ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੀ ਬਦੌਲਤ ਨਿੱਤ ਹੋ ਰਿਹਾ ਕੀਮਤੀ ਜਾਨਾਂ ਦਾ ਨੁਕਸਾਨ 

ਜੀ ਐੱਨ ਕਾਨਵੈਂਟ ਸਕੂਲ ਭਲੂਰ ਵੱਲ਼ੋਂ ਬੱਚਿਆਂ ਨੂੰ ਕੀਤਾ ਗਿਆ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ 
ਭਲੂਰ/ ਫਰੀਦਕੋਟ 28 ਜੁਲਾਈ (ਬੇਅੰਤ ਗਿੱਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ. ਐੱਨ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ  ਭਲੂਰ ਵੱਲੋਂ ਅੱਜ ਇੱਥੇ ਸਕੂਲ ਪ੍ਰਿੰਸੀਪਲ ਰਮਨਦੀਪ ਕੌਰ ਅਤੇ ਵਾਇਸ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਨਿਗਰਾਨੀ ਹੇਠ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਹਿੱਤ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ “ਸੜਕ ਯਾਤਾਯਾਤ ਅਤੇ ਰਾਜਮਾਰਗ ਮੰਤਰਾਲਾ ਭਾਰਤ ਸਰਕਾਰ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਸੜਕ ਸੁਰੱਖਿਆ_ ਜੀਵਨ ਰੱਖਿਆ” ਦੇ ਨਾਅਰੇ ਅਤੇ ਮੋਟਰ ਵਾਹਨ (ਸੰਸ਼ੋਧਨ) ਐਕਟ 2019 ਤਹਿਤ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਬਤ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਸਕੂਲ ਦੇ ਸਮੂਹ ਅਧਿਆਪਕ ਵਰਗ ਵੱਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਨੂੰ ਹਮੇਸ਼ਾ ਸੜਕ ਉੱਪਰ ਜਾਂਦੇ ਵਕ਼ਤ ਮੋਬਾਇਲ ਫੋਨ ਦੀ ਵਰਤੋਂ ਹਰਗਿਜ਼ ਨਹੀਂ ਕਰਨੀ ਚਾਹੀਦੀ।
ਜਦੋਂ ਅਸੀਂ ਆਪਣੇ ਕਿਸੇ ਵਾਹਨ ਜ਼ਰੀਏ ਕਿੱਧਰੇ ਜਾ ਰਹੇ ਹੋਈਏ ਤਾਂ ਉਸ ਸਮੇਂ ਡਰਾਈਵਿੰਗ ਕਰਦਿਆਂ ਆਪਣਾ ਪੂਰਾ ਧਿਆਨ ਸਾਹਮਣੇ ਰੱਖਣਾ ਤੇ ਆਸ ਪਾਸ ਲਈ ਚੁਕੰਨੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਸੜਕਾਂ ਉੱਪਰ ਨਿਕਲਣਾ ਇਕ ਕਾਨੂੰਨੀ ਜ਼ੁਰਮ ਹੈ। ਹਮੇਸ਼ਾ ਆਪਣੀ ਸਾਇਡ ਚੱਲਣਾ ਚਾਹੀਦਾ ਹੈ। ਕਿਸੇ ਤਰ੍ਹਾਂ ਦੀ ਕਰਾਸਿੰਗ ਸਮੇਂ ਦੋਚਿੱਤੀ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਆਪਣਾ ਇੱਕੋ ਫੈਸਲਾ ਹੋਵੇ ਕਿ ਬਸ  ‘ਰੁੱਕਣਾ’ ਹੈ। ਇਸ ਤਰ੍ਹਾਂ ਦੀ ਸਿਆਣਪ ਨਾਲ ਅਸੀਂ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਵਿੱਚ ਚੰਗੇ ਕਦਮ ਪੁੱਟ ਸਕਦੇ ਹਾਂ। ਇਸੇ ਤਰ੍ਹਾਂ ਪ੍ਰੋਗਰਾਮ ਵਿਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੋ ਨੁਕਸਾਨ ਮਾਨਵਤਾ ਦਾ ਹੁੰਦਾ ਹੈ , ਉਸ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਦੱਸਿਆ ਗਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਸਾਡੀ ਅਣਗਹਿਲੀ ਨਾਲ ਬਹੁਤ ਸਾਰੇ ਲੋਕ ਅਣਿਆਈ ਮੌਤ ਮਰ ਜਾਂਦੇ ਹਨ । ਇਸ ਮੌਕੇ ਸਕੂਲ ਦੇ ਪੰਜਾਬੀ  ਵਿਸ਼ੇ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਭਾਸ਼ਣ ਦਿੰਦਿਆਂ  ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਦਰਸਾਏ ਗਏ ਦਿਸ਼ਾ-ਨਿਰਦੇਸ਼ਾਂ ਦੀ  ਤਨਦੇਹੀ ਨਾਲ ਪਾਲਣਾ ਕਰਨ ਦੀ ਪ੍ਰੇਰਨਾ ਦਿੱਤੀ। ਅਧਿਆਪਕ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਵਿਚ ਦੱਸਿਆ ਕਿ ਜਿਹੜਾ ਵਿਆਕਤੀ ਨਸ਼ੇ ਦਾ ਸੇਵਨ ਕਰਕੇ  ਗੱਡੀ ਚਲਾਉਂਦਾ ਹੈ ਤਾਂ ਉਸਨੂੰ 15000/ ਹਜ਼ਾਰ ਰੁਪਏ ਜੁਰਮਾਨਾ ਜਾਂ ਦੋ ਮਹੀਨੇ ਦੀ ਕੈਦ ਵੀ ਹੋ ਸਕਦੀ ਹੈ।  “ਸੜਕ ਸੁਰੱਖਿਆ_ ਜੀਵਨ ਰੱਖਿਆ” ਦੇ ਨਾਅਰੇ ਦਾ ਪਾਲਣ ਕਰਦੇ ਹੋਏ ਸਾਨੂੰ ਆਪਣੀ ਅਤੇ ਦੂਜਿਆਂ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ ।
ਅਜੋਕੇ ਸਮੇਂ ਵਿਚ ਆਪਾਂ ਅਕਸਰ ਹੀ ਲੋਕ ਗੱਲਾਂ ਕਰਦੇ ਸੁਣਦੇ ਹਾਂ ਕਿ ਇਕ ਨਸ਼ਾ ਰਹਿਤ ਤੇ ਸੂਝਬੂਝ ਨਾਲ ਵਾਹਨ ਲੈ ਕੇ ਜਾ ਰਹੇ ਵਿਆਕਤੀ ਵਿਚ ਕਿਸੇ ਨਸ਼ੇ ਨਾਲ ਰੱਜੇ ਵਿਆਕਤੀ ਨੇ ਮੂਹਰਲੇ ਜਾਂ ਮਗਰਲੇ ਪਾਸੇ ਤੋਂ ਆਪਣਾ ਵਹੀਕਲਜ਼ ਲਿਆਣ ਕੇ ਵਿਚ ਮਾਰਿਆ ਅਤੇ ਇਕ ਚੰਗੇ ਡਰਾਇਵਰ ਦੀ ਜਾਨ ਚਲੀ ਗਈ। ਇੱਥੇ ਇਹ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਕਿ ਟ੍ਰੈਫਿਕ ਨਿਯਮਾਂ ਅਨੁਸਾਰ ਜਾ ਰਹੇ ਵਿਆਕਤੀ ਦਾ ਕੀ ਕਸੂਰ ਸੀ ?  ਜਿਸਦਾ ਮਾਲੀ ਜਾਂ ਜਾਨੀ ਨੁਕਸਾਨ ਕਰ ਦਿੱਤਾ ਗਿਆ। ਇਸ ਲਈ ਸੜਕਾਂ ਉੱਪਰ ਜਾਂਦੇ ਸਮੇਂ ਨਸ਼ਿਆਂ ਦਾ ਬਿਲਕੁਲ ਸੇਵਨ ਨਹੀਂ ਕਰਨਾ ਚਾਹੀਦਾ। ਸਭ ਤੋਂ ਵੱਡੀ ਗੱਲ ਕਿ ਸੜਕਾਂ ਉੱਪਰ ਵਹੀਕਲਜ਼ ਚਲਾਉਂਦਿਆਂ ਫੁਕਰੀਪੁਣਾ ਬਿਲਕੁਲ ਨਹੀਂ ਦਿਖਾਉਣਾ ਚਾਹੀਦਾ। ਅੱਜ ਕੱਲ੍ਹ ਜ਼ਿਆਦਾ ਲੋਕ ਇਸੇ ਬੀਮਾਰੀ ਦੀ ਬਦੌਲਤ ਸੜਕਾਂ ਉੱਪਰ ਮਰ ਰਹੇ ਹਨ।  ਇਕ ਬੇਵਕੂਫ਼ ਦੀ ਗਲਤੀ ਦਾ ਖਮਿਆਜਾ ਇਕ ਸਾਫ਼ ਸੁੱਥਰੀ ਡਰਾਈਵਿੰਗ ਕਰਨ ਵਾਲੇ ਵਿਆਕਤੀ ਨੂੰ ਭੁਗਤਣਾ ਪੈਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਵਾਹਨ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਅਖੀਰ ਵਿਚ ਸਕੂਲ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਖੁਦ ਜਾਗਰੂਕ ਹੋਣ ਅਤੇ ਅੱਗੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਸਕੂਲ ਦੇ ਹੋਰ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndigenously-built Indian naval ship to visit SL’s Trincomalee
Next articleਕਵਿਤਾ /ਬੋਲਣਾ ਗੁਨਾਹ ਹੈ