ਲੋਕਾਂ ਲਈ ਬੇਹੱਦ ਦਿਲਚਸਪ ਰਿਹਾ ‘ਭਲੂਰ’ ਦੇ ਤਿੰਨੇ ਸਰਗਰਮ ਉਮੀਦਵਾਰਾਂ ਦਾ ਚੋਣ ਪ੍ਰਚਾਰ

ਕੁਝ ਗ਼ਲਤ ਅਨਸਰਾਂ ਨੇ ‘ਫੇਕ ਆਈਡੀਆਂ’ ਬਣਾ ਕੇ ਕੀਤੇ ਅੱਗ ਲਾਊ ਕੰਮ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਭਲੂਰ ਹਲਕਾ ਬਾਘਾਪੁਰਾਣਾ ਦਾ ਨਾਮਵਰ ਤੇ ਵੱਡਾ ਪਿੰਡ ਹੈ। ਪਿੰਡ ਦੀ ਲਗਭਗ 10 ਹਜ਼ਾਰ ਦੇ ਕਰੀਬ ਆਬਾਦੀ ਹੈ। ਐਤਕਾਂ ਦੀਆਂ ਪੰਚਾਇਤੀ ਚੋਣਾਂ ਨੇ ਪਿੰਡ ਦੀਆਂ ਗਲੀਆਂ ‘ਚ ਰੰਗ ਬੰਨ੍ਹੀ ਰੱਖੇ। ਚੋਣ ਪ੍ਰਚਾਰ ਦੇ ਪਿਛਲੇ ਦੋ ਤਿੰਨ ਦਿਨ ਤਾਂ ਲੱਡੂ, ਬਰਫ਼ੀ, ਗ਼ੁਲਾਬ ਜਾਮਣਾ, ਕੇਲੇ ਆਦਿ ਵਗੈਰਾ ਖੁੱਲ੍ਹੇ ਰੂਪ ਵਿਚ ਵਰਤੇ। ਬੱਚਿਆਂ ਲਈ ਪੂਰੀ ਮੌਜ ਬਣੀ ਰਹੀ। ਕਦੇ ਵੱਡੇ ਖੂਹ ‘ਤੇ, ਕਦੇ ਬੈਂਚਾਂ ‘ਤੇ, ਕਦੇ ਥੜੇ ‘ਤੇ, ਕਦੇ ਖੂਹੀ ‘ਤੇ, ਕਦੇ ਮੰਡੀ ‘ਚ, ਕਦੇ ਮੰਦਰ ਕੋਲ਼ੇ, ਕਦੇ ਗੁਰਦੁਆਰਾ ਸਾਹਿਬ ਕੋਲ, ਕਦੇ ਨਾਥੇਵਾਲਾ ਰਾਹ ‘ਤੇ, ਕਦੇ ਲੰਡਿਆਂ ਦੇ ਰਾਹ ‘ਤੇ, ਕਦੇ ਕਿਸੇ ਦੇ ਘਰ ਤੇ ਕਦੇ ਕਿਸੇ ਦੇ ਘਰ, ਖੂਬ ਰੌਣਕਾਂ ਲੱਗਦੀਆਂ ਰਹੀਆਂ। ਦੱਸ ਦੇਈਏ ਕਿ ਇੱਥੇ ਪਿੰਡ ਭਲੂਰ ਦੇ ਸਰਬ ਸਾਂਝੇ ਉਮੀਦਵਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਅਰਸ਼ਵਿੰਦਰ ਸਿੰਘ ਭਲੂਰ, ਸਰਬ ਸਾਂਝੇ ਉਮੀਦਵਾਰ ਸੁਖਦੀਪ ਸਿੰਘ ਅਤੇ ਸਰਬ ਸਾਂਝੇ ਉਮੀਦਵਾਰ ਵੀਰਪਾਲ ਸਿੰਘ ਉਰਫ਼ ਵੀਰੂ ਮੈਂਬਰ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਨੌਜਵਾਨ ਅਰਸ਼ਵਿੰਦਰ ਸਿੰਘ ਦੇ ਨਾਮ ਨਾਲ ਜੁੜਦੇ ਨਾਂਅ ਦੇ ਵਿਆਕਤੀ ਅਰਸ਼ਦੀਪ ਸਿੰਘ ਵੱਲੋਂ ਵੀ ਆਪਣੀ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਪਰ ਉਸਨੂੰ ਆਪਣਾ ਪ੍ਰਚਾਰ ਕਰਨ ਦੀ ਥਾਂ ਸੋਸ਼ਲ ਮੀਡੀਆ ‘ਤੇ ਦੂਜੇ ਉਮੀਦਵਾਰ ਸੁਖਦੀਪ ਸਿੰਘ ਦੇ ਚੋਣ ਪ੍ਰਚਾਰ ਦੀਆਂ ਤਸਵੀਰਾਂ ਪਾਉਂਦੇ ਅਤੇ ਪਿੰਡ ਅੰਦਰ ਉਸੇ ਦਾ ਹੀ ਪ੍ਰਚਾਰ ਕਰਦੇ ਦੇਖਿਆ ਗਿਆ। ਇਸੇ ਤਰ੍ਹਾਂ ਪਿਛਲੀ ਵਾਰ ਸਰਪੰਚ ਰਹਿ ਚੁੱਕੇ ਪਾਲਾ ਸਿੰਘ ਵੱਲੋਂ ਵੀ ਨਾਮਜ਼ਦਗੀ ਪੱਤਰ ਭਰੇ ਗਏ ਹਨ। 13 ਅਕਤੂਬਰ ਦੀ ਸ਼ਾਮ ਤੱਕ ਨੌਜਵਾਨ ਸੁਖਦੀਪ ਸਿੰਘ,  ਵੀਰਪਾਲ ਸਿੰਘ ਵੀਰੂ ਮੈਂਬਰ ਅਤੇ ਆਮ ਆਦਮੀ ਪਾਰਟੀ ਅਤੇ ਭਲੂਰ ਦੇ ਸਾਂਝੇ ਉਮੀਦਵਾਰ ਅਰਸ਼ਵਿੰਦਰ ਸਿੰਘ ਭਲੂਰ ਦਾ ਚੋਣ ਪ੍ਰਚਾਰ ਸਿਖਰਾਂ ‘ਤੇ ਰਿਹਾ। ਤਿੰਨੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਚੋਣ ਪ੍ਰਚਾਰ ਦੌਰਾਨ ਤਿੰਨੇ ਉਮੀਦਵਾਰਾਂ ਦੀ ਜ਼ਬਾਨ ‘ਚੋਂ ਮਿਠਾਸ ਡੁੱਲਦੀ ਰਹੀ। ਕਹਿਣ ਦਾ ਮਤਲਬ ਬੜੇ ਮਿੱਠੇ ਤੇ ਨਿਮਾਣੇ ਜਿਹੇ ਬਣ ਕੇ ਲੋਕਾਂ ਨੂੰ ਅਪੀਲਾਂ ਕਰਦੇ ਰਹੇ। ਤਿੰਨਾਂ ਦੇ ਮੂੰਹੋਂ ਪਿੰਡ ਦੇ ਐੱਨ ਆਰ ਆਈਜ਼ ਵੀਰਾਂ ਦਾ ਖੂਬ ਨਾਮ ਗੂੰਜਦਾ ਰਿਹਾ। ਤਿੰਨੇ ਵਾਅਦਿਆਂ ਦੀਆਂ ਪੰਡਾਂ ਵੰਡਦੇ ਰਹੇ। ਪਿੰਡ ਅੰਦਰ ਹਰ ਰੋਜ਼ ਮੇਲੇ ਵਰਗਾ ਮਾਹੌਲ ਰਿਹਾ।  ਇਸ ਦੌਰਾਨ ਪਿੰਡ ਅੰਦਰ ਅੱਗ ਪਾਉਣ ਵਾਲੇ ਅੱਗ ਲਾਊ ਅਨਸਰਾਂ ਵੱਲੋਂ ਸੋਸ਼ਲ ਮੀਡੀਆ ‘ਤੇ  ‘ ਫੇਕ ਆਈਡੀਆਂ ‘ ਬਣਾ ਕੇ ਰੱਜਵਾਂ ਗੰਦ ਪਾਇਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ  ਕੁਝ ਕੁ ਘਟੀਆ ਕਿਸਮ ਨੂੰ ਪਾਸੇ ਕਰਕੇ ਬਾਕੀ ਸਾਰਾ ਭਲੂਰ ਨਗਰ ਬਹੁਤ ਹੀ ਸਮਝਦਾਰ ਅਤੇ ਇਕ ਦੂਜੇ ਨਾਲ ਮੁਹੱਬਤ ਰੱਖਣ ਵਾਲਾ ਹੈ। ਇਸ ਪਿੰਡ ਦੀ ਇਕ ਗੱਲ ਬੜੀ ਖੂਬਸੂਰਤੀ ਤੇ ਬਹਾਦਰੀ ਵਾਲੀ ਹੈ ਕਿ ਇੱਥੇ ਲੋਕਾਂ ਵਿਚ ਆਪਸੀ ਫੁੱਟ ਜਾਂ ਲੜਾਈ ਝਗੜੇ ਵਾਲੀ ਕੋਈ ਸਪੇਸ ਨਹੀਂ ਮਿਲੇਗੀ। ਐਨਾ ਜ਼ਰੂਰ ਹੈ ਕਿ ਚੋਣ ਪ੍ਰਚਾਰ ਦੌਰਾਨ ਕੁਝ ਨਵੇਂ ਮੁੰਡੇ ਜਿਨ੍ਹਾਂ ਨੂੰ ਸਿਆਸਤ ਬਾਰੇ ਕੋਈ ਸਮਝ ਨਹੀਂ, ਉਹ ਕਈ ਵਾਰ ਉਂਚਾ ਨੀਵਾਂ ਜ਼ਰੂਰ ਹੁੰਦੇ ਰਹੇ। ਵਾਹਿਗੁਰੂ ਮਿਹਰ ਕਰਨ ਕਿ ਸਿਆਣੇ ਤੇ ਪੁਰਾਣੇ ਬਜੁਰਗ ਲੋਕਾਂ ਦੇ ਅਸ਼ੀਰਵਾਦ ਨਾਲ ਪਿੰਡ ਦਾ ਮਾਹੌਲ ਸੁਖਾਵਾਂ ਤੇ ਸ਼ਾਨਦਾਰ ਬਣਿਆ ਰਹੇ। ਪਾਲਾ ਸਿੰਘ ਸਮੇਤ ਚਾਰੇ ਉਮੀਦਵਾਰ ਰਲ ਮਿਲ ਕੇ ਪਿੰਡ ਦੀ ਤਰੱਕੀ ਲਈ ਇਕਜੁਟ ਹੋਣ, ਇਹ ਵੀ ਵਾਹਿਗੁਰੂ ਅੱਗੇ ਅਰਦਾਸ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੀ ਕਾਨਫਰੰਸ 16 ਅਤੇ 17 ਅਕਤੂਬਰ ਨੂੰ
Next articleਬਜ਼ੁਰਗ ਹੁੰਦੇ ਹਨ ਘਰ ਦਾ ਤਾਲਾ