ਦਿਓਰੀਆ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਨਤਾ ਨੇ ‘ਬਾਬਾ ਜੀ’ ਨੂੰ ਮੱਠ ’ਚ ਵਾਪਸ ਭੇਜਣ ਦਾ ਫ਼ੈਸਲਾ ਕਰ ਲਿਆ ਹੈ।
ਯੋਗੀ ਆਦਿੱਤਿਆਨਾਥ ਦੇ ਘਰੇਲੂ ਜ਼ਿਲ੍ਹੇ ਗੋਰਖਪੁਰ ਦੇ ਚਿੱਲੂਪਾਰ ਵਿਧਾਨ ਸਭਾ ਹਲਕੇ ’ਚ ਪਾਰਟੀ ਉਮੀਦਵਾਰ ਵਿਨੈ ਸ਼ੰਕਰ ਤਿਵਾੜੀ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਕਿਹਾ, ‘ਚਾਰ ਗੇੜਾਂ ਲਈ ਵੋਟਾਂ ਪੈ ਚੁੱਕੀਆਂ ਹਨ ਅਤੇ ਪੰਜਵੇਂ ਗੇੜ ਲਈ ਵੋਟਾਂ ਅੱਜ ਪਈਆਂ ਹਨ। ਸਾਰਿਆਂ ਨੇ ਫ਼ੈਸਲਾ ਕਰ ਲਿਆ ਹੈ ਕਿ ਬਾਬਾ ਜੀ ਨੂੰ ਵਾਪਸ ਮੱਠ ’ਚ ਭੇਜ ਦੇਣਗੇ।’ ਗੋਰਖਪੁਰ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ ਆਦਿੱਤਿਆਨਾਥ ਪ੍ਰਸਿੱਧ ਗੋਰਖਪੀਠ ਦੇ ਮਹੰਤ ਵੀ ਹਨ।
ਅਖਿਲੇਸ਼ ਨੇ ਕਿਹਾ, ‘ਬਾਬਾ ਮੁੱਖ ਮੰਤਰੀ ਨੇ ਤੁਹਾਨੂੰ ਲੈਪਟੌਪ ਨਹੀਂ ਦਿੱਤੇ ਕਿਉਂਕਿ ਉਹ ਖੁਦ ਇਹ ਚਲਾਉਣਾ ਨਹੀਂ ਜਾਣਦੇ। ਬਾਬਾ ਜੀ ਤਾਂ ਸਮਾਰਟ ਫੋਨ ਵੀ ਚਲਾਉਣਾ ਨਹੀਂ ਜਾਣਦੇ। ਜੋ ਮੁੱਖ ਮੰਤਰੀ ਅੱਜ ਦੇ ਸਮੇਂ ਲੈਪਟੌਪ ਨਾ ਚਲਾ ਸਕੇ ਅਤੇ ਕੰਪਿਊਟਰ, ਸਮਾਰਟ ਫੋਨ ਦੀ ਵੁੱਕਤ ਨਾ ਸਮਝੇ, ਉਹ ਰਾਜ ਕਿਵੇਂ ਚਲਾਵੇਗਾ।’ ਪਰਿਵਾਰਵਾਦ ਦੇ ਨਾਂ ’ਤੇ ਹੋ ਰਹੇ ਹਮਲੇ ਦਾ ਜਵਾਬ ਦਿੰਦਿਆਂ ਅਖਿਲੇਸ਼ ਨੇ ਕਿਹਾ, ‘ਅਸੀਂ ਪਰਿਵਾਰ ਵਾਲੇ ਲੋਕ ਜਦੋਂ ਘਰ ਜਾਂਦੇ ਹਾਂ ਤਾਂ ਕੁਝ ਨਾਲ ਲਿਜਾਂਦੇ ਹਾਂ। ਇਸ ਲਈ ਅਸੀਂ ਬਾਬਾ ਜੀ ਨੂੰ ਕਹਿੰਦੇ ਹਾਂ ਕਿ ਜਦੋਂ ਵਾਪਸ ਜਾਣ ਤਾਂ ਆਪਣੇ ਗੁੱਲੂ (ਯੋਗੀ ਦਾ ਪਾਲਤੂ) ਲਈ ਬਿਸਕੁਟ ਨਾਲ ਲਿਜਾਣ।’ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਰੈਲੀਆਂ ’ਚ ਭੀੜ ਇਕੱਠੀ ਨਹੀਂ ਹੋ ਰਹੀ ਅਤੇ ਕਰੋਨਾ ਪਾਬੰਦੀਆਂ ਖਤਮ ਹੋਣ ਦੇ ਬਾਵਜੂਦ ਕੁਰਸੀਆਂ ਦੂਰ-ਦੂਰ ਰੱਖ ਕੇ ਭੀੜ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਆਪਣੀ ਰੈਲੀ ’ਚ ਇਕੱਠ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਤੁਸੀਂ ਇਹ ਦੇਖ ਰਹੇ ਹੋ। ਮੈਂ ਕਹਿ ਸਕਦਾ ਹਾਂ ਕਿ ਸੂਬੇ ’ਚ ਅਗਲੀ ਸਰਕਾਰ ਸਪਾ ਬਣਾਉਣ ਜਾ ਰਹੀ ਹੈ।’ ਕਿਸਾਨਾਂ ਦੀ ਤਾਕਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਭਾਜਪਾ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਸੋਨਭਦਰ ’ਚ ਭਾਜਪਾ ਉਮੀਦਵਾਰ ਵੱਲੋਂ ਕੱਢੀਆਂ ਗਈਆਂ ਬੈਠਕਾਂ ਦਾ ਜ਼ਿਕਰ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਕਿਸਾਨ ਭਾਜਪਾ ਨੂੰ ਉਨ੍ਹਾਂ ਦੇ ਕੰਮਾਂ ਲਈ ਮੁਆਫ਼ ਨਹੀਂ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly