*ਜਿਸਮਾਨੀ ਬਨਾਮ ਰੂਹਾਨੀ ਪਿਆਰ*

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਸੀਨੇ ਵਿੱਚ ਲੁਕੋ ਦਰਦਾਂ ਨੂੰ, ਹੱਸ ਵਿਖਾਵੇਂ ਸਾਨੂੰ ਕਿਉਂ ?
‘ਕਲਿੱਆਂ ਬਹਿ ਬਹਿ ਰੋਣ ਵਾਲ਼ੀਏ ਚੁੱਪ ਕਰਾਵੇਂ ਸਾਨੂੰ ਕਿਉਂ ?

ਵਾਂਗ ਕਿਤਾਬਾਂ ਪੜ੍ਹ ਬੈਠੇਂ ਹਾਂ, ਇੱਕ ਦੂਜੇ ਨੂੰ ਧੁਰ ਤੀਕਰ,
ਮਨ ਵਿੱਚ ਚਲਦਾ ਅੰਦਰ ਦੱਬ, ਮਨਘੜਤ ਪੜ੍ਹਾਵੇਂ ਸਾਨੂੰ ਕਿਉਂ ?

ਅੱਖਾਂ ਵਿਚਲੀ ਸਿੱਲ੍ਹ ਬੋਲਦੀ, ਆਏ ਬੜੇ ਜਵਾਰਭਾਟੇ,
ਦਿਲਕਸ਼ ਲਹਿਰਾਂ ਆਖ ਆਖ ਕੇ, ਚਾਰੀ ਜਾਵੇਂ ਸਾਨੂੰ ਕਿਉਂ ?

ਕੱਟਿਆ ਜੋ ਜਗਰਾਤਾ, ਦੱਸ ਰਹੀ ਹੈ ਸੋਜਿਸ਼ ਪਲਕਾਂ ਦੀ,
ਸੁਪਨੇ ਆਏ ਹਸੀਨ ਆਖ ਕੇ, ਝੂਠ ਸੁਣਾਵੇਂ ਸਾਨੂੰ ਕਿਉਂ ?

‘ਖਾਸ ਨਹੀਂ ਕੁੱਝ ਖਾਸ ਨਹੀਂ ਬੱਸ’ ਮੁੜ-ਘਿੜ ਲਿਆਕੇ ਬੁੱਲ੍ਹਾਂ ‘ਤੇ,
ਆਮ ਵਾਗੂੰ ਸਭ ਕੁੱਝ ਅੱਜ ਵੀ ਹੈ, ਪਈ ਜਚਾਵੇਂ ਸਾਨੂੰ ਕਿਉਂ ?

ਰੂਹਾਂ ਵਾਲ਼ਾ ਮੇਲ ਹੀ ਝੱਲੀਏ ਅਸਲ ‘ਚ ਸੱਚਾ ਪਿਆਰ ਹੁੰਦਾ,
ਜਿਸਮਾਂ ਦਿਆਂ ਵਪਾਰੀਆਂ ਵਾਕਰ, ਪਈ ਤਕਾਵੇਂ ਸਾਨੂੰ ਕਿਉਂ ?

ਦੇਣ ਮਾਪਿਆਂ ਦੀ ਭੁੱਲੇ ਨਾ ਜੋ, ਸਾਡੇ ਵੀ ਮਨਭਾਉਂਦਾ ਏ,
ਬੇਅਕਲੇ ਜਾਂ ਲੋਫਰ ਹਾਂ, ਅਹਿਸਾਸ ਕਰਾਵੇਂ ਸਾਨੂੰ ਕਿਉਂ ?

ਸੁੱਖ ਹੋਵੇ ਜਾਂ ਦੁੱਖ ਨੀ ਮਿੱਠੀਏ, ਵੰਡ ਵੰਡਾ ਕੇ ਕੱਟਾਂਗੇ,
ਮਨ ਆਪਣੇ ਵਿੱਚ ਗੰਢ ਬਣਾ ਕੇ, ਨਾਲ਼ ਸਤਾਵੇਂ ਸਾਨੂੰ ਕਿਉਂ ?

ਇੱਜ਼ਤ, ਅਣਖ, ਸਮਾਜਿਕ ਦਾਇਰੇ ਸਭ ਪੱਲੇ ਨਾਲ਼ ਬੰਨ੍ਹੇ ਨੇ,
‘ਬੇਸ਼ੱਕ ਘੱਟ ਪਰ ਸਮਝਦਾਰ ਹਾਂ’, ਪਈ ਭੁਲਾਵੇਂ ਸਾਨੂੰ ਕਿਉਂ ?

ਮੋਹ ਜਿਸਮਾਨੀ ਕਰਨ ਬਥੇਰੇ ਟਿਕੀਏ ਚੱਲ ਰੂਹਾਨੀ ‘ਤੇ,
ਦੁੱਖ ਫਿਰ ਕਿਵੇਂ ਡਰਾ ਲੈਣਗੇ, ਟਾਵੇਂ ਟਾਵੇਂ ਸਾਨੂੰ ਕਿਉਂ ?

ਰੋਮੀ ਘੜਾਮੇਂ ਵਾਲ਼ਾ
98552-81105

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਦੇ ਨਾਲ ਜੰਗ
Next articleਨਸ਼ਾ ਜ਼ਵਾਨੀ ਬਾਹਰਲੇ ਦੇਸ਼