ਕਾਰਗੁਜ਼ਾਰੀ ਤੋਂ ਦੁਖੀ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਮਹਿਤਪੁਰ ਥਾਣੇ ਦਾ ਘਿਰਾਓ, ਡੀ ਐਸ ਪੀ ਨੂੰ ਮੰਗ ਪੱਤਰ ਸੌਂਪਿਆ

ਮਹਿਤਪੁਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ)- ਮਹਿਤਪੁਰ ਥਾਣੇ ਦੀ ਕਾਰਗੁਜ਼ਾਰੀ ਤੋ  ਦੁਖੀ ਲੋਕਾਂ ਨੇ ਇਲਾਕੇ ਵਿਚ ਵੱਧ ਰਹੇ ਨਸ਼ਿਆਂ, ਲੁੱਟਾਂ ਖੋਹਾਂ, ਲੰਮੇ ਸਮੇਂ ਤੋਂ ਥਾਣੇ ਵਿਚ ਲਟਕਦੇ ਮਾਮਲਿਆਂ, ਔਰਤਾਂ ਨਾਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਨੱਥ ਪਾਉਣ ਵਿਚ ਵਰਤੀ ਢਿੱਲ ਮੱਠ ਨੂੰ ਲੈ ਕੇ ਮਹਿਤਪੁਰ ਪੁਲਿਸ ਵਿਰੁੱਧ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਮੁਜ਼ਾਹਰਾ ਕਰਦਿਆਂ ਮਹਿਤਪੁਰ ਥਾਣੇ ਪਹੁੰਚ ਕੇ ਥਾਣੇ ਦਾ ਘਰਾਓ ਕੀਤਾ । ਕਿਰਤੀ ਕਿਸਾਨ ਯੂਨੀਅਨ ,ਪੇਂਡੂ ਮਜ਼ਦੂਰ ਯੂਨੀਅਨ ,ਇਸਤਰੀ ਜਾਗ੍ਰਿਤੀ ਮੰਚ ਅਤੇ ਨੌਜਵਾਨ ਭਾਰਤ ਸਭਾ  ਨੇ ਦੋਸ਼ ਲਾਇਆ ਕਿ ਨਸ਼ੇ ਦੇ ਵਪਾਰੀਆਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਪੁਲਿਸ ਵਿਚ ਬੈਠੀਆਂ ਕੁਝ ਕਾਲੀਆਂ ਭੇਡਾਂ ਦੇ ਨਾਪਾਕ ਗਠਜੋੜ ਨਸ਼ਿਆਂ ਲਈ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋ ਲੱਖਾਂ ਕਰੋੜਾਂ ਦੀਆਂ ਜਾਇਦਾਤਾਂ ਬਣਾਉਣ ਵਾਲੇ ਗੈਰ ਸਮਾਜਿਕ ਅੰਸਰਾਂ ਦੇ ਵਿਰੁੱਧ ਐਨ ਡੀ ਪੀ ਐਸ ਤੇ ਪਰਚੇ ਹੋਣ ਦੇ ਬਾਵਜੂਦ ਵੀ ਇਹਨਾਂ ਦੀਆਂ ਜਾਇਦਾਤਾਂ ਕੁਰਕ ਕਰਨ ਲਈ ਕੋਈ ਕਾਨੂੰਨ ਮਹਿਤਪੁਰ ਪੁਲਿਸ ਅਮਲ ਵਿਚ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਪੁਲਿਸ ਵੱਲੋਂ ਕਾਲੀਆਂ ਭੇਡਾਂ ਦੀਆਂ ਜੇਬਾਂ ਭਰਨ ਵਾਲੇ ਨਸ਼ਾ ਮਾਫੀਆ ਦੀ ਥਾਣੇ ਵਿਚ ਆਓ ਭਗਤ ਕੀਤੀ ਜਾਂਦੀ ਹੈ। ਦੂਜੇ ਪਾਸੇ ਨਸ਼ਿਆਂ , ਲੁੱਟਾਂ ਖੋਹਾਂ, ਲੈਂਡ ਮਾਫੀਆ, ਏਜੰਟਾ ਅਤੇ ਮਾਈਕਰੋ ਫਾਨਾਂਸ ਦੇ ਏਜਂਟਾਂ ਦੀ ਗੁੰਡਾਗਰਦੀ ਦੇ ਸ਼ਿਕਾਰ ਪੀੜਤ ਲੋਕਾਂ ਦੀਆਂ ਦਰਖ਼ਾਸਤਾਂ ਪਿਛਲੇ ਇਕ ਸਾਲ ਤੋਂ ਮਹਿਤਪੁਰ ਥਾਣੇ ਦੀ ਮਿੱਟੀ ਫੱਕ ਰਹੀਆਂ ਹਨ। ਲੋਕ  ਸੂਦਖੋਰਾਂ ਮਾਈਕਰੋ ਫਾਇਨੈਂਸ ਕੰਪਨੀਆਂ ਦੇ ਏਜੈਂਟਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਤੇ ਆਦਰਾਮਾਨ ਦੇ ਲੁੱਟ ਖੋਹ ਤੋਂ ਪੀੜਿਤ ਬਜ਼ੁਰਗਾਂ ਜਿਨਾਂ ਕੋਲੋਂ ਬੀਤੀ ਦਿਨੀ ਚਾਲੀ ਹਜ਼ਾਰ ਰੁਪਏ ਦੀ ਲੁੱਟ ਖੋਹ ਕੀਤੀ ਗਈ ਸੀ ਉਸ ਵਿਚੋਂ 20 ਹਜ਼ਾਰ ਰੁਪਏ ਵੀ ਵਾਪਸ ਕਰਵਾਏ ਗਏ। ਇੱਥੇ ਵਰਣਨ ਯੋਗ ਹੈ ਕਿ ਇਹ ਮਾਮਲਾ ਬੀਤੇ ਦਿਨੀ ਪ੍ਰੈਸ ਕਾਨਫਰੰਸ ਜ਼ਰੀਏ ਕਿਰਤੀ ਕਿਸਾਨ ਯੂਨੀਅਨ ਅਤੇ ਇਸਤਰੀ ਜਾਗ੍ਰਿਤੀ ਮੰਚ, ਪੇਂਡੂ ਮਜ਼ਦੂਰ ਯੂਨੀਅਨ ਨੇ ਉਠਾਇਆ ਸੀ। ਇਸ ਮੌਕੇ ਪੀੜਿਤ ਪਰਿਵਾਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੰਦੀਪ ਅਰੋੜਾ ਨੇ ਇਸ ਮਾਮਲੇ ਨੂੰ ਉਚੇਚੇ ਤੌਰ ਤੇ ਮਹਿਤਪੁਰ ਪ੍ਰੈਸ ਵੱਲੋਂ ਉਠਾਏ ਜਾਣ ਤੇ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਹ ਘਰਾਓ ਕਈ ਘੰਟੇ ਜਾਰੀ ਰਹਿਣ ਤੋਂ ਬਾਅਦ  ਡੀਐਸਪੀ ਸ਼ਾਹਕੋਟ ਉਕਾਰ ਸਿੰਘ ਬਰਾੜ ਨੇ ਕਿਸਾਨਾਂ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੇ ਮਾਫੀਆ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ  ਕਿਰਤੀ ਕਿਸਾਨ ਯੂਨੀਅਨ ਦੀ ਸੰਤੋਖ ਸਿੰਘ ਸੰਧੂ, ਰਜਿੰਦਰ ਮੰਡ, ਗੁਰ ਕਮਲ ਸਿੰਘ, ਬੀਬੀ ਸੁਰਜੀਤ ਕੌਰ ਮਾਨ,ਗੁਰਨਾਮ ਸਿੰਘ ਤੱਗੜ, ਮੱਖਣ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਹੰਸਰਾਜ ਪਬਵਾ, ਕਸ਼ਮੀਰ ਮੰਡਿਆਲਾ, ਵਿਜੇ ਬਾਠ, ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲਾ ਪ੍ਰਧਾਨ ਅਨੀਤਾ ਸੰਧੂ, ਸੋਮਾ ਰਾਣੀ, ਰਾਜਵਿੰਦਰ ਕੌਰ, ਜਸਵਿੰਦਰ ਮੈਸਮਪੁਰ, ਬਖਸ਼ੋ ਰਾਣੀ ਮੰਡਿਆਲਾ, ਨੌਜਵਾਨ ਭਾਰਤ ਸਭਾ ਦੇ ਸੋਨੂ ਲੋਹੀਆਂ, ਸੁਖਦੇਵ ਮੰਡਿਆਲਾ, ਰਤਨ ਸਿੰਘ, ਸਾਬਕਾ ਸਰਪੰਚ ਬਚਨ ਸਿੰਘ ਆਦਿ ਵੱਲੋਂ ਵੀ ਸੰਬੋਧਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ
Next articleਹਰਿਆਣਾ ਚ ਜਿੱਤ ਦੀ ਖੁਸ਼ੀ ਚ ਕਪੂਰਥਲਾ ਵਿਖੇ ਭਾਜਪਾ ਆਗੂਆਂ ਨੇ ਵੰਡੇ ਲੱਡੂ