ਗ੍ਰਹਿ ਚੱਕਰ

0
28
ਮਨਜੀਤ ਮਾਨ

(ਸਮਾਜ ਵੀਕਲੀ)

ਰੁਪਾਲੀ ਨੂੰ ਤਿੰਨ ਸਾਲ ਹੋ ਗਏ ਸਨ ਇਸ ਸਕੂਲ ਵਿੱਚ ਸਾਇੰਸ ਅਧਿਆਪਕਾ ਦੇ ਤੌਰ ਤੇ ਡਿਊਟੀ ਕਰਦੀ ਨੂੰ।ਇਹ ਪਿੰਡ ਸ਼ਹਿਰ ਨਾਲੋਂ ਥੋੜ੍ਹਾ ਦੂਰ ਤੇ ਟੁਟਵਾਂ ਹੋਣ ਕਰਕੇ ਇੱਥੇ ਕੋਈ ਵੀ ਅਧਿਆਪਕ ਜ਼ਿਆਦਾ ਦੇਰ ਟਿਕਦਾ ਨਹੀਂ ਸੀ ਤੇ ਬਦਲੀ ਕਰਵਾ ਕੇ ਚਲਾ ਜਾਂਦਾ ਸੀ।ਪਰ ਰੁਪਾਲੀ ਨੇ ਇੱਥੇ ਰਹਿ ਕੇ ਬੱਚਿਆਂ ਲਈ ਨੀਰਸ ਬਣੇ ਪਏ ਸਾਇੰਸ ਦੇ ਵਿਸ਼ੇ ਨੂੰ ਫਿਰ ਤੋਂ ਰੌਚਿਕ ਬਣਾ ਦਿੱਤਾ ਸੀ।ਉਹ ਆਪ ਵੀ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਦੂਰ ਇਸ ਛੋਟੇ ਜਿਹੇ ਪਿੰਡ ਦੇ ਸਕੂਲ ਵਿੱਚ ਪੜ੍ਹਾ ਕੇ ਖੁਸ਼ ਸੀ।

ਪਰ ਉਸਦੇ ਮਾਂ ਪਿਉ ਚਾਹੁੰਦੇ ਸਨ ਕਿ ਉਹ ਸ਼ਹਿਰ ਦੇ ਕਿਸੇ ਸਕੂਲ ਵਿੱਚ ਬਦਲੀ ਕਰਵਾ ਕੇ ਵਿਆਹ ਕਰਵਾ ਲਵੇ ਕਿਉਂਕਿ ਰੁਪਾਲੀ ਦੇ ਮੰਗਲੀਕ ਹੋਣ ਕਰਕੇ ਉਸਦਾ ਕਿਤੇ ਰਿਸ਼ਤਾ ਨਹੀਂ ਹੋ ਰਿਹਾ ਸੀ ਜਿਸ ਕਰਕੇ ਉਸਦੇ ਮਾਂ ਪਿਉ ਹਰ ਵੇਲੇ ਚਿੰਤਾ ਵਿੱਚ ਰਹਿੰਦੇ ਸਨ।ਜਦ ਕਈ ਜਗ੍ਹਾ ਕੁੰਡਲੀ ਮਿਲਾਉਣ ਤੋਂ ਬਾਅਦ ਵੀ ਕਿਤੇ ਗੱਲ ਨਾ ਬਣੀ ਤਾਂ ਰੁਪਾਲੀ ਦੀ ਮਾਂ ਨੇ ਉਸਨੂੰ ਇੱਕ ਸਿਆਣੇ ਕੋਲ ਜਾਣ ਲਈ ਮਨਾ ਲਿਆ ਸੀ। ਰੁਪਾਲੀ ਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ ਸੀ ਪਰ ਫਿਰ ਆਪਣੀ ਮਾਂ ਵੱਲ ਵੇਖ ਕੇ ਉਹ ਸਿਆਣੇ ਕੋਲ ਚਲੀ ਗਈ ਸੀ।ਸਿਆਣੇ ਨੇ ਰੁਪਾਲੀ ਦਾ ਹੱਥ ਵੇਖ ਕੇ ਕਿਹਾ,ਬੀਬਾ ਤੇਰੇ ਤੇ ਤਾਂ ਗ੍ਰਹਿ ਚੱਕਰ ਚੱਲ ਰਿਹਾ ਹੈ ਸ਼ਨੀ ਤੇਰੇ ਤੇ ਭਾਰੂ ਹੈ ਉਹ ਤੇਰੀ ਕੁੰਡਲੀ ਵਿੱਚ ਬੈਠਾ ਹੈ।ਉਸਦਾ ਉਪਾਅ ਕਰਨਾ ਪਵੇਗਾ।

ਇਸ ਲਈ ਇਕਵੰਜਾ ਸੌ ਰੁਪਏ ਲੱਗੇਗਾ‌।ਸਿਆਣੇ ਦੇ ਮੂੰਹੋਂ ਗ੍ਰਹਿ ਚੱਕਰ ਤੇ ਸ਼ਨੀ ਦਾ ਨਾਂ ਸੁਣ ਕੇ ਰੁਪਾਲੀ ਨੂੰ ਆਪਣੇ ਸਕੂਲ ਵਿੱਚ ਪੜ੍ਹਾਇਆ ਗ੍ਰਹਿ ਚੱਕਰ ਯਾਦ ਆ ਗਿਆ ਸੀ।ਉਹ ਸਕੂਲ ਵਿੱਚ ਬੱਚਿਆਂ ਨੂੰ ਸ਼ਨੀ ਸਮੇਤ ਸਾਰੇ ਗ੍ਰਹਿਆਂ ਬਾਰੇ ਪੜ੍ਹਾਉਂਦੀ ਸੀ।ਹੁਣ ਉਹੀ ਗ੍ਰਹਿ ਚੱਕਰ ਉਸ ਲਈ ਬਿਪਤਾ ਬਣ ਗਿਆ ਸੀ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਉਸਦਾ ਪੜ੍ਹਾਇਆ ਗ੍ਰਹਿ ਚੱਕਰ ਸਹੀ ਹੈ ਕਿ ਸਿਆਣੇ ਦਾ ਦੱਸਿਆ।ਉਹ ਚੁੱਪ ਚਾਪ ਬੈਠੀ ਆਪਣੇ ਹੱਥਾਂ ਦੀਆਂ ਲਕੀਰਾਂ ਵੇਖ ਰਹੀ ਸੀ।

ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ 7009898044

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly