ਸੰਵਿਧਾਨ ਬਚਾਓ ਚੇਤਨਾ ਮਾਰਚ ਵਿੱਚ ਸੈਕੜੇ ਮੋਟਰਸਾਈਕਲ ਤੇ ਹੋਰ ਵਾਹਨ ਹੋਣਗੇ ਸ਼ਾਮਲ ਤੇ ਪਿੰਡਾਂ ਵਿੱਚ ਦਿੱਤਾ ਜਾਵੇਗਾ ਸੰਵਿਧਾਨ ਬਚਾਉਣ ਦਾ ਹੋਕਾ-ਆਗੂ
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਵਲੋਂ ਡਾਕਟਰ ਬੀ ਆਰ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਮੌਕੇ ਤਹਿਸੀਲ ਪੱਧਰੀ ਸੰਵਿਧਾਨ ਬਚਾਓ ਚੇਤਨਾ ਮਾਰਚ 14 ਅਪ੍ਰੈਲ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਫਿਲੌਰ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਆਗੂਆਂ ਪ੍ਰਧਾਨ ਜਰਨੈਲ ਫਿਲੌਰ, ਮੁੱਖ ਬੁਲਾਰੇ ਐਡਵੋਕੇਟ ਸੰਜੀਵ ਭੌਰਾ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਵਿੱਤ ਸਕੱਤਰ ਡਾਕਟਰ ਸੰਦੀਪ ਕੁਮਾਰ, ਪ੍ਰੈੱਸ ਸਕੱਤਰ ਜਸਵੰਤ ਬੋਧ, ਕੌਰ ਕਮੇਟੀ ਮੈਬਰ ਡਾਕਟਰ ਅਸ਼ੋਕ ਕੁਮਾਰ, ਜਸਵੰਤ ਬੌਧ,ਰਾਮਜੀ ਦਾਸ ਗੰਨਾ ਪਿੰਡ ,ਸੁਰਿੰਦਰ ਮਾਹਲਾ , ਹਨੀ ਸੰਤੋਖਪੁਰਾ ,ਸੁਨੀਲ ਗੰਨਾਪਿੰਡ , ਕੁਲਦੀਪ ਲੰਬੜਦਾਰ ,ਰਜਿੰਦਰ ਕੁਮਾਰ ਰਾਜੂ , ਪ੍ਰੈਸ ਨੂੰ ਸੰਬੋਧਨ ਕੀਤਾ ਆਦਿ ਆਗੂਆਂ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸੰਵਿਧਾਨ ਬਚਾਓ ਚੇਤਨਾ ਮਾਰਚ ਦੀਆਂ ਪਿੰਡਾਂ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਆਗੂਆਂ ਨੇ ਦੱਸਿਆ ਕਿ ਮੋਟਰ ਸਾਇਕਲ ਮਾਰਚ ਮਿਤੀ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਚੌਂਕ ਫਿਲੌਰ ਵਿਖੇ ਬਾਬਾ ਸਾਹਿਬ ਜੀ ਨੂੰ ਫ਼ੁੱਲ ਮਲਾਵਾਂ ਭੇਂਟ ਕਰਨ ਉਪਰੰਤ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਤਹਿਸੀਲ ਫਿਲੌਰ ਦੇ ਪਿੰਡਾਂ ਵਿੱਚੋਂ ਸੈਕੜੇ ਮੋਟਰ ਸਾਇਕਲ ਅਤੇ ਹੋਰ ਵਾਹਨ ਸ਼ਾਮਲ ਹੋਣਗੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਮਾਰਚ ਦੀ ਸਫ਼ਲਤਾ ਲਈ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿਚ ਸੈਕੜੇ ਲੋਕਾਂ ਵਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਨੂੰ ਸਹਿਮਤੀ ਦਿੱਤੀ। ਸੰਵਿਧਾਨ ਬਚਾਓ ਚੇਤਨਾ ਮਾਰਚ ਦੇ ਰੂਟ ਬਾਰੇ ਆਗੂਆਂ ਨੇ ਦੱਸਿਆ ਕਿ ਅੰਬੇਡਕਰ ਚੌਂਕ ਫਿਲੌਰ ਤੋਂ ਮਾਰਚ ਸ਼ੁਰੂ ਹੋ ਕੇ ਕਿਲ੍ਹਾ ਰੋਡ ਫਿਲੌਰ ਤੋਂ ਸਾਰੇ ਸ਼ਹਿਰ ਫਿਲੌਰ ਦੀ ਪ੍ਰਕਰਮਾ ਕਰਦਾ ਹੋਇਆ ਮੁਹੱਲਾ ਚੌਧਰੀਆਂ ਰਾਹੀਂ ਪਿੰਡ ਗੜਾ, ਤੋਂ ਨਵਾਂਸ਼ਹਿਰ ਰੋਡ ਤੋਂ ਬਾਈਪਾਸ ਰਾਹੀਂ ਭਗਵਾਨ ਮਈਆ ਜੀ ਡੇਰੇ ਕੋਲੋਂ ਮੁੜ ਕੇ ਜੀ ਟੀ ਰੋਡ ਤੋਂ ਪਿੰਡ ਰਾਮਗੜ੍ਹ, ਪਿੰਡ ਨੰਗਲ ਤੋਂ ਗੁਰੂ ਰਵਿਦਾਸ ਮਹਾਰਾਜ ਚੌਂਕ ਤੋਂ ਹੁੰਦਾਂ ਹੋਇਆ ਗੁਰੂ ਰਵਿਦਾਸ ਮੰਦਿਰ ਨੂਰ ਮਹਿਲ ਰੋਡ ਫਿਲੌਰ ਰਵੀਦਾਸ ਪੁਰਾ ਫਿਲੌਰ ਵਿਖੇ ਸਮਾਪਤ ਹੋਵੇਗਾ। ਆਗੂਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦੇਸ਼ ਵਿਰੋਧੀ ਤਾਕਤਾਂ ਆਪਸੀ ਭਾਈਚਾਰੇ ਨੂੰ ਤੋੜਨ ਲਈ ਯਤਨਸ਼ੀਲ ਹਨ ਜਿਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਭਾਈਚਾਰਕ ਸਾਂਝਾਂ ਕਾਇਮ ਰੱਖਣ ਲਈ ਪਿੰਡ ਪਿੰਡ ਹੋਕਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਵੱਲ ਵੱਧ ਰਹੀਆਂ ਹਨ ਅਤੇ ਭਾਰਤੀ ਸੰਵਿਧਾਨ ਦੇ ਨਿਯਮਾਂ ਦੀ ਲਗਾਤਾਰ ਅਵੱਗਿਆ ਕਰਕੇ ਲੋਕਤੰਤਰ ਨੂੰ ਪੁਲਿਸਤੰਤਰ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਸ਼ਾਂਤਮਈ ਅੰਦੋਲਨ ਕਰਨ ਵਾਲਿਆਂ ਦੀ ਜੁਬਾਨ ਬੰਦ ਕਰਨ ਲਈ ਓਹਨਾਂ ਤੇ ਕਾਲ਼ੇ ਕਾਨੂੰਨ ਲਾਗੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਕਰਕੇ ਮੁੱਖ ਮਸਲਾ ਸੰਵਿਧਾਨ ਨੂੰ ਬਚਾਉਣ ਦਾ ਹੈ, ਅਗਰ ਸਵਿਧਾਨ ਹੀ ਨਾ ਬਚਿਆ ਤਾਂ ਦੇਸ਼ ਟੁੱਟ ਜਾਵੇਗਾ। ਇਸ ਮੌਕੇ ਆਗੂਆਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਚੜ੍ਹਕੇ ਸੰਵਿਧਾਨ ਬਚਾਓ ਚੇਤਨਾ ਮਾਰਚ ਵਿੱਚ ਹਿੱਸਾ ਲਿਆ ਜਾਵੇ।