(ਸਮਾਜ ਵੀਕਲੀ)
ਜੱਗੇ ਦਾ ਜਨਮ ਪਿੰਡ ਬੁਰਜ ਰਣ ਸਿੰਘ ਵਿਖੇ ਹੋਇਆ,
ਜਗਤ ਸਿੰਘ ਜੱਗੇ ਦੇ ਨਾਂ ਨਾਲ਼ ਬੜਾ ਮਸ਼ਹੂਰ ਹੋਇਆ।
ਭੈੜੀ ਮੌਤ ਨੇ ਉਸਦੇ ਬਾਪੂ ਮੱਖਣ ਸਿੰਘ ਨੂੰ ਹੜੱਪ ਲਿਆ,
ਜੱਗੇ ਨੂੰ ਉਸਦੀ ਮਾਤਾ ਭਾਗਣ ਅਤੇ ਚਾਚੇ ਨੇ ਪਾਲ਼ਿਆ।
ਪਹਿਲਵਾਨੀ ਵਾਲ਼ੇ ਸ਼ੌਂਕ ਕਾਰਨ ਜੱਗਾ ਜ਼ੋਰ ਸੀ ਕਰਦਾ,
ਆਪਣੀ ਸਾਥੀ ਸੋਹਣ ਦੇ ਨਾਲ਼ ਨਿੱਤ ਘੋਲ਼ ਸੀ ਕਰਦਾ।
ਜੱਗਾ ਵਿਆਹਿਆ ਸੀ ਤਲਵੰਡੀ ਦੀ ਇੰਦਰ ਕੌਰ ਨਾਲ਼,
ਗਾਬੋ ਨਾਂ ਦੀ ਧੀ ਜੰਮੀ ਉਨ੍ਹਾਂ ਦੇ ਘਰ ਚੜ੍ਹਦੇ ਹੀ ਸਾਲ।
ਦਰਮਿਆਨਾ ਜਿਹਾ ਕੱਦ ਅਤੇ ਤਕੜਾ ਸੀ ਜੱਗੇ ਦਾ ਜੁੱਸਾ,
ਧੱਕੇਸ਼ਾਹੀ ਹੁੰਦੀ ਦੇਖ ਕੇ ਉਸਨੂੰ ਚੜ੍ਹਦਾ ਸੀ ਬਹੁਤ ਗੁੱਸਾ।
ਆਪਣੇ ਸਹੁਰੇ ਪਿੰਡ ਜੱਗੇ ਨੇ ਕੁੱਟ ਦਿੱਤਾ ਇੱਕ ਪਟਵਾਰੀ,
ਰਿਸ਼ਵਤ ਦੀ ਝਾਕ ਵਿੱਚ ਜੋ ਕੰਮ ਕਰਨੋਂ ਸੀ ਇਨਕਾਰੀ।
ਦਲੇਰੀ ਕਾਰਨ ਜੱਗੇ ਦੀ ਚਾਰੇ ਪਾਸੇ ਹੋ ਗਈ ਮਸ਼ਹੂਰੀ,
ਬੇਸਹਾਰਾ ਲੋਕਾਈ ਵਾਲ਼ੀ ਜੱਗਾ ਸਮਝਦਾ ਸੀ ਮਜਬੂਰੀ।
ਨੇੜਲੇ ਪਿੰਡ ਦਾ ਇੱਕ ਜ਼ੈਲਦਾਰ ਜੱਗੇ ਕੋਲੋਂ ਸੀ ਸੜਦਾ,
ਜੱਗਾ ਮਾੜੇ ਦੇ ਹੱਕ ਲਈ ਤਾਕਤਵਰ ਨਾਲ਼ ਸੀ ਲੜਦਾ।
ਝੂਠਾ ਕੇਸ ਪਵਾ ਕੈਦ ਕਰਵਾਇਆ ਜੱਗੇ ਨੂੰ ਜੈਲਦਾਰ ਨੇ,
ਜੈਲਦਾਰ ਵਾਲ਼ਾ ਸਾਥ ਦਿੱਤਾ ਉਸਦੇ ਦੋਸਤ ਥਾਣੇਦਾਰ ਨੇ।
ਰਿਹਾਈ ਮਗਰੋਂ ਜੱਗੇ ਨੂੰ ਜੈਲਦਾਰ ਨੇ ਬਹੁਤ ਤੰਗ ਕੀਤਾ,
ਥਾਣੇਦਾਰ ਵੱਲੋਂ ਥਾਣੇ ਹਾਜ਼ਰੀ ਲਈ ਜੱਗੇ ਨੂੰ ਕਹਿ ਦਿੱਤਾ।
ਜੱਗਾ ਥਾਣੇ ਹਾਜ਼ਰੀ ਦੇਣ ਨੂੰ ਮਨਾਇਆ ਵੀ ਨਾ ਮੰਨਿਆ,
ਇੱਕ ਸਿਪਾਹੀ ਤੋਂ ਰਾਇਫ਼ਲ ਖੋਹ ਉਸਦਾ ਸੀਨਾ ਭੁੰਨਿਆ।
ਸਿਪਾਹੀ ਨੂੰ ਮਾਰ ਮੁਕਾ ਕੇ ਜੱਗਾ ਪੱਕਾ ਡਾਕੂ ਬਣ ਗਿਆ,
ਅਮੀਰਾਂ ਤਾਈਂ ਲੁੱਟ ਕੇ ਗਰੀਬਾਂ ਦਾ ਮਸੀਹਾ ਬਣ ਗਿਆ।
ਪਹਿਲਾ ਡਾਕਾ ਘੁਮਿਆਰੀ ਦੇ ਸੁਨਿਆਰੇ ਘਰ ਮਾਰਿਆ,
ਸੋਨੇ ਦੀ ਲੁੱਟ ਕਰਕੇ ਕਰਜੇ ਦੀਆਂ ਵਹੀਆਂ ਨੂੰ ਪਾੜਿਆ।
ਜੱਗੇ ਦੇ ਸਾਥੀ ਬਣੇ ਬੰਤ ਭੋਲਾ ਬਾਵਾ ਲਾਲੂ ਤੇ ਸੋਹਣ ਤੇਲੀ,
ਡਾਕੇ ਵਕਤ ਸਾਰੇ ਸ਼ਾਮਿਲ ਹੁੰਦੇ ਸੀ ਉਸਦੇ ਜੁੰਡੀ ਦੇ ਵੇਲੀ।
ਮੁਖਬਰੀ ਕਾਰਨ ਡਾਕੂ ਮਲੰਗੀ ਅਤੇ ਹਰਨਾਮਾ ਮਾਰੇ ਗਏ,
ਜੱਗਾ ਤੇ ਸਾਰੇ ਸਾਥੀ ਮਲੰਗੀ ਦੀ ਮਾਂ ਨੂੰ ਮਿਲਣ ਪੁੱਜ ਗਏ।
ਮਲੰਗੀ ਦੀ ਅੰਨ੍ਹੀ ਮਾਂ ਡੇਰੇ ਵਿੱਚ ਦਿਨ ਪੂਰੇ ਕਰ ਰਹੀ ਸੀ,
ਆਪਣੇ ਮਰੇ ਪੁੱਤਰ ਦੇ ਵਿਛੋੜੇ ਵਿੱਚ ਕੀਰਨੇ ਪਾ ਰਹੀ ਸੀ।
ਉਸਦੇ ਡੇਰੇ ਦੁਪਹਿਰ ਕੱਟਣ ਦਾ ਜੱਗੇ ਨੇ ਮਨ ਬਣਾ ਲਿਆ,
ਇਨਾਮ ਲੈਣ ਲਈ ਲਾਲੂ ਨਾਈ ਨੇ ਭਰਾਵਾਂ ਨੂੰ ਸੱਦ ਲਿਆ।
ਲਾਲੂ ਨੇ ਜੱਗੇ ਨਾਲ ਸ਼ਰਾਬ ਪੀਣ ਲਈ ਭਰਾਵਾਂ ਨੂੰ ਕਿਹਾ,
ਸੋਹਣ ਨੇ ਨਾ ਪੀਤੀ ਆਪਣੇ ਦੋਸਤ ਨੂੰ ਮਿਲਣ ਤੁਰ ਪਿਆ।
ਨਸ਼ੇ ਵਿੱਚ ਜੱਗੇ ਤੇ ਬੰਤੇ ਨੂੰ ਰੋਟੀ ਖਾਣ ਪਿੱਛੋਂ ਨੀਂਦ ਆ ਗਈ,
ਦੋਵਾਂ ਨੇ ਬੋਹੜ ਦੇ ਥੱਲੇ ਪਏ ਮੰਜੇ ਉੱਤੇ ਪੈ ਕੇ ਅੱਖ ਲਾ ਲਈ।
ਲਾਲੂ ਨੇ ਭਰਾਵਾਂ ਨਾਲ਼ ਮਿਲ ਕੇ ਜੱਗੇ ਤੇ ਬੰਤੇ ਨੂੰ ਦਿੱਤਾ ਮਾਰ,
ਗੋਲੀ ਸੁਣ ਭੱਜੇ ਆਉਂਦੇ ਸੋਹਣ ਨੂੰ ਵੀ ਉਨ੍ਹਾਂ ਨੇ ਦਿੱਤਾ ਮਾਰ।
‘ਦੇਵ’ ਰਹਿੰਦੀ ਦੁਨੀਆਂ ਤੱਕ ਜੱਗੇ ਦੀਆਂ ਬਾਤਾਂ ਪੈਣਗੀਆਂ,
ਲੋਕਾਂ ਵਾਲ਼ੀਆਂ ਸੱਥਾਂ ਜੱਗੇ ਨੂੰ ਲੋਕ ਨਾਇਕ ਕਹਿਣਗੀਆਂ।
ਲੈਕਚਰਾਰ ਦਵਿੰਦਰ ਪਾਲ ਬਾਤਿਸ਼



