ਕਵਿਤਾਵਾਂ

ਜੇ ਡੀ
“ਉਡੀਕ”
ਕਰਦੇ ਰਹਿੰਦੇ ਜੇਕਰ ਤੇਰੀ ਉਡੀਕ ਅਸੀਂ।
ਮਰ ਮੁੱਕੇ ਚੁੱਕੇ ਹੋਣਾ ਸੀ ਅੱਜ ਤੀਕ ਅਸੀਂ।
ਬੰਦੇ ਹਾਂਂ ਪਰ ਬੰਦਿਆਂ ਵਾਲੀ ਗੱਲ ਨਹੀਂ,
ਦੁਸ਼ਮਣ ਇੱਕ ਦੂਜੇ ਦੇ ਬਣੇ ਸ਼ਰੀਕ ਅਸੀਂ।
ਪਾਣੀ ਵਿੱਚ ਮਧਾਣੀ ਪਾਈ ਬੈਠੇ ਹਾਂ,
ਗਲਤ ਕਰ ਰਹੇ ਜਾਂ ਕਰ ਰਹੇ ਹਾਂ ਠੀਕ ਅਸੀਂ।
ਢੋਹਦੇਂ ਰਹੇ ਹਨੇਰਾ ਦੋਵੇਂ ਅੱਜ ਤੀਕਰ,
ਲਿਆ ਨਹੀਂ ਸਕੇ ਇੱਕ ਚਾਨਣ ਦੀ ਲੀਕ ਅਸੀਂ।
ਪਿਆਸ ਲੱਗੀ ਤੋਂ ਸਾਗਰ ਵੀ ਠੁਕਰਾ ਦੇਈਏ,
ਪੀ ਜਾਈਏ ਕਦੇ ਸ਼ਬਨਮ ਲਾਕੇ ਡੀਕ ਅਸੀਂ।
ਦੁਸ਼ਮਣ ਹੀ ਬਣ ਜਾਣਗੇ ਆਪਣੇ ਤੇਰੇ,
ਸੋਚਿਆ ਨਹੀਂ ਸੀ ਜੇ ਡੀ ਏਨਾਂ ਬਰੀਕ ਅਸੀਂ
“ਹਨੇਰ”
ਨਹੀਂ ਸੀ ਸੋਚਿਆ
ਵਿੱਦਿਆ ਕੁੱਝ ਵੀ ਨਹੀਂ ਬਦਲੇਗੀ।
ਉਵੇਂ ਹੀ ਸੁੰਘੜੀ ਹੀ
ਰਹੇਗੀ
ਪਤੀ ਦੇਵ ਦਿਆਂ ਚਰਨਾਂ ਵਿੱਚ
ਸਕੂਲ ਮੁੱਖ ਅਧਿਆਪਕਾ ਦੀ ਸੋਚ।
ਸੱਸ ਦੀਆਂ ਲੱਤਾਂ ਨੂੰ
ਭਾਣਾ ਮੰਨ ਕੇ ਜਰਦੀ ਰਹੇਗੀ ਐੱਮ ਫਿਲ ਕੁੜੀ
ਲਿਖਦੀ ਰਹੇਗੀ ਧਰਮੀ ਬਾਬਲ ਨੂੰ
ਰਾਜੀ ਖੁਸ਼ੀ ਦੇ ਖਤ।
ਸੰਇਸ ਅਧਿਆਪਕ
ਰੂਹਾਂ ਦੇ ਜੰਮੀ ਸੰਸਕਾਰਾਂ ਦੀ ਗਰਦ ਲੈ ਕੇ
ਸੂਰਜ ਨੂੰ ਰਾਹੂ ਕੇਤੂ ਤੋਂ ਬਚਾਉਣ ਲਈ
ਗੰਗਾ ਇਸ਼ਨਾਨ ਕਰਨ ਜਾਵੇਗਾ।
ਹਨੇਰਾ ਉਵੇਂ ਹੀ ਪਸਰਿਆ ਰਹੇਗਾ
ਕਰੂਏ ਦਾ ਵਰਤ ਰੱਖਦੀ
ਡਾਕਟਰ ਮੈਡਮ ਦੀ ਆਤਮਾ ਅੰਦਰ ।
ਨਹੀਂ ਸੀ ਸੋਚਿਆ
ਵਿੱਦਿਆ ਕੁੱਝ ਵੀ ਨਹੀਂ ਬਦਲੇਗੀ।
“ਸੌਖਾ ਨਹੀਂ”
ਕੁੱਲੀ ਪਾਰ ਚਨਾਂ ਤੋਂ ਪਾਉਂਣਾ ਪਿਆਰ ਨਿਭਾਉਣਾ ਸੌਖਾ ਨੀ ।
ਪੱਟ ਦਾ ਪੈਦਾਂ ਮਾਸ ਖਵਾਉਣਾ ਯਾਰ ਮਨਾਉਣਾ ਸੌਖਾ ਨੀ।
ਬਾਂਰਾ ਸਾਲ ਚਰਾ ਕੇ ਮੱਝੀਆ ਛੱਡ ਭਰਾ ਭਰਜਾਈਆਂ ਨੂੰ,
ਕੰਨ ਪੜਵਾ ਕੇ ਮੁੰਦਰਾਂ ਪਾਉਣਾ ਪਿਆਰ ਨਿਭਾਉਣਾ ਸੌਖਾ ਨੀ।
ਵਿੱਚ ਥਲਾਂ ਦੇ ਸੜ ਗਈ ਸੱਸੀ ਪੰਨੂੰ ਪੰਨੂੰ ਕੂਕਦੀ,
ਨਾਲ ਮੌਤ ਦੇ ਮੱਥਾ ਲਾਉਣਾ ਪਿਆਰ ਨਿਭਾਉਣਾ ਸੌਖਾ ਨੀ
ਪਾਟੇ ਕੱਪੜੇ ਹਾਲ ਫਕੀਰਾਂ ਕੱਖਾਂ ਵਾਂਗੂੰ ਰੁਲ ਜਾਣਾਂ,
ਮੰਗਤਿਆਂ ਵਾਂਗੂੰ ਗਲੀਏਂ ਭਾਉਣਾ ਪਿਆਰ ਨਿਭਾਉਣਾ ਸੌਖਾ ਨੀ। ਯਾਰ ਦੇ ਸੁੱਕੇ ਬਾਂਗਾ ਤਾਂਈ ਹਰਾ ਭਰਾ ਕਰਨੇ ਦੇ ਲਈ,
ਪਰਬਤ ਵਿੱਚੋਂ ਨਹਿਰ ਵਗਾਉਣਾ ਪਿਆਰ ਨਿਭਾਉਣਾ ਸੌਖੀ ਨੀ।
ਇਸ਼ਕ ਚ੍ ਸਿਦਕ ਪੁਗਾਵਣ ਖਾਤਰ ਸਾੜ ਕੇ ਆਪਣੀ ਹੱਟੀ ਨੂੰ ,
 ਵਿੱਚ ਨਹਿਰ ਦੇ ਛਾਲ ਲਗਾਉਣਾ ਪਿਆਰ ਨਿਭਾਉਣਾ ਸੌਖਾ ਨੀ। ਬੁੱਲੇ ਵਾਂਗੂੰ ਕੀ ਤੂੰ ਜੇ ਡੀ ਨੱਚ ਕੇ ਯਾਰ ਮਨਾਲੇਂਗਾ,
ਪੈਰਾਂ ਦੇ ਵਿੱਚ ਘੁੰਗਰੂ ਪਾਉਣਾ ਯਾਰ ਮਨਾਉਣਾ ਸੌਖਾ ਨੀ।
 “ਲੋਕ”
 ਰੱਖ ਤਲੀਆਂ ਤੇ ਸੀਸ ਨੂੰ ਜੋ ਚਲਦੇ ਉਹ ਲੋਕ।
ਵਿੱਚ ਜਿੰਦਗੀ ਦੇ ਥਾਂ ਉੱਚੀ ਮਲਦੇ ਉਹ ਲੋਕ।
ਜੰਗ ਵਿੱਚ ਜਾਣ ਵਾਲੇ ਆਮ ਨਹੀਓੰਂ ਜਿਹੜੇ,
ਛਾਤੀ ਆਪਣੀਆਂ ਉੱਤੇ ਗੋਲੀ ਝੱਲਦੇ ਉਹ ਲੋਕ।
ਸਜਾ ਮਿਲੇਗੀ ਉਹਨਾਂ ਨੂੰ ਨਹੀਂ ਮਾਫੀਆਂ ਦੇ ਲਾਇਕ,
ਹੋ ਕੇ ਆਪਣੇ ਜੋ ਆਪਣਿਆਂ ਨੂੰ ਛੱਲਦੇ ਉਹ ਲੋਕ।
ਜਿਹੜੇ ਕੱਫਣਾ ਨੂੰ ਸਿਰਾਂ ਉੱਤੇ ਬੰਨ ਤੁਰ ਪੈਣ,
ਹੋਣ ਕਿੰਨੀਆਂ ਵੀ ਰੋਕਾਂ ਨਹੀਂ ਠੱਲਦੇ ਉਹ ਲੋਕ।
ਹੋਵੇ ਜਜ਼ਬਾ ਜਿੰਨ੍ਹਾਂ ਦੇ ਵਿੱਚ ਆਪਣਿਆਂ ਲਈ ,
ਚਾਹੇ ਗਲ ਪਵੇ ਰੱਸਾ ਨਈਂ ਬਦਲਦੇ ਉਹ ਲੋਕ।
ਜਿਹਨਾਂ ਦਿਲਾਂ ਵਿੱਚ ਸਾੜਾ ਈਰਖਾ ਤੇ ਦਵੈਤ,
ਹੁੰਦੇ ਜੇ ਡੀ ਵਾਂਗੂੰ ਪਲ ਜਾਂ ਦੋ ਪਲ ਉਹ ਲੋਕ।
ਜੇ ਡੀ  
ਸੰਪਰਕ:-8146042936
Previous articleਸਮਰ ਕੈਂਪ ਦੌਰਾਨ ਪਿੰਡ ਬਖੋਪੀਰ ਦੇ ਖੇਡ ਮੈਦਾਨ ਵਿੱਚ ਫੁੱਟਬਾਲ ਮੈਚ ਕਰਵਾਏ ਗਏ।
Next articleਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀ ਟਰੇਨ ਵਿੱਚ ਪਾਣੀ ਨਾ ਹੋਣ ਕਾਰਨ ਸਿੱਖ ਸੰਗਤਾਂ ਵਿੱਚ ਰੋਸ