ਮੁੰਬਈ (ਸਮਾਜ ਵੀਕਲੀ): ਮੁੰਬਈ ਦੀ ਵਿਸ਼ੇਸ਼ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ 7000 ਕਰੋੜ ਰੁਪਏ ਦੇ ਗਬਨ ਕੇਸ ਵਿੱਚ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਵਿੱਤੀ ਕੰਮਕਾਜ ਵੇਖਦੇ ਸੁਭਾਸ਼ ਸ਼ੰਕਰ ਪਰਬ (50) ਨੂੰ 26 ਅਪਰੈਲ ਤੱਕ ਸੀਬੀਆਈ ਰਿਮਾਂਡ ’ਤੇ ਭੇੇਜ ਦਿੱਤਾ ਹੈ। ਸੀਬੀਆਈ ਅਧਿਕਾਰੀਆਂ ਮੁਤਾਬਕ ਪਰਬ ਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਅੱਜ ਭਾਰਤ ਡਿਪੋਰਟ ਕੀਤਾ ਗਿਆ ਹੈ। ਉਹ ਨੀਰਵ ਮੋਦੀ ਦੀ ਮਾਲਕੀ ਵਾਲੀ ਫਰਮ ਫਾਇਰਸਟਾਰ ਡਾਇਮੰਡ ਵਿੱਚ ਡਿਪਟੀ ਜਨਰਲ ਮੈਨੇਜਰ (ਫਾਇਨਾਂਸ) ਸੀ। ਅੱਜ ਸਵੇਰੇ ਭਾਰਤ ਪੁੱਜਦੇ ਸਾਰ ਉਸ ਨੂੰ ਵਿਸ਼ੇਸ਼ ਸੀਬੀਆਈ ਜੱਜ ਵੀ.ਸੀ.ਬਾਰਡੇ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਕੋਰਟ ਨੂੰ ਦੱਸਿਆ ਕਿ ਪਰਬ ਅਪਰੈਲ 2015 ਤੋਂ ਫਾਇਰਸਟਾਰ ਵਿੱਚ ਡਿਪਟੀ ਜਨਰਲ ਮੈਨੇਜਰ ਸੀ ਤੇ ਕੇਸ ਵਿੱਚ ਸ਼ਾਮਲ ਤਿੰਨ ਫਰਮਾਂ- ਡਾਇਮੰਡ ਆਰ ਯੂਐੱਸ, ਸਟੈੱਲਰ ਡਾਇਮੰਡ ਤੇ ਸੋਲਰ ਐਕਸਪੋਰਟਸ ਦੀਆਂ ਬੈਂਕਿੰਗ ਸਰਗਰਮੀਆਂ ਨੂੰ ਵੇਖਦਾ ਸੀ। ਕੇਂਦਰੀ ਜਾਂਚ ੲੇਜੰਸੀ ਨੇ ਇਹ ਦਾਅਵਾ ਵੀ ਕੀਤਾ ਕਿ ਪਰਬ ਹਾਂਗ ਕਾਂਗ ਆਧਾਰਿਤ ਛੇ ਕੰਪਨੀਆਂ ਤੇ ਦੁਬਈ ਅਧਾਰਿਤ 13 ‘ਡਮੀ’ ਕੰਪਨੀਆਂ ਦੇ ਵਿੱਤੀ ਲੈਣ-ਦੇਣ ਵੀ ਦੇਖਦਾ ਸੀ। ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਪਰਬ ਨੂੰ 26 ਅਪਰੈਲ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ। ਸੀਬੀਆਈ ਦਾ ਦਾਅਵਾ ਹੈ ਕਿ ਪਰਬ ਨੂੰ ਨੀਰਵ ਮੋਦੀ ਦੇ ਆਦਮੀਆਂ ਨੇ ਕਾਹਿਰਾ ਵਿੱਚ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly