ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸਲਾਨਾ ਪੈਨਸ਼ਨਰ ਦਿਵਸ ਭਾਰਤ ਪੈਲਸ ਹੁਸ਼ਿਆਰਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਕਨਫੇਡਰੇਸ਼ਨ ਦੇ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਕੁਲਵਰਨ ਸਿੰਘ ਨੇ ਕੀਤੀ। ਇਹ ਸਮਾਗਮ ਪੈਨਸ਼ਨਰ ਜੱਥੇਬੰਦੀ ਦੇ ਬਾਬਾ ਬੋਹੜ ਮਰਹੂਮ ਸ੍ਰੀ ਮਹਿੰਦਰ ਸਿੰਘ ਪਰਿਵਾਨਾ ਜੀ ਨੂੰ ਸਮਰਪਿੱਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਲੋਕ ਕੁਮਾਰ ਗੁਪਤਾ, ਡਿਪਟੀ ਸਰਕਲ ਹੈਡ, ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ, ਮੁੱਖ ਮਹਿਮਾਨ ਵਜੋਂ ਅਤੇ ਮਹਾਨ ਟ੍ਰੇਡ ਯੂਨੀਅਨ ਆਗੂ ਮਾਸਟਰ ਹਰਕੰਵਲ ਸਿੰਘ, ਸ੍ਰੀ ਜਵੰਦ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਸ੍ਰੀ ਸਤੀਸ਼ ਰਾਣਾ ਕੋ-ਆਰਡੀਨੇਟਰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੌਰਾਨ ਸ਼ਾਮਿਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਮੌਜੂਦਾ ਸਾਲ ਦੌਰਾਨ ਸਵਰਗ ਸੁਧਾਰ ਗਏ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਸਮਾਗਮ ਸ਼ੁਰੂ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸੂਰਜ ਪ੍ਰਕਾਸ਼ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦਿਆਂ ਜਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਜੱਥੇਬੰਦਕ ਗਤੀਵਿਧੀਆਂ ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਜਿਲਾ ਸਕੱਤਰ ਕਿਰਪਾਲ ਸਿੰਘ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸ਼ਾਮਲ ਹੋਏ ਪੈਨਸ਼ਨਰ ਸਾਥੀਆਂ ਨੂੰ ਜੀ ਆਇਆ ਕਿਹਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਥੇਬੰਦਕ ਸਲਾਨਾ ਰਿਪੋਰਟ ਅਤੇ ਸ਼੍ਰੀ ਸੁਦੇਸ਼ ਚੰਦਰ ਸ਼ਰਮਾ ਵੱਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਉਪਰੋਕਤ ਦੋਵਾਂ ਰਿਪੋਰਟਾਂ ਨੂੰ ਹਾਊਸ ਵੱਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦਿਆਂ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੀਆਂ ਮੁਲਾਜ਼ਮਾਂ/ਪੈਨਸ਼ਨਰਾਂ ਪ੍ਰਤੀ ਮਾਰੂ ਨੀਤੀਆਂ ਦੀ ਸਖਤ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਬੁਲਾਰਿਆ ਨੇ ਪੈਨਸ਼ਨਰਜ਼ ਦੀਆਂ ਮੰਗਾਂ ਜਿਨ੍ਹਾਂ ਵਿਚ 2016 ਤੋਂ ਪਹਿਲਾਂ ਦੇ ਸੇਵਾ ਮੁਕਤ ਪੈਨਸ਼ਨਰਜ਼ ਨੂੰ 2.59 ਦੇ ਗੁਣਾਂਕ ਨਾਲ ਸੋਧ ਕੇ ਪੈਨਸ਼ਨ ਦੇਣਾ, 1.1.2016 ਤੋਂ 30.6.2021 ਤਕ ਦਾ ਬਕਾਇਆ ਯਕਮੁਸ਼ਤ ਜਾਰੀ ਕਰਨਾ, ਡੀ.ਏ ਦੀਆਂ ਬਕਾਇਆ ਕਿਸਤਾਂ ਅਤੇ ਬਕਾਇਆ ਜਾਰੀ ਕਰਨਾ ਅਤੇ ਕੈਸ ਲੈਸ ਸਕੀਮ ਲਾਗੂ ਕਰਨਾ ਅਤੇ ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਕਰਨ, ਜਨਵਰੀ 04 ਤੋਂ ਰੈਗੂਲਰ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਂਨਸ਼ਨ ਪ੍ਰਣਾਲੀ ਬਹਾਲ ਕਰਨ, ਸੀ.ਪੀ.ਐਫ. ਦੀ ਥਾਂ ਜੀ.ਪੀ.ਫੰਡ. ਬਹਾਲ ਕਰਨ, ਨਵੀਂ ਭਰਤੀ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਨਾ ਮੰਨਣ ਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ।ਬੁਲਾਰਿਆ ਨੇ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਸਮੇਂ ਸਮੇਂ ਤੇ ਕੀਤੇ ਜਾਂਦੇ ਸੰਘਰਸ਼ਾਂ ਵੇਲੇ ਵੀ ਸਰਕਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਕਰ ਜਾਂਦੀ ਰਹੀ ਹੈ। ਆਗੂਆਂ ਨੇ ਸਰਕਾਰ ਸਾਰੀਆਂ ਸਰਕਾਰਾਂ ਦੀ ਕਾਰਗੁਜਾਰੀ ਵਿਰੁੱਧ ਬੋਲਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਾਰੇ ਹੀ ਰਾਜਨੀਤਕ ਆਗੂਆਂ ਦੀ ਕਹਿਣੀ ਅਤੇ ਕਥਨੀ ਵਿੱਚ ਅੰਤਰ ਹੋਣ ਕਰਕੇ ਇਹ ਵਿਸ਼ਵਾਸ ਪਾਤਰ ਨਹੀਂ ਰਹੇ, ਇਸ ਕਰਕੇ ਉਨ੍ਹਾਂ ਪੈਨਸ਼ਨਰਾਂ ਨੂੰ ਅਗਲੇਰੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਰਹਿਣ ਤੇ ਜ਼ੋਰ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly