(ਸਮਾਜ ਵੀਕਲੀ)
ਪ੍ਰੇਮ- ਮੁਹੱਬਤ ਵਾਲੇ ਗੁੰਦਣ
ਸੋਹਣੇ ਹਾਰ ਇਹ ਕਲਮਾਂ
ਕਰਦੀਆਂ ਨੇ ਹਥਿਆਰਾਂ ਤੋਂ ਵੀ
ਡੂੰਘੇ ਵਾਰ ਇਹ ਕਲਮਾਂ ।
ਧੁੰਦ ਅੰਧ ਨੂੰ ਦੂਰ ਭਜਾ ਕੇ
ਕਰਦੀਆਂ ਨੇ ਉਜਿਆਰਾ
ਭਰਮ ਭੁਲੇਖੇ ਦੂਰ ਕਰਦੀਆਂ
ਸਾਰੇ ਯਾਰ ਇਹ ਕਲਮਾਂ ।
ਸਭਿਆਚਾਰ ਅਤੇ ਰਿਸ਼ਤੇ ਨਾਤੇ
ਜਾਂ ਇਸ਼ਕ ਮੁਸ਼ਕ ਦੇ ਕਿੱਸੇ
ਦਿਲ ਦੇ ਵਿੱਚ ਸਮੋ ਕੇ ਰੱਖਣ
ਗੂੜ੍ਹੇ ਪਿਆਰ ਇਹ ਕਲਮਾਂ ।
ਜ਼ੁਲਮ ਦੇ ਅੱਗੇ ਹਿੱਕ ਤਾਣ ਕੇ
ਕਈ ਨੇ ਇੱਥੇ ਡਟੀਆਂ
ਕਮਜ਼ੋਰਾਂ ਸੰਗ ਕਈ ਖਲੋਈਆਂ
ਗ਼ਮਖ਼ਾਰ ਇਹ ਕਲਮਾਂ ।
ਰੱਖਦੀਆਂ ਚੇਤਨ ਬਿਰਤੀ ਡੂੰਘੀ
ਵਿਰਲਾ ਰਮਜ਼ ਪਛਾਣੇਂ
ਕਰਦੀਆਂ ਗੱਲਾਂ ਅੰਬਰ ਤੋਂ ਵੀ
ਆਰ- ਪਾਰ ਇਹ ਕਲਮਾਂ।
#ਦੇਵ ਮੁਹਾਫਿਜ਼
6239139449