- ਪੀਐੱਸਜੀਪੀਸੀ ਅਤੇ ਈਟੀਪੀਬੀ ਦੇ ਅਧਿਕਾਰੀਆਂ ਨੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਅੰਮ੍ਰਿਤਸਰ (ਸਮਾਜ ਵੀਕਲੀ): ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਕਰੋਨਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ। ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਕਰੋਨਾ ਟੈਸਟ ਵੀ ਕਰਵਾਉਣਾ ਪਵੇਗਾ। ਉਧਰ ਗੁਰਪੁਰਬ ਦੇ ਪ੍ਰਬੰਧਾਂ ਲਈ ਲਾਹੌਰ ’ਚ ਪੀਐੱਸਜੀਪੀਸੀ ਅਤੇ ਈਟੀਪੀਬੀ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਵੀ ਹੋਈ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਸਥਿਤ ਗੁਰਧਾਮਾਂ ’ਤੇ ਨਤਮਸਤਕ ਹੋਣ ਲਈ ਸ਼ਰਧਾਲੂਆਂ ਦਾ ਜਥਾ 17 ਨਵੰਬਰ ਨੂੰ ਉਥੇ ਜਾਵੇਗਾ ਅਤੇ 27 ਨਵੰਬਰ ਨੂੰ ਪਰਤੇਗਾ। ਲਗਪਗ 3 ਹਜ਼ਾਰ ਸ਼ਰਧਾਲੂਆਂ ਦਾ ਇਹ ਜਥਾ ਪਾਕਿਸਤਾਨ ਸਥਿਤ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰੇਗਾ। ਇਸ ਦੌਰਾਨ 17 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੋਵੇਗਾ ਅਤੇ 19 ਨਵੰਬਰ ਨੂੰ ਇਸ ਦੇ ਭੋਗ ਪੈਣਗੇ।
ਸ਼ਰਧਾਲੂਆਂ ਲਈ ਪਾਕਿਸਤਾਨ ਸਰਕਾਰ ਵੱਲੋਂ ਕਰੋਨਾ ਟੀਕਾਕਰਨ ਅਤੇ ਦੋਵੇਂ ਟੈਸਟ ਦੋਵੇਂ ਲਾਜ਼ਮੀ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਿਹੜੇ ਸ਼ਰਧਾਲੂ ਪਾਕਿਸਤਾਨ ਜਾਣਗੇ, ਉਨ੍ਹਾਂ ਲਈ ਕਰੋਨਾ ਤੋਂ ਬਚਾਅ ਦੇ ਟੀਕੇ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਜ਼ਰੂਰੀ ਹਨ। ਪਾਕਿਸਤਾਨ ਦੇ ਦਿੱਲੀ ਸਥਿਤ ਹਾਈ ਕਮਿਸ਼ਨ ਨੇ ਟੈਲੀਫੋਨ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧ ’ਚ ਸੂਚਿਤ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਸ਼ਰਧਾਲੂਆਂ ਲਈ 72 ਘੰਟੇ ਪਹਿਲਾਂ ਕਰੋਨਾ ਟੈਸਟ ਦੀ ਰਿਪੋਰਟ ਲਾਜ਼ਮੀ ਹੈ। ਜਿਨ੍ਹਾਂ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਜਮ੍ਹਾਂ ਕਰਵਾਏ ਹਨ, ਉਹ ਇਸ ਸ਼ਰਤ ਵੱਲ ਧਿਆਨ ਦੇਣ ਤਾਂ ਜੋ ਉਨ੍ਹਾਂ ਨੂੰ ਪਾਕਿਸਤਾਨ ਜਾਣ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਦਫ਼ਤਰ ’ਚ ਕਰੋਨਾ ਟੈਸਟ ਲਈ ਕੈਂਪ ਲਗਾਇਆ ਜਾਵੇਗਾ, ਜਿਸ ਦੀਆਂ ਤਰੀਕਾਂ ਬਾਰੇ ਛੇਤੀ ਹੀ ਸ਼ਰਧਾਲੂਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ ਦੌਰਾਨ ਗੁਰਪੁਰਬ ਦੇ ਪ੍ਰਬੰਧਾਂ ਸਬੰਧੀ ਬੀਤੇ ਕੱਲ ਔਕਾਫ ਬੋਰਡ ਦੇ ਲਾਹੌਰ ਸਥਿਤ ਦਫ਼ਤਰ ’ਚ ਤਾਲਮੇਲ ਕਮੇਟੀ ਦੀ ਇਕ ਮੀਟਿੰਗ ਹੋਈ ਹੈ, ਜਿਸ ਵਿਚ ਈਟੀਪੀਬੀ ਦੇ ਅਧਿਕਾਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਤੇ ਹੋਰ ਸ਼ਾਮਲ ਹੋਏ। ਈਟੀਪੀਬੀ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਨੇ ਗੁਰਪੁਰਬ ਦੇ ਪ੍ਰਬੰਧਾਂ ਸਬੰਧੀ ਅਤੇ ਆਉਣ ਵਾਲੇ ਸ਼ਰਧਾਲੂਆਂ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਖ ਵੱਖ ਵਿਭਾਗਾਂ ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ ਅਤੇ ਸਮੀਖਿਆ ਵੀ ਕੀਤੀ।
ਪੀਐੱਸਜੀਪੀਸੀ ਦੇ ਪ੍ਰਧਾਨ ਅਮੀਰ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਆਮਦ ਸਬੰਧੀ ਕੀਤੇ ਗਏ ਪ੍ਰਬੰਧ ਤਸੱਲੀਬਖਸ਼ ਹਨ। ਫੈਡਰਲ ਮੰਤਰੀ ਡਾ. ਨੂੂਰ ਉੱਲ ਕਾਦਰੀ ਅਤੇ ਈਟੀਪੀਬੀ ਦੇ ਚੇਅਰਮੈਨ ਡਾ. ਆਮਿਰ ਅਹਿਮਦ ਵਲੋਂ ਵੀ ਸਮੁੱਚੇ ਪ੍ਰਬੰਧਾਂ ਦੀ ਜਾਣਕਾਰੀ ਲਈ ਗਈ ਹੈ।
ਇਹ ਸਾਰੇ ਪ੍ਰਬੰਧ ਈਟੀਪੀਬੀ ਅਤੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਵਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਜਥੇ ਲਈ ਦਸ ਦਿਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤਹਿਤ 17 ਨਵੰਬਰ ਨੂੰ ਸ਼ਰਧਾਲੂਆਂ ਦਾ ਵਾਹਗਾ ਸਰਹੱਦ ’ਤੇ ਸਵਾਗਤ ਕੀਤਾ ਜਾਵੇਗਾ। ਸ਼ਰਧਾਲੂਆਂ ਨੂੰ ਉਥੋਂ ਬੱਸਾਂ ਰਾਹੀਂ ਗੁਰਦੁਆਰਾ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ, ਜਿਥੇ 19 ਨਵੰਬਰ ਨੂੰ ਗੁਰਪਰਬ ਮਨਾਇਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly