ਕਵਿਤਾਵਾਂ

ਦਿਲ ਦਾ ਭੇਤ 
—————
ਜ਼ੁਲਮ ਕਦੇ ਗ਼ਰੀਬਾਂ ‘ਤੇ ਨਾ ਕਰੀਏ ,
ਤਕੜਾ ਵੇਖ ਕੇ ਤਲੀਆਂ ਵੀ ਝੱਸੀਏ ਨਾ ।
ਜੇਕਰ ਕਿਸੇ ‘ਤੇ ਤਰਸ ਨਾ ਕਰ ਸਕੀਏ ,
ਤੋੜਾ  ਕਦੇ  ਵੀ  ਕਿਸੇ ‘ਤੇ ਕੱਸੀਏ  ਨਾ ।
ਰੋਂਦੇ  ਬੱਚੇ  ਨੂੰ  ਚੁੱਪ  ਕਰਵਾ  ਦੇਈਏ ,
ਰੋਂਦਾ  ਵੇਖ  ਗ਼ਰੀਬ  ਨੂੰ  ਹੱਸੀਏ  ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਦਿਲ  ਦਾ ਭੇਤ  ਹਰੇਕ ਨੂੰ ਦੱਸੀਏ  ਨਾ ।
ਪਿੱਛਾ ਯਾਰ ਦਾ 
—————–
ਜੇਕਰ ਕੁਦਰਤ ਨੇ ਤਾਕਤਾਂ ਬਖ਼ਸ਼ੀਆਂ ਨੇ ,
ਮਾੜੂ ਬੰਦੇ ਨੂੰ ਕਦੇ ਸਤਾਈਂਦਾ ਨਈਂ  ।
ਗੁਣ ਤੇ ਔਗੁਣ ਤਾਂ ਸਾਰਿਆਂ ਵਿੱਚ ਹੁੰਦੇ ,
ਮੁੱਖ ਯਾਰਾਂ ਤੋਂ ਕਦੇ ਭਮਾਈਂਦਾ ਨਈਂ  ।
ਪਹਿਲਾਂ ਸੋਚ ਵਿਚਾਰ ਕੇ ਕੰਮ ਕਰੀਏ  ,
ਕਮੀਂ ਰਹਿਜੇ ਤਾਂ ਪਿੱਛੋਂ ਪਛਤਾਈਂਦਾ ਨਈਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਪਿੱਛਾ ਯਾਰ  ਦਾ  ਕਦੇ  ਤਕਾਈਂਦਾ ਨਈਂ ।
ਦੁਨੀਆਂ ਠੱਗਾਂ ਦੀ 
——————–
ਲੱਠ ਮਾਰ ਅਤੇ ਲੀਡਰ ਇੱਕ ਹੋ ਗਏ ,
ਕੌਣ ਕਿਸੇ ਦੀ ਸੁਣੇਂ ਅਰਜੋਈ ਬਾਬਾ ।
ਬਿਨਾਂ ਸੱਟ ਤੋਂ ਦਰਦ ਨੂੰ ਕੌਣ ਜਾਣੇਂ  ,
ਜੀਹਨੂੰ ਲੱਗਦੀ ਜਾਣਦੈ ਸੋਈ ਬਾਬਾ ।
ਖ਼ੁਸ਼ੀ ਮੁੱਖ ‘ਤੇ ਆਣ ਕੇ ਬੋਲ ਪੈਂਦੀ  ,
 ਪੀੜ ਜਾਂਦੀ ਨਾ ਕਦੇ ਲਕੋਈ ਬਾਬਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਸਾਰੀ ਦੁਨੀਆਂ ਠੱਗਾਂ ਦੀ ਹੋਈ ਬਾਬਾ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਦੁਸਾਂਝ ਕਲਾਂ ਵਿਖੇ ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ
Next articleਪਿੰਡ ਮੂਲਾਬੱਧਾ ਵਿਖੇ ਮਹਾਂਰਿਸ਼ੀ ਬਾਲਮੀਕ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ