ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕੁੜੀਆਂ ਤੇ ਚਿੜੀਆਂ
———————-
ਕੁੱਝ ਕੁੱਖਾਂ ਵਿੱਚ ਖ਼ਤਮ ਕਰ ‘ਤੀਆਂ ,
ਬਾਕੀ ਤੁਰ ਪ੍ਰਦੇਸ ਨੂੰ ਗਈਆਂ ।
ਪੁੱਤਰਾਂ ਲਈ ਸਹੀ ਨੂੰਹ ਨਾ ਲੱਭੇ ,
ਕਿੱਧਰ ਨੂੰ ਤੇ ਕੇਸ ਨੂੰ ਗਈਆਂ ।
ਟਾਵਰਾਂ ਦੀਆਂ ਤਰੰਗਾਂ ਨੇ ਹੈ ,
ਜਿਨ੍ਹਾਂ ਦਾ ਘੋਗਾ ਚਿੱਤ ਕੀਤਾ ;
ਚਾਰ ਵਜੇ ਸਨ ਚੂਕਦੀਆਂ ਜੋ ,
ਚਿੜੀਆਂ ਕਿਹੜੇ ਦੇਸ ਨੂੰ ਗਈਆਂ ।

ਸਾਉਂਣ ਦਾ ਮਹੀਨਾ
——————–
ਸਾਵਣ ਦਾ ਮਹੀਨਾ ਲੰਘ ਚੱਲਿਆ ,
ਭਾਦੋਂ ਭੱਜੀ ਆਉਂਦੀ ਐ ।
ਪ੍ਰਦੇਸ ਵਸੇਂਦਿਆ ਸੱਜਣਾ ਵੇ ਤੇਰੀ
ਯਾਦ ਸਤਾਉਂਦੀ ਐ ।
ਨਾ ਤੂੰ ਖ਼ੁਦ ਆਇਆ ਨਾ ਸਾਨੂੰ ਕੋਲ਼ ਬੁਲਾਇਆ ਵੇ ।
ਤੂੰ ਜੋ ਵੀ ਵਾਅਦੇ ਕੀਤੇ ਇੱਕ ਨਾ ਪੂਰ ਚੜਾਇਆ ਵੇ ।
ਜਿੰਦ ਜੋਬਨ ਵਾਲ਼ੀ ਰੁੱਤ ਵਿੱਚ ਵੀ ਜਾਂਦੀ ਮੁਰਝਾਉਂਦੀ ਐ ।
ਦੂਰ ਵਸੇਂਦਿਆ ਸੱਜਣਾ ਵੇ —————
ਤਨ ਤੇ ਮਨ ਦੀਆਂ ਸੱਧਰਾਂ ਹੋ ਗਈਆਂ ਲੀਰਾਂ ਲੀਰਾਂ ਵੇ ।
ਅਸੀਂ ਦਿਲ ਦੇ ਰਾਜੇ ਹੋ ਗਏ ਵਾਂਗ ਫਕੀਰਾਂ ਵੇ ।
ਦੱਸ ਕੀ ਕਰਾਂ ਕਿੱਧਰ ਨੂੰ ਜਾਵਾਂ ਸਮਝ ਨਾ ਆਉਂਦੀ ਐ ।
ਦੂਰ ਵਸੇਂਦਿਆ ਸੱਜਣਾ ਵੇ —————
ਦੱਸ ਕੀ ਪੌਡਾਂ ਨੂੰ ਕਰਨਾ ਕੋਲ਼ ਜੇ ਹਾਣੀ ਨਾ ਹੋਵੇ ।
ਕੀ ਡਾਲਰ ਧੋ ਕੇ ਪੀਣੇ ਵਸਲ ਦਾ ਪਾਣੀ ਨਾ ਹੋਵੇ ।
ਸੀਨਾ ਭੱਠੀਆਂ ਵਾਂਗੂੰ ਤਪਦਾ ਏ ਨਾਲ਼ੇ ਰੂਹ ਕੁਰਲਾਉਂਦੀ ਐ ।
ਦੂਰ ਵਸੇਂਦਿਆ ਸੱਜਣਾ ਵੇ ————–
ਤੇਰਾ ਪੱਗ ਵੱਟ ਦੋਸਤ ਰੁਲ਼ਦੂ ਰੋਜ਼ ਆ ਮੱਥਾ ਟੇਕੇ ਵੇ ।
ਤੇਰੀ ਮਾਂ ਨਾਲ਼ ਗੱਲਾਂ ਕਰਦਾ ਵੀ ਮੇਰੇ ਵੱਲ ਵੇਖੇ ਵੇ ।
ਦਿਲ ਦੀ ਪੀੜ ਅਵੱਲੀ ਨਿੱਤ ਨਵਾਂ ਹੀ ਗੀਤ ਲਿਖਾਉਂਦੀ ਐ।
ਦੂਰ ਵਸੇਂਦਿਆ ਸੱਜਣਾ ਵੇ —————
ਤੇਰਾ ਪਿੰਡ ਰੰਚਣਾਂ ਤੇਰੇ ਬਿਨਾਂ ਹੈ ਸੁੰਨਾਂ ਜਾਪਦਾ ਵੇ।
ਐਨਾਂ ਦੰਡ ਦਿੱਤਾ ਤੂੰ ਸਾਨੂੰ ਦੱਸ ਦੇ ਕਿਹੜੇ ਪਾਪ ਦਾ ਵੇ ।
ਤੈਨੂੰ ਸੁਪਨੇ ਵਿੱਚ ਨਿੱਤ ਵਾਜਾਂ ਮਾਰ ਤੇਰੀ ਜਾਨ ਬੁਲਾਉਂਦੀ ਐ ।
ਦੂਰ ਵਸੇਂਦਿਆ ਸੱਜਣਾ ਵੇ —————

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

Previous articleਰਾਜ ਕਾਕੜਾ ਲਾਈਵ ਸ਼ੋਅ 25 ਅਗਸਤ ਨੂੰ
Next articleਭਾਰਤ ਵਿੱਚ 30% ਤੋਂ 40% ਬਾਲਗ ਆਬਾਦੀ ਫੈਟੀ ਲੀਵਰ ਤੋਂ ਪੀੜਤ: ਡਾ: ਅਨਿਲ ਵਿਰਦੀ