ਪਰੋਪਕਾਰ ਦਾ ਚਿੰਤਨ

ਗੁਰਮਾਨ ਸੈਣੀ

(ਸਮਾਜ ਵੀਕਲੀ)

ਇੱਕ ਬਾਦਸ਼ਾਹ ਸੀ ਜਿਸਨੂੰ ਸ਼ਿਲਪ ਕਲਾ ਵਿੱਚ ਬਹੁਤ ਰੁਚੀ ਸੀ। ਉਸਦੀ ਪਸੰਦ ਵੀ ਬਹੁਤ ਵਧੀਆ ਸੀ। ਉਹ ਮੂਰਤੀਆਂ ਦੀ ਖੋਜ ਵਿੱਚ ਦੇਸ਼ ਪ੍ਰਦੇਸ ਭਾਉਂਦਾ ਫਿਰਦਾ ਤੇ ਉੱਥੋਂ ਮੂਰਤੀਆਂ ਲੈ ਕੇ ਆਉਂਦਾ। ਇਉਂ ਬਹੁਤ ਸਾਰੀਆਂ ਮੂਰਤੀਆਂ ਰਾਜ ਮਹਿਲ ਵਿੱਚ ਸਜਾਈਆਂ ਹੋਈਆਂ ਸਨ।
ਸਾਰੀਆਂ ਮੂਰਤੀਆਂ ਵਿੱਚੋਂ ਤਿੰਨ ਤਾਂ ਉਸ ਨੂੰ ਬਹੁਤ ਪਿਆਰੀਆਂ ਸਨ। ਸਭ ਜਾਣਦੇ ਸਨ ਕਿ ਬਾਦਸ਼ਾਹ ਦਾ ਇਨ੍ਹਾਂ ਤਿੰਨ ਮੂਰਤੀਆਂ ਨਾਲ ਬੇਹੱਦ ਲਗਾਓ ਹੈ।

ਇੱਕ ਦਿਨ ਜਦੋਂ ਇੱਕ ਨੌਕਰ ਇਨ੍ਹਾਂ ਮੂਰਤੀਆਂ ਦੀ ਸਫਾਈ ਕਰ ਰਿਹਾ ਸੀ ਤਾਂ ਗਲਤੀ ਨਾਲ ਉਸਤੋਂ ਇੱਕ ਮੂਰਤੀ ਗਿਰ ਕੇ ਟੁੱਟ ਗਈ। ਬਾਦਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਨੌਕਰ ਲਈ ਤੁਰੰਤ ਮੌਤ ਦਾ ਫ਼ਰਮਾਨ ਜਾਰੀ ਕਰ ਦਿੱਤਾ।

ਸਜ਼ਾ ਸੁਣਨ ਤੋਂ ਬਾਅਦ ਨੌਕਰ ਨੇ ਤੁਰੰਤ ਬਾਕੀ ਦੋ ਮੂਰਤੀਆਂ ਨੂੰ ਵੀ ਤੋੜ ਦਿੱਤਾ। ਇਹ ਦੇਖ ਕੇ ਸਭ ਹੈਰਾਨ ਰਹਿ ਗਏ।

ਬਾਦਸ਼ਾਹ ਨੇ ਜਦੋਂ ਨੌਕਰ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਨੌਕਰ ਨੇ ਕਿਹਾ , ” ਮਹਾਰਾਜ ! ਗਲਤੀ ਮਾਫ਼ ਹੋਵੇ, ਇਹ ਮੂਰਤੀਆਂ ਮਿੱਟੀ ਦੀਆਂ ਬਣੀਆਂ ਹੋਈਆਂ ਹਨ, ਬੇਹੱਦ ਨਾਜ਼ੁਕ ਹਨ। ਅਮਰਤਾ ਦਾ ਵਰਦਾਨ ਲੈ ਕੇ ਨਹੀਂ ਆਈਆਂ। ਅੱਜ ਨਹੀਂ ਤਾਂ ਕਲ੍ਹ ਟੁੱਟ ਹੀ ਜਾਣੀਆਂ ਸਨ। ਮੇਰੇ ਵਰਗੇ ਕਿਸੇ ਨੌਕਰ ਤੋਂ ਟੁੱਟਦੀਆਂ ਤਾਂ ਬੇਵਜ੍ਹਾ ਉਸਨੂੰ ਵੀ ਮੌਤ ਦੀ ਸਜ਼ਾ ਸੁਣਾਈ ਜਾਂਦੀ। ਮੈਨੂੰ ਤਾਂ ਮੌਤ ਦੀ ਸਜ਼ਾ ਦਾ ਹੁਕਮ ਹੋ ਹੀ ਚੁੱਕਾ ਹੈ ਇਸ ਲਈ ਮੈਂ ਇਹ ਦੋ ਮੂਰਤੀਆਂ ਤੋੜ ਕੇ ਦੋ ਹੋਰ ਬੰਦਿਆਂ ਦੀ ਜਾਨ ਬਚਾ ਲਈ ਹੈ।

ਇਹ ਸੁਣ ਕੇ ਬਾਦਸ਼ਾਹ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਨੌਕਰ ਦੀ ਸਜ਼ਾ ਮੁਆਫ਼ ਕਰ ਦਿੱਤੀ।

ਨੌਕਰ ਨੇ ਉਨ੍ਹਾਂ ਨੂੰ ਸੁਆਸਾਂ ਦਾ ਮੁੱਲ ਦੱਸਿਆ ਤੇ ਨਾਲ ਹੀ ਇਹ ਵੀ ਸਿਖਾਇਆ ਕਿ ਨਿਆਂ ਦੇ ਆਸਣ ਉੱਤੇ ਬਹਿ ਕੇ ਆਪਣੇ ਨਿਜੀ ਪ੍ਰੇਮ ਦੇ ਚਲਦਿਆਂ ਨਿੱਕੀ ਜਿਹੀ ਗਲਤੀ ਲਈ ਮੌਤ ਦੀ ਸਜ਼ਾ ਦੇਣਾ ਉਸ ਆਸਣ ਦਾ ਅਪਮਾਨ ਹੈ। ਬਾਦਸ਼ਾਹ ਨੂੰ ਸਮਝ ਆਇਆ ਕਿ ਮੇਰੇ ਨਾਲੋਂ ਵੱਧ ਚੰਗਾ ਤਾਂ ਇਹ ਨੌਕਰ ਹੈ ਜਿਸਨੇ ਮੌਤ ਦੇ ਇੰਨਾਂ ਨੇੜੇ ਹੋਣ ਦੇ ਬਾਵਜੂਦ ਵੀ ਪਰੋਪਕਾਰ ਦੀ ਸੋਚੀ।

ਬਾਦਸ਼ਾਹ ਨੇ ਨੌਕਰ ਨੂੰ ਪੁੱਛਿਆ , ” ਅਕਾਰਣ ਮੌਤ ਨੂੰ ਸਾਹਮਣੇ ਪਾ ਕੇ ਵੀ ਤੂੰ ਪਰਮਾਤਮਾ ਨੂੰ ਨਹੀਂ ਕੋਸਿਆ। ਤੂੰ ਨਿਡਰ ਰਿਹਾ। ਇਹ ਸੰਜਮ, ਸਮਭਾਵ ਅਤੇ ਦੂਰਦਰਸ਼ੀ ਦੇ ਗੁਣਾਂ ਨੂੰ ਨਿਭਾਉਣ ਦੀ ਜੁਗਤ ਕੀ ਹੈ ?”

ਨੌਕਰ ਨੇ ਦੱਸਿਆ , ” ਰਾਜ ਮਹਿਲ ਵਿੱਚ ਕੰਮ ਕਰਨ ਤੋਂ ਪਹਿਲਾਂ ਮੈਂ ਇੱਕ ਅਮੀਰ ਹੇਠ ਦੇ ਇੱਥੇ ਨੌਕਰ ਸਾਂ। ਮੇਰਾ ਸੇਠ ਮੇਰੇ ਤੋਂ ਬਹੁਤ ਖੁਸ਼ ਸੀ। ਪਰ ਜਦੋਂ ਵੀ ਸੇਠ ਨੂੰ ਕੋਈ ਕੌੜਾ ਅਨੁਭਵ ਹੁੰਦਾ ਤਾਂ ਉਹ ਪਰਮਾਤਮਾ ਨੂੰ ਗਾਲ਼ਾਂ ਦਿੰਦਾ।

ਇੱਕ ਦਿਨ ਸੇਠ ਕੱਕੜੀ ਖਾ ਰਿਹਾ ਸੀ। ਸੰਜੋਗ ਨਾਲ ਉਹ ਕੱਕੜੀ ਬਹੁਤ ਕੌੜੀ ਸੀ। ਸੇਠ ਨੇ ਉਹ ਕੱਕੜੀ ਮੈਨੂੰ ਦੇ ਦਿੱਤੀ। ਮੈਂ ਬਹੁਤ ਚਾਅ ਨਾਲ ਉਹ ਕੱਕੜੀ ਖਾਧੀ ਜਿਵੇਂ ਬਹੁਤ ਸੁਆਦ ਹੋਵੇ।

ਸੇਠ ਨੇ ਪੁੱਛਿਆ , ” ਕੱਕੜੀ ਤਾਂ ਬਹੁਤ ਕੌੜੀ ਸੀ, ਤੂੰ ਇਹਨੂੰ ਕਿਵੇਂ ਖਾ ਗਿਆ ? ”

ਮੈਂ ਕਿਹਾ , ” ਸੇਠ ਜੀ , ਤੁਸੀਂ ਮਾਲਿਕ ਹੋ। ਰੋਜ਼ ਵਧੀਆ ਸੁਆਦੀ ਖਾਣੇ ਦਿੰਦੇ ਹੋ, ਜੇਕਰ ਇੱਕ ਦਿਨ ਕੌੜਾ ਵੀ ਦੇ ਦਿੱਤਾ ਤਾਂ ਇਸਨੂੰ ਸਵੀਕਾਰ ਕਰਨ ਵਿੱਚ ਕੀ ਹਰਜ਼ ਹੈ।

ਬਾਦਸ਼ਾਹ ਸਲਾਮਤ ! ਇਵੇਂ ਹੀ ਜੇਕਰ ਪਰਮਾਤਮਾ ਨੇ ਇੰਨੀਆਂ ਸੁਖ ਸੁਵਿਧਾਵਾਂ ਦਿੱਤੀਆਂ ਹਨ ਤਾਂ ਜੇ ਕਦੇ ਕੌੜਾ ਅਨੁਭਵ ਵੀ ਦੇ ਦਿੱਤਾ ਤਾਂ ਉਸ ਦੀ ਦੇਣ ਉੱਤੇ ਸ਼ੱਕ ਕਰਨਾ ਠੀਕ ਨਹੀਂ । ”

“ਜੀਵਨ ਤੇ ਮੌਤ ਸਭ ਪਰਮਾਤਮਾ ਦੇ ਹੱਥ ਹੈ। ਉਸਦੀ ਭੇਟਾ ਨੂੰ ਸਵੀਕਾਰ ਕਰਦੇ ਹੋਏ ਜੇਕਰ ਪਰੋਪਕਾਰ ਦਾ ਸੋਚਿਆ ਜਾ ਸਕਦਾ ਹੋਵੇ ਤਾਂ ਮਾਨਵ ਜੀਵਨ ਸਫਲ ਹੋ ਸਕਦਾ ਹੈ। ”

( ਸੀਰੀਜ਼ ਗੰਗਾ ਸਾਗਰ ਵਿਚੋਂ )

ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 9256346906

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬੀ ਸੋਚ
Next articleਕੀ ਹੋਇਆ ਜੇ ਉਹ