(ਸਮਾਜ ਵੀਕਲੀ)
ਨੋਰਾ ਅਵਾਮ ਨਾਲ ਜੁੜੀ ਹੋਈ ਸੀ..ਅੰਗਰੇਜ਼ਾਂ ਦੀ ਬਸਤੀ ਬਣੇ ਭਾਰਤ ਅਤੇ ਆਇਰਲੈਂਡ ਦੇ ਲੋਕਾਂ ਦੀ ਆਵਾਜ਼ ਬਣ ਰਹੀ ਸੀ… ਰੰਗਮੰਚ ਰਾਹੀਂ!..ਉਸ ਦੀ ਯਾਦ ਵਿੱਚ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਰਚਾਏ ਹੋਏ ਸਮਾਗਮ ਅੰਦਰ ਅਵਾਮੀ ਸੰਘਰਸ਼ ਬਾਰੇ ਚਰਚਾ ਜ਼ਰੂਰੀ ਸੀ ..ਕੱਲ੍ਹ ਸ਼ਾਮੀਂ ਇਸ ਚਰਚਾ ਦਾ ਆਗਾਜ਼ ਕੀਤਾ ਗਿਆ, ਜਿਸ ਬਾਰੇ ਵਿਸਥਾਰ ਨਾਲ ਗੱਲਬਾਤ ਅੱਜ ਹੋਏਗੀ!
ਅੰਤਰਰਾਸ਼ਟਰੀ, ਭਾਰਤੀ ਅਤੇ ਪੰਜਾਬੀ ਰੰਗਮੰਚ ਅੰਦਰ ਅਜਿਹੀਆਂ ਅਨੇਕਾਂ ਉਦਾਹਰਣਾਂ ਹਨ ਜਦੋਂ ਰੰਗਮੰਚ ਅਵਾਮ ਦੇ ਨਾਲ ਖੜ੍ਹਾ ਹੋਇਆ ..ਪਰ ਦੋ ਨੁਕਤੇ ਸਮਝਣੇ ਬਹੁਤ ਜ਼ਰੂਰੀ ਹਨ.. ਪਹਿਲਾ ਇਹ.. ਕਿ ਪ੍ਰਚਾਰਿਆ ਜਾਂਦਾ ਹੈ ਕਿ ਸਾਹਿਤ ਤੇ ਕਲਾ ਤਤਕਾਲੀ ਸਿਰਜਣਾ ਤੋਂ ਬਚੇ… ਜੋ ਵੀ ਸਿਰਜਿਆ ਜਾਵੇ, ਉਹ ਚਿਰਕਾਲੀ ਹੋਵੇ.. ਚਿਰਾਂ ਤਕ ਜ਼ਿੰਦਾ ਰਹਿਣ ਵਾਲਾ ਸਾਹਿਤ ਤੇ ਕਲਾ!..ਪਰ ਜੇ ਰੰਗਮੰਚ ਸਮਾਜ ਦਾ ਸ਼ੀਸ਼ਾ ਕਹਾਉਣ ਦਾ ਦਮ ਭਰਦਾ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤਤਕਾਲ ਵਿੱਚ ਜੋ ਕੁਝ ਆਲੇ ਦੁਆਲੇ ਵਾਪਰ ਰਿਹਾ ਹੈ, ਤੁਸੀਂ ਉਸ ਤੋਂ ਅਭਿੱਜ ਰਹੋ..ਉਦੋਂ ਅਵਾਮ ਦੀ ਆਵਾਜ਼ ਬਣਨਾ ਬਹੁਤ ਜ਼ਰੂਰੀ ਹੈ, ਜਦੋਂ ਅਵਾਮ ਸੰਘਰਸ਼ ਕਰ ਰਿਹਾ ਹੈ..ਚਿਰਕਾਲੀ ਸਿਰਜਣਾ ਦਾ ਆਪਣਾ ਮਹੱਤਵ ਹੈ, ਪਰ ਤਤਕਾਲ ਤੇ ਸਮਕਾਲ ਦੀ ਕੀਮਤ ‘ਤੇ ਨਹੀਂ !
ਪਰ ਪਹਿਲੇ ਨੁਕਤੇ ਦੇ ਨਾਲ ਖਹਿੰਦਾ ਹੋਇਆ ਦੂਜਾ ਨੁਕਤਾ ਇਹ ਹੈ ਕਿ ਰੰਗਮੰਚ ਨੇ ਸੁਰ ਕਿਹਡ਼ੀ ਪਕੜਨੀ ਹੈ..ਜੇ ਰੰਗਮੰਚ ਵੀ ਨਿਰੋਲ ਉਹੀ ਭਾਸ਼ਾ, ਉਹੀ ਸੁਰ, ਉਹੀ ਅੰਦਾਜ਼ ਅਖ਼ਤਿਆਰ ਕਰਦਾ ਹੈ ਜੋ ਸੰਘਰਸ਼ ਕਰਦੇ ਅਵਾਮ ਦਾ ਹੈ..ਤਾਂ ਇਹ ਨਾਟਕ ਬਣਨ ਤੋਂ ਕਿਤੇ ਦੂਰ ਰਹਿ ਜਾਏਗਾ.. ਕਲਾ ਬਣ ਜਾਣ ਤੋਂ ਉੱਕ ਜਾਵੇਗਾ.. ਤੇ ਓਪਰਾ ਮਹਿਸੂਸ ਹੋਵੇਗਾ!..ਦਰਸ਼ਕ ਦੇ ਦਿਮਾਗ ਤਕ ਗੱਲ ਉਹੀ ਪਹੁੰਚੇਗੀ, ਜੋ ਦਿਲ ਥਾਣੀਂ ਗੁਜ਼ਰੇਗੀ.. ਤੇ ਦਿਲ ਥਾਣੀ ਕਲਾ ਜਾਏਗੀ, ਨਿਰਾ ਪ੍ਰਚਾਰ ਨਹੀਂ!.ਅੱਜ ਦੇ ਸਮੇਂ ਅੰਦਰ ਪੰਜਾਬੀ ਰੰਗਮੰਚ ਦੀਆਂ ਦੋ ਪ੍ਰਮੁੱਖ ਪੇਸ਼ਕਾਰੀਆਂ ਨੂੰ ਧਿਆਨ ਨਾਲ ਦੇਖੋ, ਵਾਚੋ..”ਮੈਂ ਰੋ ਨਾ ਲਵਾਂ ਇੱਕ ਵਾਰ!” ਤੇ “ਸੰਮਾਂ ਵਾਲੀ ਡਾਂਗ”!..ਇਹ ਦੋਵੇਂ ਨਾਟਕ ਅਵਾਮੀ ਸੰਘਰਸ਼ ਨਾਲ ਜੁੜੇ ਹੋਏ ਹਨ.. ਲੋਕਾਂ ਦੇ ਦਿਲਾਂ ਅੰਦਰ ਕਿਉਂ ਉੱਤਰਦੇ ਹਨ??.. ਕਿਉਂਕਿ ਇਨ੍ਹਾਂ ਨੇ ਸੁਰ ਆਪਣੀ ਫੜੀ ਹੈ.. ਰੰਗਮੰਚ ਵਾਲ਼ੀ… ਅੰਦਾਜ਼ ਆਪਣੀ ਕਲਾ ਦੇ ਹਾਣ ਦਾ ਹੈ.. ਗੱਲ ਅਵਾਮ ਦੀ ਹੈ!.. ਇਹ ਨੁਕਤਾ ਸਮਝਣਾ ਬਹੁਤ ਜ਼ਰੂਰੀ ਹੈ..
ਅਵਾਮੀ ਸੰਘਰਸ਼ ਅਤੇ ਰੰਗਮੰਚ ਦੀ ਗਲਵੱਕੜੀ ਬਹੁਤ ਜ਼ਰੂਰੀ ਹੈ.. ਪਰ ਗਲਵੱਕੜੀ ਮਜ਼ਬੂਤ ਤਾਂ ਹੀ ਰਹੇਗੀ, ਜੇ ਦੋਨੋਂ ਧਿਰਾਂ ਆਪਣੇ ਆਪਣੇ ਕਿਰਦਾਰ ਬਾਰੇ ਸਪਸ਼ਟ ਤੇ ਨਿੱਗਰ ਰਹਿਣਗੀਆਂ..ਤੇ ਇੱਕ ਦੂਜੇ ਦਾ ਸਤਿਕਾਰ ਕਰਨਗੀਆਂ! ਅਵਾਮੀ ਸੰਘਰਸ਼ ਚਿਰਾਂ ਤੋਂ ਚਲਦੇ ਆ ਰਹੇ ਨੇ.. ਚਿਰਾਂ ਤੱਕ ਚੱਲਦੇ ਰਹਿਣਗੇ.. ਅਰਥਾਤ ਚਿਰਕਾਲੀ ਨੇ!.. ਰੰਗਮੰਚ ਆਪਣਾ ਫ਼ਰਜ਼ ਤੇ ਭੂਮਿਕਾ ਸਮਝੇ.. ਚਿਰਕਾਲ ਤਕ ਜ਼ਿੰਦਾ ਰਹੇਗਾ!
ਅਵਾਮੀ ਸੰਘਰਸ਼ ਨਾਲ ਦਿਲੋਂ ਜੁੜਿਆ
ਰੰਗਕਰਮੀ ਸਾਹਿਬ ਸਿੰਘ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly