(ਸਮਾਜ ਵੀਕਲੀ)
ਅਸੀਂ ਆਮ ਹੀ ਸੁਣਿਆ ਹੋਵੇਗਾ ਕਿ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਬੰਜ਼ਰ ਅਤੇ ਵਿਰਾਨ ਪਈ ਧਰਤੀ ਨੂੰ ਹਰਿਆ ਭਰਿਆ ਕੀਤਾ ਜਾ ਸਕਦਾ ਹੈ। ਕੁਝ ਅਜਿਹਾ ਹੀ ਕਰ ਕਿ ਦਿਖਾਇਆ ਹੈ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਇੱਕ ਹੋਣਹਾਰ ਨੌਜਵਾਨ ਈਸ਼ ਪੁਰੀ ਨੇ , ਜ਼ੋ ਕਿ ਪੰਜਾਬ ਸਰਕਾਰ ਦੇ ਜੰਗਲਾਤ ਮਹਿਕਮੇ ਵਿੱਚ ਬਤੌਰ ਗਾਰਡ ਦੀ ਡਿਊਟੀ ਪਿੰਡ ਸਮਾਲਸਰ ਜਿਲ੍ਹਾ ਮੋਗਾ ਵਿਖੇ ਅਣਥਕ ਮਿਹਨਤ ਅਤੇ ਲਗਨ ਨਾਲ ਨਿਭਾ ਰਿਹੇ ਹਨ।ਉਨ੍ਹਾਂ ਦੇ ਕਹਿਣ ਮੁਤਾਬਿਕ ਆਪ ਦੀ ਚੋਣ 2012 ਵਿੱਚ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੇਰ ਖਾਂ ਵਿਖੇ ਬਤੌਰ ਗਾਰਡ ਹੋਈ ਸੀ ਜਿੱਥੇ ਉਨ੍ਹਾਂ ਨੇ ਪੰਜ ਸਾਲ ਬਹੁਤ ਇਮਾਨਦਾਰੀ ਅਤੇ ਅਣਥੱਕ ਮਿਹਨਤ ਨਾਲ ਵੱਡੀ ਗਿਣਤੀ ਵਿੱਚ ਰੁੱਖਾਂ ਦੀ ਪੈਦਾਵਰ ਕੀਤੀ ।
ਸਾਲ 2017 ਵਿੱਚ ਉਨ੍ਹਾਂ ਦੀ ਬਦਲੀ ਜਿਲ੍ਹਾ ਮੋਗਾ ਦੇ ਪਿੰਡ ਸਮਾਲਸਰ ਦੀ ਹੋ ਗਈ ।ਜਿੱਥੇ ਪਿਛਲੇ ਕਈ ਸਾਲਾਂ ਤੋਂ ਦਰੱਖਤਾਂ ਦੀ ਅੰਧਾ-ਧੁੰਦ ਕਟਾਈ ਕਰਕੇ ਉਜਾੜ ਪਏ ਨਹਿਰੀ ਖੇਤਰ ਨੂੰ ਮੁੜ ਸੁਰਜੀਤ ਕਰਨ ਵਿੱਚ ਅਣਥੱਕ ਯਤਨ ਕਰ ਰਿਹਾ ਹੈ। ਉਸਦੀ ਇਸ ਮਿਹਨਤ ਸਦਕਾ ਉਨ੍ਹਾਂ ਥਾਵਾਂ ਤੇ ਹੁਣ ਹਰਿਆਲੀ ਨਜ਼ਰ ਆਉਣ ਲੱਗੀ ਹੈ ਜਿੱਥੇ ਕਿਤੇ ਪਹਿਲਾਂ ਬਰਬਰ ਉੱਡਦੀ ਸੀ ਜਿਵੇਂ ਸਮਾਲਸਰ ਮੁਸਲਮਾਨ ਭਾਈਚਾਰੇ ਦੀ ਕਬਰਾਂ ਕੋਲ ਲੱਗੀਆਂ ਨਿੰਮਾਂ , ਪੰਜਗਰਾਂਈ ਖੁਰਦ ਦੇ ਪੁਲ ਕੋਲ ਲੱਗੀਆਂ ਕਿੱਕਰਾਂ ਅਤੇ ਜਾਮਨਾਂ। ਉਹ ਹੁਣ ਤੱਕ 37 ਤੋਂ 38 ਹਜ਼ਾਰ ਦੇ ਲੱਗਭਗ ਬੂਟੇ ਲਗਵਾ ਚੁੱਕਿਆ ਹੈ ਜਿਹੜੇ ਕਿ ਸਮਾਲਸਰ ਵਣ ਵਿਭਾਗ ਅੰਦਰ ਪੈਂਦੇ ਪਿੰਡਾਂ ਜਿਵੇਂ ਸੇਖਾ ਕਲਾਂ , ਸੇਖਾ ਖੁਰਦ, ਬੰਬੀਹਾ ਭਾਈ, ਵੈਰੋਕੇ, ਮੱਲਕੇ ਅਤੇ ਪੰਜਗਰਾਂਈ ਖੁਰਦ ਵਿੱਚ ਪੈਣ ਵਾਲੇ ਕੱਸੀਆਂ, ਸੂਏ ਅਤੇ ਲੰਕ ਸੜਕਾਂ ਉੱਤੇ ਰੰਗ ਬਰੰਗੇ ਫੁੱਲਾਂ ਅਤੇ ਫਲਾਂ ਵਾਲੇ ਦਰੱਖਤ ਸ਼ੁੱਧ ਆਕਸੀਜਨ ਅਤੇ ਮਹਿਕਾਂ ਵੰਡਦੇ ਦਿਲ ਨੂੰ ਸਕੂਨ ਦਿੰਦੇ ਹਨ ।
ਦਰਖੱਤ ਲਗਾਉਣ ਤੋਂ ਲੈ ਕੇ ਉਨ੍ਹਾਂ ਦੀ ਦੇਖ ਰੇਖ ਲਈ ਉਸਨੇ ਮਨਰੇਗਾਂ ਸਕੀਮ ਅਧੀਨ 80 ਤੋਂ 90 ਮਜ਼ਦੂਰ ਕੰਮ ਕਰਦੇ ਹਨ ਜਿੰਨ੍ਹਾਂ ਲਈ ਇਹ ਰੋਜੀ ਰੋਟੀ ਚੰਗਾ ਵਸੀਲਾ ਬਣਿਆ ਹੋਇਆ ਹੈ।ਸਮਾਲਸਰ ਅੰਗਰੇਜ਼ਾਂ ਵਾਲੀ ਕੋਠੀ ਕੋਲ ਬਣੀ ਨਰਸਰੀ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਤਿਆਰ ਕੀਤੇ ਜਾਂਦੇ ਹਨ । ਪੰਜਾਬ ਸਰਕਾਰ ਵੱਲੋਂ ਚਲਾਈ ‘ਆਈ ਹਰਿਆਲੀ ਐਪ’ ਅਧੀਨ ਲੋਕਾਂ ਨੂੰ ਮੁਫਤ ਬੂਟੇ ਵੰਡੇ ਜਾਂਦੇ ਹਨ , ਜਿਸਦਾ ਲਾਹਾ ਵੱਡੀ ਗਿਣਤੀ ਵਿੱਚ ਲੋਕ ਲੈ ਰਹੇ ਹਨ। ਅਸੀਂ ਅਖਬਾਰਾਂ ਵਿੱਚ ਆਮ ਦੇਖਦੇ ਹਾਂ ਕਿ ਫਲਾਨੇ ਮਸ਼ਹੂਰ ਬੰਦੇ ਨੇੇ ਐਨੇ ਦਰੱਖਤ ਲਗਾਏ , ਪਰ ਇਹ ਸਭ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦਾ ਹੈ ਅਸਲ ਵਿੱਚ ਉਨ੍ਹਾਂ ਦਰੱਖਤਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ । ਦੂਜੇ ਪਾਸੇ ਪੁਰੀ ਵਰਗੇ ਇਮਾਨਦਾਰ ਅਫਸਰ ਹਨ ਜਿਹੜੇ ਆਪਣੇ ਸ਼ਹਿਰ ਦੇ ਗਲੀ ਗਵਾਂਢ ਵਿੱਚ ਵੀ ਗਮਲਿਆਂ ਵਿੱਚ ਸੋਹਣੇ ਰੁੱਖ ਲਗਾ ਕੇ ਇਸ ਪ੍ਰਕਿਰਤੀ ਨੂੰ ਸਾਫ ਅਤੇ ਸਵੱਛ ਬਣਾਉਣ ਵਿੱਚ ਆਪਣਾ ਵੱਡਾ ਰੋਲ ਅਦਾ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਿੰਡਾਂ ਦੀਆਂ ਪੰਚਾਇਤਾਂ ਸਹਿਯੋਗ ਦੇਣ ਤਾਂ ਅਸੀਂ ਪੰਚਾਇਤ ਖੇਤਰਾਂ ਵਿੱਚ ਫਲਦਾਰ ਅਤੇ ਛਾਂਦਾਰ ਦਰੱਖਤ ਲਗਾਉਣ ਲਈ ਤੱਤਪਰ ਰਹਾਂਗੇ।ਉਹ ਆਪਣੇ ਕੋਲੋਂ ਖਰਚਾ ਕਰਕੇ ਜਿਹੜੀਆਂ ਜਗ੍ਹਾ ਉੱਪਰ ਪਾਣੀ ਦਾ ਬੰਦੋਬਸਤ ਨਹੀਂ ਟੈਂਕਾਂ ਰਾਹੀ ਪਾਣੀ ਪਵਾਉਂਦਾ ਹੈ । ਜਿਸਦੇ ਸਿੱਟੇ ਵਜੋਂ ਪਿੰਡ ਸਮਾਲਸਰ ਮੇਨ ਹਾਈਵੇ ਤੋਂ ਬਾਜਾਖਾਨਾ ਬਠਿੰਡਾ ਰੋਡ ਉੱਪਰ ਲੱਗੇ ਸੋਹਣੇ ਛਾਂਦਾਰ ਦਰੱਖਤਾਂ ਨੂੰ ਵੇਖ ਕੇ ਬੰਦੇ ਦੀ ਰੂਹ ਖਿੜ ਜਾਂਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਹਿਯੋਗ ਦੇਣ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਲਈ ਥੋੜ੍ਹਾ ਜਿਹਾ ਅੜਿੱਕਾ ਲੱਗਣ ਤੇ ਦਰੱਖਤ ਕੱਟ ਦਿੰਦੇ ਹਾਂ ਜਾਂ ਕਿਸਾਨ ਭਾਈਚਾਰਾ ਆਪਣੀ ਫਸਲ ਦਾ ਨੁਕਸਾਨ ਸਮਝ ਆਪਣੇ ਖੇਤਾਂ ਦੇ ਮੱਥੇ ਲੱਗੇ ਦਰੱਖਤਾਂ ਨੂੰ ਵੱਢ ਰਹੇ ਹਨ।
ਪਰ ਸੋਚਣ ਵਾਲੀ ਗੱਲ ਹੈ ਕਿ ਵਣ ਵਿਭਾਗ ਅੰਦਰ ਕੰਮ ਕਰਨ ਵਾਲਾ ਇਹ ਨੌਜਵਾਨ ਅਫਸਰ ਸਮੇਂ ਸਮੇਂ ਸੈਮੀਨਾਰ ਅਤੇ ਜਨਤਕ ਇਕੱਠਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਹੈ ਜਿੰਨ੍ਹਾਂ ਨਾਲ ਦਿਨੋਂ ਦਿਨ ਡਿੱਗ ਰਹੇ ਪਾਣੀ ਦੇ ਸਤਲ , ਸਾਡੀ ਬੰਜਰ ਹੋ ਰਹੀ ਭੂਮੀ ਅਤੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਸਾਫ ਰੱਖਿਆ ਜਾ ਸਕਦਾ ਹੈ। ਸੋ ਸਾਨੂੰ ਵੀ ਆਪਣੇ ਭਵਿੱਖ ਦੇ ਸਿਰ ਤੇ ਮੰਡਰਾ ਰਹੇ ਪੌਣ ਪਾਣੀ ਦੇ ਖਤਰੇ ਨੂੰ ਟਾਲਣ ਲਈ ਅਜਿਹੇ ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਦਾ ਸਾਥ ਦੇਣਾ ਚਾਹੀਦਾ ਹੈ।
ਸਤਨਾਮ ਸਮਾਲਸਰੀਆ
99142-98580
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly