ਲਖਨਊ (ਸਮਾਜ ਵੀਕਲੀ): ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ ਨੇ ਅੱਜ ਰਸਮੀ ਤੌਰ ’ਤੇ ਆਪਣੀ ਪਾਰਟੀ ਦਾ ਸਮਾਜਵਾਦੀ ਪਾਰਟੀ (ਸਪਾ) ਨਾਲ ਗੱਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਹ ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਸੱਤਾ ’ਚ ਆਉਂਦੇ ਹਨ ਤਾਂ ਉਨ੍ਹਾਂ ਦਾ ਪਹਿਲਾਂ ਕੰਮ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਦਾ ਹੋਵੇਗਾ। ਅਖਿਲੇਸ਼ ਯਾਦਵ ਨੇ ਕਿਸਾਨਾਂ ਉਨ੍ਹਾਂ ਦੇ ਰਹਿੰਦੇ ਬਕਾਏ ਦੇਣ ਦਾ ਵਾਅਦਾ ਕੀਤਾ।
ਰਾਜ ਵਿੱਚ ਪਿੱਛੇ ਜਿਹੇ ਸਰਕਾਰੀ ਮੁਕਾਬਲਾ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਅਤੇ ਬਾਅਦ ਵਿੱਚ ਇਹ ਟੈਸਟ ਰੱਦ ਹੋਣ ਲਈ ਸੂਬੇ ਦੀ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਹੀ ਨੌਜਵਾਨਾਂ ਦੀਆਂ ਨਿਯੁਕਤੀਆਂ ਨਹੀਂ ਹੋ ਸਕੀਆਂ ਤੇ ਉਨ੍ਹਾਂ ਕੰਮ ਲਈ ਹੋਰਨਾਂ ਥਾਵਾਂ ਵੱਲ ਜਾਣਾ ਪੈ ਰਿਹਾ ਹੈ। ਉਨ੍ਹਾਂ ਮੇਰਠ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿ ਭਾਜਪਾ ਦੀ ਨਫਰਤ ਦੀ ਰਾਜਨੀਤੀ ਨੂੰ ਉੱਤਰ ਪ੍ਰਦੇਸ਼ ਦੇ ਲੋਕ ਕਰਾਰਾ ਜਵਾਬ ਦੇਣਗੇ। ਸਪਾ ਨਾਲ ਗੱਠਜੋੜ ਬਾਰੇ ਚੌਧਰੀ ਨੇ ਕਿਹਾ, ‘ਅਖਿਲੇਸ਼ ਜੀ ਤੇ ਮੈਂ ਇਕੱਠੇ ਹਾਂ ਅਤੇ ਮੈਂ ਇਸ ਦਾ ਐਲਾਨ ਕਰਦਾ ਹਾਂ। ਸਾਡੀ ਡਬਲ ਇੰਜਣ ਦੀ ਸਰਕਾਰ ਦਾ ਪਹਿਲਾ ਕੰਮ ਇੱਥੇ ਚੌਧਰੀ ਚਰਨ ਸਿੰਘ ਦੀ ਧਰਤੀ ’ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਉਸਾਰਨਾ ਹੋਵੇਗਾ।’ ਉਨ੍ਹਾਂ ਕਿਹਾ, ‘ਭਾਜਪਾ ਨਫ਼ਰਤ ਦੀ ਗੱਲ ਕਰਦੀ ਹੈ ਅਤੇ ਸਾਡੇ ਬਾਬਾ ਜੀ (ਮੁੱਖ ਮੰਤਰੀ ਯੋਗੀ ਆਦਿੱਤਿਆਨਾਥ) ਔਰੰਗਜ਼ੇਬ ਤੋਂ ਗੱਲ ਸ਼ੁਰੂ ਕਰਕੇ ਕੈਰਾਨਾ ਹਿਜਰਤ ’ਤੇ ਖਤਮ ਕਰਦੇ ਹਨ।’
ਉਨ੍ਹਾਂ ਕਿਹਾ, ‘ਬਾਬਾ ਜੀ ਨੂੰ ਬੜੀ ਜਲਦੀ ਗੁੱਸਾ ਆ ਜਾਂਦਾ ਹੈ। ਤੁਸੀਂ ਉਨ੍ਹਾਂ ਨੂੰ ਕਦੀ ਹੱਸਦੇ ਹੋਏ ਨਹੀਂ ਦੇਖਿਆ ਹੋਣਾ। ਉਹ ਸਿਰਫ਼ ਉਦੋਂ ਹੱਸਦੇ ਹਨ ਜਦੋਂ ਉਹ ਵੱਛਿਆਂ ਨਾਲ ਹੁੰਦੇ ਹਨ। ਮੈਂ ਕਹਿੰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਜ਼ਾਦ ਕਰ ਦਿਓ ਤਾਂ ਜੋ ਉਹ 24 ਘੰਟੇ ਵੱਛਿਆਂ ਨਾਲ ਖੇਡ ਸਕਣ। ਉਹ ਸਰਕਾਰੀ ਫਾਈਲਾਂ ਨਹੀਂ ਸੰਭਾਲ ਸਕਦੇ।’ ਕਿਸਾਨ ਸੰਘਰਸ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਹ ਸੰਘਰਸ਼ ਜਿੱਤਣ ਲਈ ਕਿਸਾਨਾਂ ਦੀ ਸ਼ਲਾਘਾ ਕਰਦੇ ਹਨ ਜਿਨ੍ਹਾਂ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।
ਇਸ ਦੌਰਾਨ ਅਖਿਲੇਸ਼ ਯਾਦਵ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਰਹਿੰਦੇ ਹੱਕ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਕਾਰਜਕਾਲ ’ਚ ਲੋਕਾਂ ਨੂੰ ਖਾਦਾਂ ਅਤੇ ਮਹਾਮਾਰੀ ਦੇ ਦੌਰ ’ਚ ਦਵਾਈਆਂ, ਆਕਸੀਜਨ ਤੇ ਬੈੱਡਾਂ ਲਈ ਕਤਾਰਾਂ ’ਚ ਖੜ੍ਹਨਾ ਪਿਆ। ਲੋਕਾਂ ਨੂੰ ਨੋਟਬੰਦੀ ਦੌਰਾਨ ਵੀ ਕਤਾਰਾਂ ’ਚ ਖੜ੍ਹਨਾ ਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly