ਲਖਨਊ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗ੍ਰਹਿ ਮੰਤਰੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਪੁਲੀਸ ਤਕਨੀਕੀ ਮਿਸ਼ਨ ਕਾਇਮ ਕਰਨ ਦਾ ਸੱਦਾ ਦਿੱਤਾ ਹੈ ਤਾਂ ਕਿ ਭਵਿੱਖ ਵਿੱਚ ਤਕਨੀਕਾਂ ਨੂੰ ਜ਼ਮੀਨੀ ਪੱਧਰ ’ਤੇ ਪੁਲੀਸ ਦੀਆਂ ਲੋੜਾਂ ਮੁਤਾਬਕ ਢਾਲਿਆ ਜਾ ਸਕੇ। ਇੱਥੇ ਕਰਵਾੲੇ 56ਵੇਂ ਡੀਜੀਪੀਜ਼ ਅਤੇ ਆਈਜੀਪੀਜ਼ ਸੰਮੇਲਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪੁਲੀਸ ਨਾਲ ਸਬੰਧਤ ਸਾਰੀਆਂ ਘਟਨਾਵਾਂ ਦੇ ਮੁਲਾਂਕਣ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਸੰਗਠਨਾਤਮਕ ਰੂਪ ਦੇਣ ’ਤੇ ਜ਼ੋਰ ਦਿੱਤਾ।
ਇੱਕ ਅਧਿਕਾਰਤ ਬਿਆਨ ਮੁਤਾਬਕ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਤਕਨੀਕ ਦੇ ਮਹੱਤਵ ਨੂੰ ਉਭਾਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਟੀਕਾਕਰਨ ਦੇ ਆਨਲਾਈਨ ਪਲੈਟਫਾਰਮ ‘ਕੋ-ਵਿਨ’ ਅਤੇ ਅਦਾਇਗੀ ਪ੍ਰਣਾਲੀ ‘ਯੂਪੀਆਈ’ ਦੀ ਉਦਾਹਰਨ ਦਿੱਤੀ। ਉਨ੍ਹਾਂ ਨੇ ਸੰਮੇਲਨ ਨੂੰ ਹਾਈਬ੍ਰਿਡ ਢੰਗ ਨਾਲ (ਆਨਲਾਈਨ ਅਤੇ ਆਫਲਾਈਨ) ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਵੱਖ-ਵੱਖ ਪੱਧਰ ਦੇ ਅਧਿਕਾਰੀਆਂ ਵਿਚਾਲੇ ਸੂਚਨਾਵਾਂ ਦਾ ਪ੍ਰਵਾਹ ਸਰਲ ਹੋਇਆ ਹੈ।
ਬਿਆਨ ਮੁਤਾਬਕ ਸ੍ਰੀ ਮੋਦੀ ਨੇ ਪੂਰੇ ਦੇਸ਼ ਵਿੱਚ ਪੁਲੀਸ ਬਲਾਂ ਦੇ ਲਾਭ ਲਈ ਅੰਤਰ-ਸੰਚਾਲਨ ਤਕਨੀਕ ਦੇ ਵਿਕਾਸ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਰੋਨਾ ਮਹਾਮਾਰੀ ਮਗਰੋਂ ਪੁਲੀਸ ਦੇ ਰਵੱਈਏ ਵਿੱਚ ਲੋਕਾਂ ਪ੍ਰਤੀ ਆਈ ਹਾਂ-ਪੱਖੀ ਤਬਦੀਲੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜਨਤਾ ਦੇ ਲਾਭ ਲਈ ਡਰੋਨ ਤਕਨੀਕ ਦੀ ਸਕਾਰਾਤਮਕ ਵਰਤੋਂ ਅਤੇ 2014 ਵਿੱਚ ਸ਼ੁਰੂ ਕੀਤੀ ਗਈ ‘ਸਮਾਰਟ ਪੁਲੀਸਿੰਗ’ ਦੀ ਧਾਰਨਾ ਦੀ ਸਮੀਖਿਆ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਧਾਰਨਾ ਵਿੱਚ ਲਗਾਤਾਰ ਬਦਲਾਅ ਲਈ ਰੋਡਮੈਪ ਤਿਆਰ ਕਰਨ ਅਤੇ ਪੁਲੀਸ ਬਲਾਂ ਵਿੱਚ ਸੰਸਥਾਗਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਪੁਲੀਸ ਦੀਆਂ ਰੋਜ਼ਾਨਾਂ ਚੁਣੌਤੀਆਂ ਦੇ ਹੱਲ ਲਈ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਜੋੜਨ ਦੀ ਅਪੀਲ ਕੀਤੀ ਤਾਂ ਕਿ ਤਕਨੀਕੀ ਹੱਲ ਲੱਭੇ ਜਾ ਸਕਣ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇੰਟੈਲੀਜੈਂਸ ਬਿਊਰੋ ਦੇ ਮੁਲਾਜ਼ਮਾਂ ਨੂੰ ਬੇਮਿਸਾਲ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਵੀ ਪ੍ਰਦਾਨ ਕੀਤੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly