(ਸਮਾਜ ਵੀਕਲੀ)
ਬੰਦਾ ਬੰਦੇ ਦੀ ਦਾਰੂ
———————
ਦੋ ਮੱਲ ਜਦ ਘੁਲ਼ਦੇ ਨੇ ਵਿੱਚ ‘ਖਾੜੇ ,
ਇੱਕ ਜੇਤੂ ਤੇ ਦੂਸਰਾ ਹਾਰੂ ਹੁੰਦੈ ।
ਉਸ ਨੂੰ ਰੋਗ ਮੋਟਾਪੇ ਦਾ ਲੱਗ ਜਾਂਦੈ ,
ਬੰਦਾ ਜਿਹੜਾ ਹਰ ਵਕਤ ਦਾ ਚਾਰੂ ਹੁੰਦੈ।
ਅਣ-ਤੇਰੂ ਨਾ ਪਾਣੀ ਦੇ ਕੋਲ਼ ਜਾਵੇ ,
ਇੱਕ ਦਿਨ ਡੁੱਬ ਜਾਵੇ ਜਿਹੜਾ ਤਾਰੂ ਹੁੰਦੈ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਆਖ਼ਰ ਬੰਦਾ ਹੀ ਬੰਦੇ ਦੀ ਦਾਰੂ ਹੁੰਦੈ ।
ਨਸ਼ਿਆਂ ਦੇ ਆਦੀ
——————–
ਸੰਗਤ ਬੈਠੀਏ ਸਿਆਣਿਆਂ ਬੰਦਿਆਂ ਦੀ ,
ਉਹ ਤਾਂ ਲੋਹੇ ਨੂੰ ਪਾਰਸ ਬਣਾ ਦਿੰਦੇ ।
ਨਾਲ਼ ਬੈਠੀਏ ਮਾੜਿਆਂ ਬੰਦਿਆਂ ਦੇ ,
ਠੱਗੀ , ਚੋਰੀ , ਡਕੈਤੀ ਸਿਖਾਅ ਦਿੰਦੇ ।
ਨੇੜੇ ਜਾਈਏ ਨਾ ਨਸ਼ੇ ਦੇ ਆਦੀਆਂ ਦੇ ,
ਆਖ਼ਰ ਇੱਕ ਦਿਨ ਘੁੱਟ ਲਵਾ ਦਿੰਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਨਸ਼ੇ ਬੰਦੇ ਨੂੰ ਮਿੱਟੀ ਮਿਲਾਅ ਦਿੰਦੇ ।
ਹਸਦੇ ਚਿਹਰੇ
—————
ਰੋਂਦੇ ਚਿਹਰੇ ਦਾ ਲਾਗੂ ਨਾ ਕੋਈ ਏਥੇ ,
ਹੱਸਣ ਵਾਲ਼ੇ ਨਾਲ਼ ਸਾਰੇ ਹੀ ਹੱਸਦੇ ਨੇ ।
ਬੱਚੇ ਨਾਗਾਂ ਦੇ ਕਦੇ ਵੀ ਪਾਲ਼ੀਏ ਨਾ ,
ਪਹਿਲਾਂ ਆਪਣੇ ਮਾਲਕ ਨੂੰ ਡੱਸਦੇ ਨੇ ।
ਰਿਸ਼ਤੇਦਾਰ ਜੇ ਕੋਈ ਗ਼ਰੀਬ ਹੋ ਜਾਏ ,
ਸਾਰੇ ਦੂਰ ਫ਼ਿਰ ਓਸ ਤੋਂ ਨੱਸਦੇ ਨੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੱਸਣ ਵਾਲ਼ਿਆਂ ਦੇ ਹੀ ਘਰ ਵੱਸਦੇ ਨੇ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037