ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਤੀਹ ਜੁਲਾਈ
—————
ਸੁਣਿਐਂ ਅੱਜ ਫਰੈਂਡਸ਼ਿੱਪ ਡੇਅ ਹੈ ,
ਸੱਚੀ ਦੋਸਤੀ ਕਰ ਕੇ ਵੇਖੀਏ ।
ਜਿਹੜਾ ਨਿੱਤ ਸੁਫ਼ਨੇ ਵਿੱਚ ਆਉਂਦੈ ,
ਅੱਜ ਉਹਦੇ ‘ਤੇ ਮਰ ਕੇ ਵੇਖੀਏ ।
ਇੱਕ ਦਿਨ ਤਾਂ ਕਰਨੀ ਪਊ ਦਲੇਰੀ ,
ਕਿਉਂ ਨਾ ਅੱਜ ਹੀ ਕਰ ਕੇ ਵੇਖੀਏ ।
ਵੱਧ ਤੋਂ ਵੱਧ ਠੇਡਾ ਹੀ ਮਾਰ ‘ਦੂ ,
ਕਦਮਾਂ ਵਿੱਚ ਦਿਲ ਧਰ ਕੇ ਵੇਖੀਏ ।

ਇਕੱਤੀ ਜੁਲਾਈ
—————–
ਜਲ੍ਹਿਆਂ ਵਾਲ਼ੇ ਬਾਗ਼ ਦਾ ਸਾਕਾ ,
ਯਾਦ ਕਰਾਉਂਦੀ ਹੈ ਵੈਸਾਖੀ ।
ਹੱਕ ਮੰਗੀਏ ਤਾਂ ਮਿਲਣ ਗੋਲ਼ੀਆਂ,
ਇਹ ਸਮਝਾਉਂਦੀ ਹੈ ਵੈਸਾਖੀ ।
ਹਰ ਇੱਕ ਪੰਜਾਬੀ ਨੂੰ ਚੇਤੇ ਹੈ ,
ਚੇਤਿਆਂ ਦੇ ਵਿੱਚ ਰਹੂ ਸਦਾ ;
ਊਧਮ ਸਿੰਘ ਸਰਦਾਰ ਦੀ ਗਾਥਾ,
ਫਿਰ ਦੁਹਰਾਉਂਦੀ ਹੈ ਵੈਸਾਖੀ ।

ਕੁੱਝ ਬਣਨ ਦੀ ਉਮਰ
———————–
ਚੁੰਨੀਆਂ ਤੇ ਪੱਗਾਂ ਇੱਜ਼ਤਾਂ ਦੇ ਚਿੰਨ੍ਹ ਨੇ ,
ਇਹ ਫਟਣੇ ‘ਨੀਂ ਚਾਹੀਦੇ ।
ਭੂਮੀ ਦਾ ਸ਼ਿੰਗਾਰ ਹੁੰਦੇ ਰੁੱਖ ਦੋਸਤੋ ,
ਇਹ ਘਟਣੇ ‘ਨੀਂ ਚਾਹੀਦੇ ।
ਜ਼ਿੰਦਗੀ ਬਣਾਉਂਣ ਦੀ ਉਮਰ ਵਿੱਚ ਐਵੇਂ,
ਗੇੜੀਆਂ ਨਾ ਮਾਰੀਏ ;
ਪਿੱਛੋਂ ਤੰਗ ਕਰਦੇ ਨੇ ਛੱਲੇ ਮੁੰਦੀਆਂ ,
ਇਹ ਵਟਣੇ ‘ਨੀਂ ਚਾਹੀਦੇ ।

ਚੰਦ ਦਿਨਾਂ ਦੇ ਪ੍ਰਾਹੁਣੇ
———————–
ਜਿਵੇਂ ਰੂੜੀਆਂ ‘ਤੇ ਉੱਗੇ ਹੋਏ ਰੁੱਖ ਮਿੱਤਰੋ ,
ਕੁੱਝ ਦਿਨਾਂ ਦੇ ਪ੍ਰਾਹੁਣੇ ।
ਓਵੇਂ ਜ਼ਿੰਦਗੀ ‘ਚ ਆਉਂਦੇ ਦੁੱਖ ਸੁੱਖ ਮਿੱਤਰੋ ,
ਕੁੱਝ ਦਿਨਾਂ ਦੇ ਪ੍ਰਾਹੁਣੇ ।
ਕਦੇ ਫ਼ੀਮ ਅਤੇ ਭੁੱਕੀ ਦਾ ਨਸ਼ਾ ਵੀ ਹੁੰਦਾ ਸੀ ,
ਜੋ ਦਵਾਈ ‘ਚ ਸੀ ਪੈਂਦਾ ;
ਨਵੇਂ ਨਸ਼ਿਆਂ ਦੇ ਆਦੀ ਜੋ ਮਨੁੱਖ ਮਿੱਤਰੋ ,
ਕੁੱਝ ਦਿਨਾਂ ਦੇ ਪ੍ਰਾਹੁਣੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

 

Previous articleਬੁੱਧ ਚਿੰਤਨ
Next article“ਸ਼ਹੀਦ ਊਧਮ ਸਿੰਘ”