ਪਰਕਸ ਵਲੋਂ ਕਵੀ ਆਜ਼ਾਦ ਜਲੰਧਰੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅਮਰੀਕਾ ਨਿਵਾਸੀ ਪ੍ਰਸਿੱਧ ਲੇਖਕ ਆਜ਼ਾਦ ਜਲੰਧਰੀ ਜੀ

ਅੰਮ੍ਰਿਤਸਰ (ਸਮਾਜ ਵੀਕਲੀ):- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਅਮਰੀਕਾ ਨਿਵਾਸੀ ਪ੍ਰਸਿੱਧ ਲੇਖਕ ਆਜ਼ਾਦ ਜਲੰਧਰੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਅਟਵਾਲ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਸੁਨੜ , ਸਾਬਕਾ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, , ਸਾਬਕਾ ਮੰਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਾਬਕਾ ਸਕੱਤਰ ਸ੍ਰੀ ਗੁਰਮੀਤ ਪਲਾਹੀ,ਸਾਬਕਾ ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਤੇ ਸਮੂਹ ਮੈਂਬਰਾਨ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਆਜ਼ਾਦ ਜਲੰਧਰੀ ਦਾ ਜਨਮ 12 ਜਨਵਰੀ, 1933 ਵਿੱਚ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਗੁਰਾਇਆ ਨੇੜੇ ਪਿੰਡ ‘ਬੜਾ ਪਿੰਡ’ ਜਿਸ ਦਾ ਇਤਿਹਾਸਕ ਨਾਮ ‘ਕੁਲੇਰਾ’ ਹੈ , ਵਿਖੇ ਹੋਇਆ।ਰਾਮਗੜ੍ਹੀਆ ਹਾਈ ਸਕੂਲ ਫਗਵਾੜਾ ਤੋਂ ਪੜ੍ਹਾਈ ਕਰਕੇ ਸੰਨ 1950 ਵਿੱਚ ਦਿੱਲੀ ਜਾ ਕੇ ਉਨ੍ਹਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਿੱਚ ਨੌਕਰੀ ਕਰ ਲਈ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਦਾ ਗਿਆਨ ਸੀ।

ੱ ਦਿੱਲੀ ਵਸਦਿਆਂ ਉਨ੍ਹਾਂ ਦਾ ਸਾਹਿਤਕ ਸਫ਼ਰ ਸ਼ੁਰੂ ਹੋਇਆ।ਉਹ ਸੂਫ਼ੀ ਮਤ ਦੇ ਗੀਤ ਗਜ਼ਲਾਂ ਲਿਖ ਕੇ ਗਾਉਣ ਲੱਗੇ। ਉਨ੍ਹਾਂ ਦੀਆਂ ਪੰਜਾਬੀ ਉਰਦੂ ਅਤੇ ਹਿੰਦੀ ਵਿੱਚ ਡੇਢ ਦਰਜਨ ਤੋਂ ਵੱਧ ਪੁਸਤਕਾਂ ਛੱਪੀਆਂ ਹਨ।ਉਨ੍ਹਾਂ ਸੰਨ 1957 ਵਿੱਚ ਗ੍ਰਹਿ ਮੰਤਰਾਲੇ ਦੇ ਮੁਲਾਜ਼ਮਾਂ ਵੱਲੋਂ ਕਰਵਾਏ ਜਾਂਦੇ ਸਾਲਾਨਾ ਕਵਿਤਾ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਤੇ ਪ੍ਰਬੰਧਕੀ ਬੋਰਡ ਵਿੱਚ ਵੀ ਕੰਮ ਕੀਤਾ ।ਦਿੱਲੀ ਵਿਚ ਰਹਿੰਦਿਆਂ ਉਨ੍ਹਾਂ ਦੀ ਕਈ ਕਵੀਆਂ ਨਾਲ ਸਮੁਲਾਕਾਤ ਹੋਈ, ਜਿਨ੍ਹਾਂ ਵਿਚ ਜਿਗਰ ਮੁਰਾਦਾਬਾਦੀ, ਸਾਗਰ ਨਿਜ਼ਾਮੀ, ਮੁਖਮੂਹ ਦੇਹਲਵੀ, ਨਰੇਸ਼ ਕੁਮਾਰ ਸ਼ਾਦ, ਗੁਲਜ਼ਾਰ ਦੇਹਲਵੀ, ਹਰਵੰਸ ਰਾਏ ਬਚਨ, ਨੀਰਜ, ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ, ਭਾਈਆ ਈਸ਼ਰ ਸਿੰਘ, ਗੁਰਮੁਖ ਸਿੰਘ ਮੁਸਾਫਿਰ ਆਦਿ ਸ਼ਾਮਲ ਹਨ।ਉਨ੍ਹਾਂ ਨੂੰ ਸੰਨ 1956 ਵਿੱਚ ਪੰਜਾਬੀ ਕਵੀ ਸਭਾ ਦਿੱਲੀ ਦਾ ਜਨਰਲ ਸਕੱਤਰ ਬਣਾਇਆ ਗਿਆੇ।ਉਨ੍ਹਾਂ ਸੰਨ 1958 ਵਿੱਚ ਹਿੰਦੀ ਮਾਸਿਕ ਰਸਾਲਾ ‘ਗੰਗੋਤਰੀ’ ਤੇ ਸੰਨ 1998 ਵਿੱਚ ਦਿੱਲੀ ਤੋਂ ਤ੍ਰੈਮਾਸਿਕ ਰਸਾਲਾ ‘ਗਗਨਦੀਪ’ ਸ਼ੁਰੂ ਕੀਤਾ।

ਉਹ ਸੰਨ 1978 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਪ੍ਰਸਿੱਧ ਸ਼ਹਿਰ ਸੇਨਹੋਜ਼ੇ ਵਿੱਚ ਪ੍ਰਵਾਰ ਸਮੇਤ ਚਲੇ ਗਏ । ਉਨ੍ਹਾਂ ਦਿਨਾਂ ਵਿੱਚ ਗੁਰੂਘਰਾਂ ਵਿੱਚ ਪਾਠੀ ਸਿੰਘਾਂ ਅਤੇ ਕੀਰਤਨੀਆਂ ਦੀ ਘਾਟ ਸੀ। ਇਸ ਲਈ ਇਨ੍ਹਾਂ ਖੁਦ ਕੀਰਤਨ ਦੀ ਸੇਵਾ ਨਿਭਾਈ। ਸਾਹਿਤਕ, ਸਭਿਆਚਾਰਕ, ਧਾਰਮਿਕ ਸੰਸਥਾਵਾਂ ਵਿੱਚ ਸ਼ਿਰਕਤ ਕੀਤੀ। ਲੋਕ ਗਾਇਕ ਹਰਿਭਜਨ ਸਿੰਘ ਭਜਨ ਨਾਲ ‘ਸ਼ਾਨ-ਏ-ਪੰਜਾਬ’ ਸੰਗੀਤ ਗਰੁੱਪ ਬਣਾਇਆ। ਜਿਥੇ ਕਈ ਗਾਇਕਾਂ ਨੇ ਉਨ੍ਹਾਂ ਨੇ ਲਿਖੇ ਗੀਤ ਗਾਏ ਤੇ ਕੈਸਟਾਂ ਵੀ ਕੱਢੀਅ,ਜਿਵੇਂ ਸਤਪਾਲ ਦਿਓ, ਸੋਹਣ ਸਿੰਘ ਢੋਲਾ, ਹਰਿਭਜਨ ਸਿੰਘ ਭਜਨ ਆਦਿ। ਭਾਈਚਾਰਕ ਸੰਸਥਾਵਾਂ ਵਿੱਚ ਵੀ ਸ਼ਿਰਕਤ ਕੀਤੀ ਤੇ ਨਾਮਣਾ ਖਟਿਆ।ਉਨ੍ਹਾਂ ਨੇ 7 ਦਹਾਕੇ ਤੋਂ ਵੱਧ ਆਪਣੀ ਲੇਖਣੀ ਨਾਲ ਸਮਾਜ ਦੀ ਸੇਵਾ ਕੀਤੀ ਹੈ।ਉਹ ਭਾਵੇਂ ਸਾਥੋਂ ਵਿਛੜ ਗਏ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਦੇ ਨਾਂ ਨੂੰ ਸਦਾ ਕਾਇਮ ਰੱਖਣਗੀਆਂ।ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਜਾਰੀ ਕਰਤਾ ਡਾ. ਬਿਕਰਮ ਸਿੰਘ ਘੁੰਮਣ 919815126942

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 19/06/2024
Next article,,,,,,,ਯਾਦਾਂ ਦੀ ਪਟਾਰੀ,,,,,