ਪਲਾਸਟਿਕ ਦਾ ਮੱਘ

(ਸਮਾਜ ਵੀਕਲੀ)

ਕਈ ਦਿਨਾਂ ਤੋਂ ਮੇਰੀ ਪਤਨੀ ਮੈਨੂੰ ਨਹਾਉਣ ਵਾਸਤੇ ਪਲਾਸਟਿਕ ਦੀ ਬਾਲਟੀ ਤੇ ਮੱਘ ਸ਼ਹਿਰ ਤੋਂ ਲਿਆਉਣ ਲਈ ਕਹਿ ਰਹੀ ਸੀ। ਮੈਨੂੰ ਹੀ ਵਕਤ ਨਹੀਂ ਸੀ ਮਿਲ ਰਿਹਾ। ਅੱਜ ਮੈਨੂੰ ਥੋੜ੍ਹਾ ਵਕਤ ਮਿਲਿਆ, ਤਾਂ ਮੈਂ ਸ਼ਹਿਰ ਤੋਂ ਇਹ ਦੋਵੇਂ ਚੀਜ਼ਾਂ ਲਿਆਉਣ ਲਈ ਸਕੂਟਰੀ ਤੇ ਤੁਰ ਪਿਆ।ਸ਼ਹਿਰ ਪਹੁੰਚ ਕੇ ਮੈਂ ਆਪਣੀ ਸਕੂਟਰੀ ਜੇ ਪੀ ਪਲਾਸਟਿਕ ਹਾਊਸਹੋਲਡ ਗੁੱਡਜ ਦੇ ਬਾਹਰ ਖੜ੍ਹੀ ਕਰ ਲਈ। ਦੁਕਾਨ ਦੇ ਅੰਦਰ ਜਾ ਕੇ ਦੁਕਾਨਦਾਰ ਨੂੰ ਆਖਿਆ,” ਪਲਾਸਟਿਕ ਦੀ ਬਾਲਟੀ ਤੇ ਮੱਘ ਦਿਖਾਇਓ।”

ਦੁਕਾਨਦਾਰ ਨੇ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਨੂੰ ਆਖਿਆ,” ਓਏ ਜੀਤੇ,ਬਾਬੂ ਜੀ ਲਈ ਇਕ ਪਲਾਸਟਿਕ ਦੀ ਬਾਲਟੀ ਤੇ ਇਕ ਮੱਘ ਲੈ ਕੇ ਆ।”

ਜੀਤਾ ਪਲਾਸਟਿਕ ਦੀ ਬਾਲਟੀ ਤੇ ਮੱਘ ਲੈ ਆਇਆ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਮੇਰੇ ਅੱਗੇ ਕਰਦਿਆਂ ਦੁਕਾਨਦਾਰ ਨੇ ਆਖਿਆ,” ਲਉ ਬਾਬੂ ਜੀ ਬਾਲਟੀ ਤੇ ਮੱਘ। ਬਾਲਟੀ ‘ਚ ਪੱਚੀ ਲਿਟਰ ਤੇ ਮੱਘ ‘ਚ ਇਕ ਲਿਟਰ ਪਾਣੀ ਪੈਂਦਾ ਆ। ਬਾਲਟੀ 250 ਰੁਪਏ ਦੀ ਤੇ ਮੱਘ 60 ਰੁਪਏ ਦਾ ਆ।”

” ਬਾਲਟੀ ਤਾਂ ਠੀਕ ਆ, ਪਰ ਮੱਘ ਮੈਨੂੰ ਉਹ ਦਿਉ ਜਿਸ ਵਿਚ ਅੱਧਾ ਲਿਟਰ ਪਾਣੀ ਪੈਂਦਾ ਹੋਵੇ।” ਮੈਂ ਆਖਿਆ।

” ਬਾਬੂ ਜੀ ਉਸ ਮੱਘ ਨੂੰ ਕੋਈ ਨ੍ਹੀ ਲੈਂਦਾ।ਸਾਰੇ ਇਹੀ ਮੱਘ ਲੈ ਕੇ ਜਾਂਦੇ ਆ।”

” ਮੈਨੂੰ ਸਾਰਿਆਂ ਨਾਲ ਕੀ ਆ? ਇਸ ਮੱਘ ਨਾਲ ਨਹਾਣ ਨਾਲ ਪਾਣੀ ਜ਼ਿਆਦਾ ਵੇਸਟ ਹੋਣਾ। ਅੱਧੇ ਲਿਟਰ ਵਾਲੇ ਮੱਘ ਨਾਲ ਨਹਾਣ ਨਾਲ ਅੱਧਾ ਪਾਣੀ ਬਚ ਜਾਣਾ।”

” ਤੁਸੀਂ ਪਹਿਲੇ ਗਾਹਕ ਹੋ, ਜਿਹੜੇ ਅੱਧਾ ਲਿਟਰ ਵਾਲੇ ਮੱਘ ਦੀ ਮੰਗ ਕਰ ਰਹੇ ਹੋ। ਲੋਕ ਪਾਣੀ ਬਚਾਣ ਬਾਰੇ ਤਾਂ ਕਦੇ ਸੋਚਦੇ ਈ ਨਹੀਂ। ਜੇ ਸਾਰੇ ਤੁਹਾਡੇ ਵਾਂਗ ਸੋਚਣ ਲੱਗ ਪੈਣ, ਤਾਂ ਕਾਫੀ ਪਾਣੀ ਬਚ ਸਕਦੈ।”

ਦੁਕਾਨਦਾਰ ਨੇ ਜੀਤੇ ਨੂੰ ਕਹਿ ਕੇ ਅੱਧੇ ਲਿਟਰ ਵਾਲਾ ਮੱਘ ਮੰਗਾ ਕੇ ਮੈਨੂੰ ਦੇ ਦਿੱਤਾ। ਮੈਂ ਬਾਲਟੀ ਤੇ ਮੱਘ ਦੇ ਪੈਸੇ ਦੇ ਕੇ ਦੁਕਾਨ ਤੋਂ ਬਾਹਰ ਆ ਗਿਆ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ -9915803554

 

Previous articleਲੋਕ ਵਿਕਾਊ ਨਹੀਂ ਹੁੰਦੇ ….?
Next articleਰੁਕਸਾਨਾ ਬੇਗ਼ਮ