ਜਰ , ਜੋਰੂ ਅਤੇ ਜ਼ਮੀਨ
————————-
ਫ਼ਿਕਰ ਅਪਣੀ ਤਰੱਕੀ ਦਾ ਨਈਂ ਹੁੰਦਾ ,
ਕਰਦੈ ਦੂਜਾ ਤਰੱਕੀ ਤਾਂ ਸੜੇ ਦੁਨੀਆਂ ।
ਹੱਸਣ ਵਾਲ਼ਿਆਂ ਨਾਲ਼ ਤਾਂ ਰਹੇ ਹਸਦੀ ,
ਰੋਂਦੇ ਕੋਲ਼ ਨਾ ਕਦੇ ਵੀ ਖੜ੍ਹੇ ਦੁਨੀਆਂ ।
ਅੱਗੇ ਹੋ ਹੋ ਘੇਰਦੀ ਮਾੜਿਆਂ ਨੂੰ ,
ਤਕੜੇ ਬੰਦੇ ਦੀ ਵੀਣੀਂ ਨਾ ਫੜੇ ਦੁਨੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਜ਼ਰ ਜ਼ੋਰੂ ਜ਼ਮੀਨ ਲਈ ਲੜੇ ਦੁਨੀਆਂ ।
ਚੋਰੀ ਦੇ ਪੁੱਤ
————–
ਕਰਨ ਆਤਮ-ਵਿਸ਼ਵਾਸ਼ ਦੇ ਨਾਲ਼ ਜਿਹੜੇ ,
ਕੰਮ ਉਨ੍ਹਾਂ ਦੇ ਸਦਾ ਆਸਾਨ ਹੁੰਦੇ ,
ਘਰ ਤਾਂ ਔਰਤਾਂ ਨਾਲ਼ ਹੀ ਸ਼ੋਭਦੇ ਨੇ ,
ਬਿਨਾਂ ਔਰਤਾਂ ਨਿਰੇ ਮਕਾਨ ਹੁੰਦੇ ।
ਪਾਸਾ ਵੱਟ ਕੇ ਉਨ੍ਹਾਂ ਤੋਂ ਲੰਘ ਜਾਈਏ ,
ਤਨ ਤੇ ਮਨ ਤੋਂ ਜਿਹੜੇ ਬੇਈਮਾਨ ਹੁੰਦੇ ,
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਪੁੱਤ ਚੋਰੀ ਦੇ ਨਹੀਂ ਜਵਾਨ ਹੁੰਦੇ ।
ਦੁੱਧ ਬਾਝੋਂ ਖੀਰ
—————–
ਹੁੰਦੇ ਹਿੰਮਤੀ ਮਿਹਨਤੀ ਲੋਕ ਜਿਹੜੇ ,
ਬਦਲ ਲੈਂਦੇ ਨੇ ਅਪਣੀ ਤਕਦੀਰ ਮੀਆਂ ।
ਬੰਦੇ ਆਲਸੀ ਹੱਥਾਂ ‘ਤੇ ਹੱਥ ਧਰ ਕੇ ,
ਨੈਣੋਂ ਰਹਿਣ ਵਗਾਉਂਦੇ ਹੀ ਨੀਰ ਮੀਆਂ ।
ਸੁੱਖਾਂ ਵਿੱਚ ਵੀ ਕੁਦਰਤ ਨੂੰ ਯਾਦ ਰਖਦੇ ,
ਦੁੱਖਾਂ ਵਿੱਚ ਨਾ ਹੁੰਦੇ ਦਿਲਗੀਰ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਦੁੱਧ ਬਾਝੋਂ ਨਾ ਰਿੰਨੀਂਦੀ ਖੀਰ ਮੀਆਂ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037