਾ ਡੰਡਾ ਪੀਰ ਹੁੰਦਾ ।
ਜੀਹਦੇ ਹੱਥ ਵਿੱਚ ਸੋਟੀ
————————-
ਜੀਹਦੇ ਕੋਲ਼ ਜ਼ਮੀਨ , ਜਾਇਦਾਦ , ਪੈਸਾ ,
ਉਹਦੀ ਚੰਗੀ ਮਾੜੀ ਸਾਰੀ ਕੱਜ ਹੁੰਦੀ ।
ਜੀਹਦੇ ਹੱਥ ਤਾਕਤ ਜੀਹਦੇ ਹੇਠ ਕੁਰਸੀ ,
ਉਹਦੀ ਕੱਲ੍ਹ ਹੁੰਦੀ ਉਹਦੀ ਅੱਜ ਹੁੰਦੀ ।
ਮੁੰਡਾ ਵਰਕਰਾਂ ਦਾ ਬੇਰੁਜ਼ਗਾਰ ਰਹਿੰਦਾ ,
ਕੁੜੀ ਲੀਡਰਾਂ ਦੀ ਵੱਡੀ ਜੱਜ ਹੁੰਦੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਜੀਹਦੇ ਹੱਥ ਸੋਟੀ ਉਹਦੀ ਮੱਝ ਹੁੰਦੀ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037