ਮੈਂ ਧਰਤੀ ਪੰਜਾਬ ਦੀ ਲੋਕੋ, ਵਸਦੀ ਉਜੜ ਗਈ?

ਮੈਂ ਧਰਤੀ ਪੰਜਾਬ ਦੀ ਲੋਕੋ, ਵਸਦੀ ਉਜੜ ਗਈ?

ਬੁੱਧ ਚਿੰਤਨ / ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)- ਪੰਜਾਬ ਨੂੰ ਫੇਰ ਉਜਾੜਣ ਦੀਆਂ ਸਕੀਮਾਂ ਸ਼ੁਰੂ ਹੋ ਗਈਆਂ ਹਨ । ਚਾਲੀ ਸਾਲ ਪਹਿਲਾਂ ਜੋ ਕੁੱਝ ਹੁੰਦਾ ਸੀ ਉਹੀ ਹੋ ਲੱਗਿਆ ਹੈ । ਕਿਰਦਾਰ ਬਦਲੇ ਹਨ ਤੇ ਸਿਸਟਮ ਓਹੀ ਹੈ । ਲੁੱਟਮਾਰ ਤੇ ਕੁੱਟਮਾਰ ਜਾਰੀ ਹੈ. ਹੁਣ ਪੰਜਾਬੀਆਂ ਨੇ ਸੋਚਣਾ ਹੈ ਕਿ ਭਾਵਨਾਵਾਂ ਦੇ ਵਹਿਣ ਵਿੱਚ ਹੜ੍ਹ ਕੇ ਜੁਆਨੀਆਂ ਤਬਾਹ ਕਰਨੀਆਂ ਹਨ, ਕਿ ਮੁਕਾਬਲਾ ਕਰਨਾ ਹੈ ?
ਅੱਸੀਵਿਆਂ ਵੇਲੇ ਵੀ ਸਾਜਿਸ਼ ਤਹਿਤ ਸਭ ਕੁੱਝ ਕਰਵਾਇਆ ਸੀ, ਹੁਣ ਫੇਰ ਦੱਬੇ ਮੁਰਦੇ ਪੱਟੇ ਜਾ ਰਹੇ ਹਨ । ਧਰਮ ਦੀ ਫੇਰ ਫਸਲ ਬੀਜਣੀ ਸ਼ੁਰੂ ਕਰ ਦਿੱਤੀ ਹੈ । ਪੰਜਾਬ ਵਿਰੋਧੀ ਕੰਬਾਈਨਾਂ ਫੇਰ ਆ ਗਈਆਂ ਹਨ । ਨਵੇਂ ਔਜ਼ਾਰ ਤੇ ਹਥਿਆਰ ਲੈ ਕੇ ।

ਹੁਣ ਭਾਵੇਂ ਕੋਈ ਵੱਡਾ ਰੁੱਖ ਨਹੀਂ ਡੇਗਿਆ ਉਦੋਂ ਤਾਂ ਵੱਡਾ ਰੁੱਖ ਡਿਗਿਆ ਸੀ ਤੇ ਸਾਰੇ ਪੰਜਾਬੀ ਰਗੜ ਦਿਤੇ ਸੀ। ਫੇਰ ਹੁਣ ਤੱਕ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਐ। ਪੰਜਾਬ ਨੇ ਕਦੇ ਵੀ ਦੇਸ਼ ਨੂੰ ਪਿੱਠ ਨੀ ਸੀ ਦਿਖਾਈ । 80% ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਨੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ । ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਆਪਣੇ ਮੂੰਹ ਉਤੇ ਹੱਥ ਫੇਰੋ ਤੁਸੀਂ ਕੀ ਸੀ ਤੇ ਕੀ ਬਣ ਗਏ ਜਾਂ ਬਣਾ ਦਿੱਤੇ ? ਪੰਜਾਬੀਓ ! ਅਗਲਿਆਂ ਨੇ ਤੁਹਾਨੂੰ ਇਤਿਹਾਸ ਵਿੱਚੋਂ ਮਨਫੀ ਕਰ ਦਿੱਤਾ ਤੇ ਹੁਣ ਜ਼ਿੰਦਗੀ ਵਿੱਚੋਂ ਤੁਸੀਂ ਆਪ ਹੋ ਰਹੇ ਹੋ ! ਸਭ ਕੁੱਝ ਜ਼ਮੀਨ ਤੇ ਜਾਇਦਾਦਾਂ ਨਹੀਂ ਹੁੰਦੀਆਂ ਪਰ ਆਪ ਭੁੱਖ ਨਾਲ ਮਰਨਾ ਤੇ ਵਿਹਲੜਾਂ ਨੂੰ ਲੰਗਰ ਛਕਾਉਣੇ ਵੀ ਕੋਈ ਸੂਰਮਗਤੀ ਨਹੀਂ। ਹੁਣ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਜੰਗ ਹੈ । ਵਿਚਾਰ ਪੈਦਾ ਕਰਨ ਲਈ ਸ਼ਬਦ ਗੁਰੂ ਨਾਲ ਜੁੜੋ । ਸ਼ਬਦ ਦੇ ਅੰਦਰ ਸ਼ਕਤੀ ਹੈ ਭਗਤੀ ਦਾ ਦੌਰ ਗੁਜਰ ਗਿਆ ਹੈ । ਹਰ ਬਾਰ ਖਲਨਾਇਕਾਂ ਦੇ ਮਗਰ ਲੱਗ ਕੇ ਨਾ ਉਜਾੜਾ ਆਪਣਾ ਤੇ ਅਗਲੀਆਂ ਨਸਲਾਂ ਦਾ ਕਰੋ ।

ਲੋਕ ਉਜੜ ਉਜੜ ਵਸਦੇ ਰਹੇ ਹੋ। ਪੰਜਾਬੀ ਲੋਕ ਮਨ ਪਤਾ ਨਹੀਂ, ਕਿਸ ਮਿੱਟੀ ਦਾ ਬਣਿਆ ਹੈ ? ਜਿਹੜਾ ਡਿੱਗਦਾ ਹੈ. ਸੰਭਲਦਾ ਹੈ..ਉਠਦਾ ਹੈ..ਤੁਰਦਾ ਹੈ..ਉਡਦਾ ਹੈ..ਫਿਰ ਮਸਤ ਹੋ ਕਿ ਜਿਉਣ ਲੱਗ ਜਾਂਦਾ ਪਿਛਲੀਆਂ ਗੱਲਾਂ ਭੁੱਲ ਜਾਂਦਾ ..ਫੇਰ ਬੇਗਾਨਗਿਆਂ ਉਤੇ ਡੁੱਲ ਜਾਂਦਾ. ਜਿਧਰ ਨੂੰ ਤੁਰਦਾ ਹੜ੍ਹ ਬਣ ਜਾਂਦਾ ..ਪਿੱਛੇ ਪਰਤ ਕੇ ਨਾ ਦੇਖਦਾ ਸਗੋਂ ਆਪਣੇ ਹੀ ਹੱਡ ਸੇਕਦਾ ਕਦੇ ਗਿਲਾ ਨਾ ਕਰਦਾ..ਚੱਲ ਛੱਡ ..ਯਾਰ..ਪਾ ਮਿੱਟੀ ..ਆਪਣੇ ਆਪ ਤੇ ਮਿੱਟੀ ਪਾਉਣੀ ਔਖੀ ਹੈ..ਆਪਣਾ ਝੱਗਾ ਚੱਕਣਾ ਔਖਾ ਪਰ ਧੰਨ ਹਨ ਪੰਜਾਬੀ ..ਇਹ ਗੁਣ ਸਾਰਿਆਂ ਦੇ ਵਿੱਚ ਨਹੀਂ ..ਜਿਨ੍ਹਾਂ ਦੇ ਵਿੱਚ ਉਹ ਜਾਣਦੇ ਹਨ..ਬਾਕੀ ਤਾਂ ਸਭ ਖਾਕ ਛਾਣਦੇ ਹਨ..ਭਲਾ ਖਾਕ ਛਾਨਣ ਵਾਲੇ ਕੌਣ ਹਨ ?
ਪਤਾ ਤੇ ਤੁਹਾਨੂੰ ਵੀ ਪਰ ਤੁਸੀਂ ਮੂੰਹੋਂ ਨੀ ਪਰ ਮਨ ਵਿੱਚ ਜਰੂਰ ਉਹਨਾਂ ਨੂੰ ਧੜੀ ਤੇ ਪਨਸੇਰੀ ਦੀਆਂ ਗਾਲਾਂ ਕੱਢਦੇ ਹੋ..ਮਾਰ ਸਾਲੇ ਦੇ ਗੋਲੀ..ਉਹ ਕੋਈ ਬੰਦਾ.ਆ?..ਸਾਲਾ ਸਭ ਕੁੱਝ ਲੁੱਟਪੁਟ ਕੇ ਵੀ ਨੀ ਰੱਜਿਆ..ਰੱਬ ਪਤਾ ਨੀ ਇਸ ਨੂੰ ਕਿਉਂ ਨੀ ਚੱਕਦਾ..? ਜਿਨ੍ਹਾਂ ਦੀ ਸਮਾਜ ਨੂੰ ਲੋੜ ਉਹ ਭੰਗ ਦੇ ਭਾਣੇ ਜਾਂਦੇ ਹਨ..ਇਹਨੇ ਪਤਾ ਨੀ ਕਿਹੜੇ ਕਾਲੇ ਕਾਂ ਖਾਧੇ ਆ..ਸਾਲਿਆਂ ਨੂੰ ਮੌਤ ਵੀ ਨਹੀਂ ਆਉਦੀ….। ਸਾਰੇ ਪੰਜਾਬ ਨੂੰ ਕੁੱਝ ਕੁ ਟੱਬਰਾਂ ਨੇ ਲੁੱਟ ਲਿਆ ।
=====
ਪੰਜਾਬੀ ਕਿੰਨੀ ਬਾਰ ਉਜੜੇ ਤੇ ਵਸੇ ਹਨ ? ਕੋਈ ਗਿਣਤੀ ਤੇ ਹਿਸਾਬ ਨਹੀ..ਹੁਣ ਹਾਲਤ ਬੱਦੂਆਂ ਵਾਲੀ ਹੈ..ਜਿਹੜੇ ਸਦਾ ਸਫਰ ਉਤੇ ਹਨ..ਹੁਣ ਪੰਜਾਬੀ ਬਦੇਸ਼ਾਂ ਜਾ ਰਹੇ ਹਨ।
ਪੰਜਾਬ ਦਾ ਕਦੇ ਡਾਂਗ ਉਤੇ ਡੇਰਾ ਰਿਹਾ ਤੇ ਕਦੇ ਸਿਰਹਾਣੇ ਹੇਠਾਂ ਬਾਂਹ ਰੱਖ ਕੇ ਆਰਾਮ ਨੀ ਕੀਤਾ। ਸਦਾ ਜੰਗ ਦੇ ਮੈਦਾਨ ਵਿੱਚ ਰਿਹਾ । ਕਦੇ ਬਾਹਰੀ ਹਮਲਾਵਰਾਂ ਦੇ ਨਾਲ ਤੇ ਕਦੇ ਆਪਣਿਆਂ ਦੇ ਨਾਲ ਡਾਂਗੋ ਡਾਂਗੀ ਹੁੰਦਾ ਰਿਹਾ..ਜਿਸ ਪਾਸੇ ਤੁਰਿਆ ਹੜ੍ਹ ਲਿਆ ਦਿੱਤਾ ..ਫਸਲਾਂ ਬੀਜੀਆਂ ਨੇਰੀ ਲਿਆ ਦਿੱਤੀ ..ਤਲਵਾਰਾਂ ਚੁੱਕੀਆਂ ..ਨੇਰੀ ਲਿਆ ਦਿੱਤੀ । ਕਾਬਲ ਕੰਧਾਰ ਤੇ ਫਰਾਂਸ ਤੱਕ..ਦੁਸ਼ਮਣਾਂ ਦੇ ਆਹੂ ਲਾਹੇ.
.ਨਸ਼ੇੜੀ ਬਣਿਆ ਜਾ ਬਣਾਇਆ ਸਾਰਾ ਪੰਜਾਬ ਨਸ਼ੇੜੀ ਬਣ ਗਿਆ ..ਮੜ੍ਹੀਆਂ ਵਿੱਚ ਮੇਲੇ ਲੱਗਣ ਲੱਗੇ ..ਘਰਾਂ ਦੇ ਘਰ ਖਾਲੀ ਹੋ ਗਏ ..ਘਰਾਂ ਵਿੱਚ ਲਾਲ ਤੇ ਗੁਲਾਬੀ ਚੁੰਨੀਆਂ ਦੀ ਥਾਂ ਚਿੱਟੀਆਂ ਨੇ ਵਾਸਾ ਕਰ ਲਿਆ..ਚੁੱਲਿਆਂ ਵਿੱਚ ਘਾਹ ਉਗ ਆਏ..ਪਰ ਲੋਕ ਫਿਰ ਵੀ ਜਿਉਂਦੇ ਰਹੇ ।

ਪੰਜਾਬ ਨੂੰ ਕਿਸ ਨੇ ਤੇ ਕਿਉਂ ਉਜਾੜਿਆ ?
ਅਜੇ ਤੱਕ ਪੰਜਾਬੀਆਂ ਨੇ ਨਾ ਸੋਚਿਆ ਤੇ ਵਿਚਾਰਿਆ ਹੈ ।
ਸਗੋਂ ਭਾਂਤ ਭਾਂਤ ਦੇ ਲੰਗਰ ਲਗਾਉਣ ਵਾਲੇ ਮੁਫਤ ਦੀ ਸਕੀਮਾਂ ਨੇ ਮੰਗਤੇ ਤੇ ਭਿਖਾਰੀ ਬਣਾ ਦਿੱਤੇ । ਹੈ ਕੋਈ ਸ਼ਰਮ ਪੰਜਾਬੀ ਵੀਰੋ ? ਲੱਗਦਾ ਸ਼ਰਮ ਘੋਲ ਕੇ ਪੀ ਲਈ ਹੈ ।
====
ਸਿੱਖ ਧਰਮ ਤੇ ਇਤਿਹਾਸ ਦੀਆਂ ਮਨ ਘੜਤ ਸਾਖੀਆਂ ਨੇ ਪੰਜਾਬ ਨੂੰ ਹਮੇਸ਼ਾ ਵਰਤਿਆ ਵੀ ਉਹਨਾਂ ਨੇ ਜਿਨ੍ਹਾਂ ਪੰਜਾਬ ਨੂੰ ਬਾਰ ਬਾਰ ਉਜਾੜਿਆ ਪਰ ਫਿਰ ਵੀ ਨਾ ਸੋਚਿਆ ਤੇ ਵਿਚਾਰਿਆ ? ਪਰ ਲੋਕ ਟੁੱਕ ਟੇਰ ਬਣ ਗਏ ! ਪੰਜਾਬ
ਹੁਣ ਬਦੇਸ਼ਾਂ ਦੇ ਵੱਲ ਉਡਾਰੀ ਮਾਰ ਰਿਹਾ ਹੈ..ਇੰਝ ਲਗਦਾ ਛੇਤੀ ਹੀ ਪੰਜਾਬ ਖਾਲੀ ਹੋ ਜਾਵੇਗਾ ..ਇਥੇ ਹੋਰਨਾਂ ਦਾ ਰਾਜ ਹੋਵੇਗਾ .ਪੰਜਾਬ ਵੀਜ਼ਾ ਲੈ ਕੇ ਆਪਣੇ ਉਜੜੇ ਘਰਾਂ ਨੂੰ ਦੇਖਣ ਆਇਆ ਕਰੇਗਾ ..ਜਿਵੇਂ ਸਾਡੇ ਪੁਰਖੇ ਪਾਕਿਸਤਾਨ ਜਾਂਦੇ ਹਨ…ਬਸ ਅਗਲੀਆਂ ਪੀੜ੍ਹੀਆਂ ਦਾ ਹਾਲ ਵੀ ਸਾਡੇ ਬਾਬਿਆਂ ਵਰਗਾ ਹੀ ਹੋਣਾ ਹੈ..ਪਰ ਹੁਣ ਕਾਹਦਾ ਰੋਣਾ ਹੈ..
“ਅਖੇ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ.!”
ਪੰਜਾਬ ਦੇ ਲੱਖਾਂ ਹੀ ਘਰ ਹਨ ਜਿਥੇ ਧੀਆਂ, ਮਾਵਾਂ ਤੇ ਨੂੰਹਾਂ ਕੱਲੀਆਂ ਜੋ ਜਿਉਂਦੇ ਜੀ ਰੰਡੇਪਾ ਕੱਟਦੀਆਂ ਨੇ..ਪਰ ਉਹ ਮਰ ਗਿਆ ਦੇ ਜਾਂ ਬਦੇਸ਼ ਗਿਆ ਦੇ ਨਾਲ਼ ਮਰੀਆਂ ਨਹੀਂ ਉਹ ਜਿਉਂਦੀਆਂ ਹਨ…ਪਰ ਜਿਨ੍ਹਾਂ ਨੇ ਘਰ ਦਰ ਸਾਂਭਣੇ ਸਨ । ਉਹ ਪਰਦੇਸੀ ਹੋ ਗਏ ਜਾਂ ਜਹਾਨੋੰ ਚਿੱਟੇ ਨਾਲ ਤੁਰ ਗਏ !
ਕੀ ਹੋਣੀ ਹੈ ਉਨ੍ਹਾਂ ਪੰਜਾਬਣਾਂ ਦੀ ? ਚਿੱਟੇ ਦੇ ਵਪਾਰੀ ਹੁਣ ਧਰਮੀ ਕਰਮੀ ਬਣ ਕੇ ਜੇਲਾਂ ਵਿੱਚ ਬੰਦ ਪੰਜਾਬੀਆਂ ਨੂੰ ਛਡਾਉਣ ਲਈ ਹਵਾ ਵਿੱਚ ਤਲਵਾਰਾਂ ਮਾਰ ਰਹੇ ਹਨ ।
ਕਦੇ ਸੋਚਿਆ ਹੈ ? ਪੰਜਾਬੀਓ ਕਦੋਂ ਤੱਕ ਉਜੜ ਕੇ ਵਸਦੇ ਰਹਿਣਾ ਹੈ ? ਕੁੱਝ ਅਕਲ ਨੂੰ ਹੱਥ ਮਾਰੋ ਤੇ ਬੇਗਾਨੀਆਂ ਮੱਝਾਂ ਨਾ ਚਾਰੋ ਤੇ ਦੁਸ਼ਮਣ ਪਛਾਣੋ..ਜੋ ਬਾਹਰਲੇ ਘੱਟ ਤੇ ਘਰ ਦੇ ਵੱਧ ਹਨ.. ਕੌਣ ਹਨ ਦੇਖੋ ਤੇ ਪਛਾਣਾਓ.
ਜਾਣੋ ਸੋਚੋ ਤੇ ਵਿਚਾਰੋ ਕੀ ਕਰਨਾ ਹੈ ?
ਅਖੇ! ਡੁੱਬੀ ਤਾਂ ਜੇ ਸਾਹ ਨਾ ਆਇਆ।
ਜਦ ਵੀ ਪੰਜਾਬ ਜਾਂ ਦੇਸ਼ ਉਤੇ ਬਿਪਤਾ ਪਈ ਹੈ, ਸੋਚੋ
ਪੰਜਾਬੀਓ ! ਕੌਣ ਆਇਆ ਹੈ, ਤੁਹਾਡੀ ਮੱਦਦ ਲਈ ? ਆਪਣੇ ਹੀ ਆਏ ਹਨ .ਨਾ ਕੋਈ ਸਿਆਸਤਦਾਨ ਆਇਆ ਤੇ ਪੁਜਾਰੀ ਤੇ ਨਾ ਅਧਿਕਾਰੀ..ਬਾਹਰਲਿਆਂ ਨੇ ਤਾਂ ਕੀ ਆਉਣਾ ਸੀ ? ਸਗੋਂ ਤੁਹਾਨੂੰ ਲੁੱਟਣ ਜਰੂਰ ਆਉਦੇ ਹਨ । ਭੇਸ ਤੇ ਭੇਖ ਬਦਲ ਬਦਲ ਕੇ । ਕਦੇ ਚਿੱਟੇ, ਕਦੇ ਭਗਵੇਂ, ਕਦੇ ਹਰੇ ਕਦੇ ਰੰਗ ਬਰੰਗੇ ਬਸਤਰ ਪਾ ਕੇ ਆਉਦੇ ਹਨ । ਤੁਹਾਨੂੰ ਮੁਕਤੀ ਦਾ ਪਾਠ ਪੜ੍ਹਨ ਲਾ ਕੇ ਕਦੇ ਭਾਵਨਾਵਾਂ, ਕਦੇ ਮਾਇਆ ਤੇ ਦੇਹ ਤੇ ਆਰਥਿਕਤਾ ਦੀ ਲੁੱਟਮਾਰ ਕਰਦੇ ਹਨ ।
ਪੰਜਾਬੀਓ..! ਸੋਟਾ ਪੀੜ੍ਹੀ ਹੇਠਾਂ ਵੀ ਫੇਰੋ। ਉਹਨਾਂ ਉਤੇ ਵੀ ਫੇਰਨ ਦੀ ਲੋੜ ਹੈ .ਜਿਨ੍ਹਾਂ ਦੇ ਮਗਰ ਹਰ ਵੇਲ਼ੇ ਤੁਰੇ ਫਿਰਦੇ
ਸਾਡੀ ਪਾਰਟੀ ਆ..! ਦੇਖ ਲਵੋ ਸਵਾਦ ਪਾਰਟੀਆਂ ਦੇ ਆਗੂਆਂ ਦਾ..ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ ਜੇ ਕਿਸੇ ਪੁੱਛਿਆ ਤਾਂ ਦੱਸ ਦਿਓ ? ਦੇਖ ਲਵੋ ਕਿਵੇਂ ਬਦਲ ਰਿਹਾ ਪੰਜਾਬ ਤੇ ਬਣ ਰਿਹਾ ਰੰਗਲਾ ਨਹੀਂ ਕੰਗਲਾ ਤੇ ਮਲੰਗ ਪੰਜਾਬ ।
ਹਰ ਵਾਰ ਉਜੜ ਕੇ ਵਸਣ ਦੀ ਆਦਤ ਨੂੰ ਬਦਲੋ..ਆਪਣੇ ਅੰਦਰਲੀ ਸ਼ਕਤੀ ਨੂੰ ਜਗਾਓ..ਯਾਦ ਕਰੋ ੧੬੯੯ ਦੀ ਵਿਸਾਖੀ ਤੇ ਚਮਕੌਰ ਗੜ੍ਹੀ ਦੀ ਜੰਗ…ਚਿੱਟੀ ਸਿਉਂਕ ਪੁਜਾਰੀ ਤੇ ਡੇਰੇ ਦਾਰਾਂ ਨੇ ਤੁਹਾਨੂੰ ਮਨਘੜਤ ਸਾਖੀਆਂ ਸੁਣਾ ਕੇ..ਮਰਨ ਦਾ ਡਰ ਪਾ ਦਿੱਤਾ ਹੈ…ਅਖੇ ਮਰਨਾ ਸੱਚ ਜਿਉਣਾ ਝੂਠ ਹੈ..ਪਰ ਗੱਲਾਂ ਦੋਵੇਂ ਸੱਚ ਹਨ..ਜਿਉਂਦੇ ਹੋਣ ਦਾ ਸਬੂਤ ਦਿਓ. ਹੁਣ ਕਿਸੇ ਭਗਤ ਸਿੰਘ ਨੇ ਨੀ ਆਉਣਾ ਨਾ ਹੀ ਹੁਣ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋਣ ਦੀ ਲੋੜ ਹੈ । ਕੇਸਰੀ ਪੱਗੜ੍ਹੀ ਦੇ ਥੱਲੇ ਭਗਤ ਸਿੰਘ ਦੀ ਸੋਚ ਵੀ ਲਿਆਓ । ਸੋਚ ਚੰਗਾ ਸਾਹਿਤ ਪੜ੍ਹਨ ਨਾਲ ਬਣਦੀ ਹੈ । ਚਿੱਟੀ ਸਿਊਕ ਦੇ ਦੀਵਾਨ ਸੁਣ ਕੇ ਨਹੀਂ !
ਹੁਣ ਆਪਣੇ ਆਪ ਦੀ ਪਹਿਚਾਣ ਕਰਨ ਦੀ ਤੇ ਆਪਣੀ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਲੋੜ ਹੈ।
ਕਦੋਂ ਤੱਕ ਉਜੜ ਕੇ ਵਸਦੇ ਰਹੋਗੇ ?
ਹੁਣ ਵੀ ਜੇ ਨਾ ਤੁਹਾਨੂੰ ਆਪਣੇ ਤੇ ਬੇਗਾਨੇ ਦੀ ਸਮਝ ਲੱਗੀ ਤਾਂ ਤੁਹਾਨੂੰ ਕੋਈ ਨਹੀਂ ਵਸਾ ਸਕਦੇ ?
ਕਿਤਾਬਾਂ ਦੇ ਨਾਲ਼ ਜੁੜੋ..ਪੜ੍ਹੋ..ਸੰਗਠਿਤ ਹੋਵੋ ..ਤੇ ਆਪਣੇ ਹਿੱਸੇ ਦੇ ਅਸਮਾਨ ਉਤੇ ਕਬਜ਼ਾ ਕਰੋ ! ਨਾ ਮਰੋ..ਨਾ ਮਾਰੋ. ਸਗੋਂ ਆਪਣਾ ਆਪ ਬਚਾਓ..ਮਨੁੱਖਤਾ ਦੇ ਗੁਣ ਗਾਓ.. ਬਹੁਤ ਹੋ ਗਈ ਹੁਣ ਤੱਕ ਕੁੱਤੇ ਖਾਣੀ..ਕਿ ਅਜੇ ਵੀ ਕੋਈ ਰੜਕ ਹੈ?
ਪਛਾਣਾਓ ਆਪਣੀ ਬੜਕ ਨੂੰ ਜੋ ਜੱਥੇਦਾਰ ਹਰੀ ਸਿੰਘ ਨਲੂਆ ਜੱਥੇਦਾਰ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਜਿਹੜੇ ਅਫਗਾਨਿਸਤਾਨ ਦੇ ਮੈਦਾਨ ਵਿੱਚ ਮਾਰਦੇ ਸੀ ।
ਬਣੋ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਵਾਰਿਸ ! ਲਵੋ ਕੋਈ ਸੇਧ ।
ਜਾਗੋ ਪੰਜਾਬੀਓ ! ਸੰਭਾਲ ਲਓ ਪੰਜਾਬ ਨੂੰ !
ਨਹੀਂ ਤਾਂ ਉਜਾੜਣ ਵਾਲਿਆਂ ਦੇ ਤੁਸੀਂ ਭਾਈਵਾਲ ਗਿਣੇ ਜਾਣਾ ਹੈ..ਸਮਾਂ, ਇਤਿਹਾਸਕਾਰਾਂ ਤੇ ਭਵਿੱਖ ਦੀਆਂ ਨਸਲਾਂ ਨੇ ਤੁਹਾਨੂੰ ਮੁਆਫ਼ ਨਹੀਂ ਕਰਨਾ! ਮੁਆਫ਼ ਹੁਣ ਕਿਸੇ ਨਹੀਂ ਕਰਨਾ ।
ਸੋਚੋ ! ਕਦੋਂ ਤੱਕ ਉਜੜ ਕੇ ਵਸਣਾ ਹੈ ?
…….
ਬੁੱਧ ਸਿੰਘ ਨੀਲੋਂ
94643 70823

Previous articleRaj govt forms SIT in Gogamedi murder case
Next articleNow QR code to create awareness about leopard behaviour to avoid attacks