ਕਵਿਤਾਵਾਂ

(ਸਮਾਜ ਵੀਕਲੀ)
ਭੋਲ਼ੇ ਬਾਬੇ ਦੀ ਸਤਸੰਗ ਵਿੱਚ 
——————————
ਤਬਕਾ  ਭੋਲ਼ੇ  ਭਾਲ਼ੇ  ਗ਼ਰੀਬਾਂ  ਦਾ ,
ਬਹੁਤੀਆਂ ਔਰਤਾਂ ਸਨ ਜਾਂ ਬੱਚੇ ਸਨ ।
ਭੰਨੇਂ  ਹੋਣਗੇ  ਆਰਥਿਕ  ਲੋੜਾਂ  ਦੇ ,
 ਸੋਚ ਸਮਝ ਦੇ ਪੱਖ ਤੋਂ ਕੱਚੇ ਸਨ  ।
ਚਲਦੇ  ਸੱਤ  ਕੇਸ  ਹਨ  ਬਾਬੇ  ਉੱਤੇ  ,
ਜਿਹਨਾਂ ਵਿੱਚੋਂ ਇੱਕ ਹੈ ਰੇਪ ਦਾ ਵੀ  ;
ਸੈਂਕੜੇ  ਲੋਕ  ਨੇ  ਜਾਨ  ਗੁਆ ਬੈਠੇ  ,
ਫੋਕੀ  ਸ਼ਰਧਾ  ਦੇ  ਵਿੱਚ  ਬੱਝੇ  ਸਨ  ।
ਅਸਲੀ ਮੁੱਦੇ ਫੇਰ ਭੁਲਾ ‘ਤੇ
—————————-
ਜੋ ਵੀਹ ਬਾਈ ਦੇ ਵਿੱਚ ਝਾੜੂ ਕਰਕੇ ਜਿੱਤੇ ਸੀ ,
ਓਹੀ ਘਰ ਦੇ ਭੇਤੀ ਛੱਜ ‘ ਚ ਪਾ ਕੇ ਛੰਡਦੇ ਨੇ ।
ਜਿਹੜੇ ਆਪ ਨੂੰ ਕੱਟੜ ਈਮਾਨਦਾਰ ਅਖਵਾਉਂਦੇ ਸੀ ,
ਲੋਕਾਂ ਨੂੰ ਜਾਤਾਂ ਤੇ ਫਿਰਕਿਆਂ ਦੇ ਵਿੱਚ ਵੰਡਦੇ ਨੇ ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਕੋਈ ਉੱਤਰ ਦੇਣ ਦੀ ਥਾਂ ,
ਮੁੜ ਕੇ ਹਾਸੋ ਹੀਣੇ ਲਾਉਂਦੇ ਦੋਸ਼ ਵਿਰੋਧੀਆਂ ‘ ਤੇ  ;
ਜਿਨ੍ਹਾਂ ਦਾ ਅਪਦਾ ਖ਼ੁਦ ਦਾ ਕੈਂਡੀਡੇਟ ਦਲ ਬਦਲੂ ਹੈ ,
ਉਹ ਵੀ ਦੂਜਿਆਂ ਨੂੰ ਦਲਬਦਲੂ ਕਹਿ ਕੇ ਭੰਡਦੇ ਨੇ ।
ਸਾਈ ਦੇ ਕੇ ਲਿਖਾਈ ਕਵਿਤਾ 
——————————
ਤੂੰ ਸੋਹਣੀ ਤੇਰੀ ਸੀਰਤ ਸੋਹਣੀ ,
ਤੈਨੂੰ ਇਸ਼ਕ ਦੇ ਰੰਗ ਵਿਖਾਵਾਂਗੇ ।
ਤੇਰੇ ਰੇਸ਼ਮ ਵਰਗਿਆਂ ਅੰਗਾਂ ਨੂੰ ,
ਅਪਣੇ ਗੀਤਾਂ ਵਿੱਚ ਸਲਾਹਵਾਂਗੇ ।
ਕਦੇ ਕਵਿਤਾ ਗ਼ਜ਼ਲ ਕਹਾਣੀ ਵਿੱਚ ,
ਤੇਰੇ  ਤਿੱਖੇ  ਨਕਸ਼  ਉਲੀਕਾਂਗੇ  ;
ਗੁੱਡੀ ਕਾਗ਼ਜ਼ ਵਰਗੀਏ ਕੁੜੀਏ ਨੀ ,
ਤੈਨੂੰ  ਅੰਬਰ  ਵਿੱਚ  ਉਡਾਵਾਂਗੇ  ।
ਸਾਈ ਵਾਲ਼ੀ ਕਵਿਤਾ ਦਾ ਜਵਾਬ ਆਇਆ 
———————————————
ਤੂੰ ਵੀ ਸੋਹਣਾ ਮਨ ਨੂੰ ਮੋਹਣਾ ,
ਤੈਨੂੰ ਹੁਸਨ ਦੇ ਜੌਹਰ ਵਿਖਾਊਂਗੀ ।
ਤੇਰੇ ਹਵਾ ਪਿਆਜ਼ੀ ਗੀਤਾਂ ਨੂੰ ,
ਹੋਸਟਲ ਵਿੱਚ ਬਹਿ ਕੇ ਗਾਊਂਗੀ ।
ਹਰ ਕਵਿਤਾ ਗ਼ਜ਼ਲ ਕਹਾਣੀ ‘ਚੋਂ ,
ਮੈਨੂੰ ਸਦਾ ਤੇਰੀ ਤਸਵੀਰ ਦਿਸੂ  ;
ਤੇਰੇ ਪਿੰਡ ਰੰਚਣਾਂ ਰੁਲ਼ਦੂ ਸਿੰਆਂ ,
ਮੈਂ ਕਦੇ ਬਣ ਕੇ ਪ੍ਰਾਹੁਣੀ ਆਊਂਗੀ।
ਮੂਲ ਚੰਦ ਸ਼ਰਮਾ, 
9914836037
Previous articleਬਰਤਾਨੀਆ ਦੀਆਂ ਆਮ ਚੋਣਾਂ ਚ ਲੇਬਰ ਪਾਰਟੀ ਨੇ ਸਪੱਸ਼ਟ ਬਹੁਮਤ ਕੀਤਾ ਹਾਸਲ
Next articleਸਾਉਣੀ ਮੱਕੀ ਦੇ ਬੀਜ ਉਪਦਾਨ ’ਤੇ ਪ੍ਰਾਪਤ ਕਰਨ ਲਈ ਕਿਸਾਨ 10 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ – ਡੀ.ਸੀ.