ਮਾੜੇ ਕੰਮੀਂ ਨਾਨਕਾ
———————-
ਜਿਹੜੇ ਸੋਚ ਵਿਚਾਰ ਤੋਂ ਕੰਮ ਲੈਂਦੇ ,
ਉਨ੍ਹਾਂ ਨਾਲ਼ ਨਾ ਕਦੇ ਵੀ ਛਲ਼ ਹੁੰਦਾ ।
ਰਾਹਾਂ ਵਿੱਚ ਆਰਾਮ ਲਈ ਬੈਠਦੇ ਜੋ ,
ਮੁੜ ਕੇ ਸਾਥੀਆਂ ਨਾਲ਼ ਨਾ ਰਲ਼ ਹੁੰਦਾ ।
ਜਿਹੜਾ ਆਪ ਸੱਚਾ ਜੀਹਦੇ ਕੰਮ ਸੱਚੇ ,
ਓਸ ਬੰਦੇ ਵਿੱਚ ਕੋਈ ਨਾ ਵਲ਼ ਹੁੰਦਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮਾੜੇ ਕੰਮਾਂ ਦਾ ਮਾੜਾ ਹੀ ਫਲ਼ ਹੁੰਦਾ ।
ਨੀਮ ਹਕੀਮ
—————
ਹਰੇਕ ਬੰਦੇ ਨੂੰ ਕੋਈ ਨਾ ਕੋਈ ਗੁਣ ਯਾਰੋ ,
ਮਿਲਿਆ ਹੁੰਦਾ ਏ ਰਾਮ ਰਹੀਮ ਕੋਲ਼ੋਂ ।
‘ਕੱਲੇ ਬੰਦੇ ਤੋਂ ਓਨਾਂ ਨਾ ਕੰਮ ਹੋਵੇ ,
ਜਿੰਨਾਂ ਕੰਮ ਹੁੰਦਾ ਕਿਸੇ ਟੀਮ ਕੋਲ਼ੋਂ ।
ਜੋ ਵੀ ਮਿਲਦਾ ਏ ਮਿਹਨਤਾਂ ਨਾਲ਼ ਮਿਲਦੈ,
ਕੁੱਝ ਵੀ ਮਿਲ਼ੇ ਨਾ ਕਿਸੇ ਸਕੀਮ ਕੋਲ਼ੋਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਦਾਰੂ ਲਈਏ ਨਾ ਨੀਮ ਹਕੀਮ ਕੋਲ਼ੋਂ ।
ਗੁੜ ਨਾਲ਼ੋਂ ਇਸ਼ਕ ਮਿੱਠਾ
————————–
ਸੂਰਜ ਚੜ੍ਹਿਆ ਕਦੇ ਨਾ ਰਹੇ ਗੁੱਝਾ ,
ਜਿਹੜਾ ਸਾਰੇ ਜਹਾਨ ਨੇ ਆਪ ਡਿੱਠਾ ।
ਨੱਥ , ਮਛਲੀ , ਕੋਕੇ ਦੀ ਲੋੜ ਕੀ ਏ ,
ਜੀਹਦਾ ਹੋਵੇ ਤਲਵਾਰ ਤੋਂ ਨੱਕ ਤਿੱਖਾ ।
ਚੋਰ , ਯਾਰ , ਬੇਈਮਾਨ ਤੇ ਠੱਗ ਬੰਦਾ ,
ਸੁੱਤਾ ਚੈਨ ਦੀ ਨੀਂਦ ਨਾ ਕਦੇ ਡਿੱਠਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੁੰਦਾ ਗੁੜ ਤੋਂ ਸੌ ਗੁਣਾਂ ਇਸ਼ਕ ਮਿੱਠਾ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037