ਕ਼ਲਮ,ਕਿਰਪਾਨ ਤੇ ਜ਼ੁਬਾਨ !

(ਜਸਪਾਲ ਜੱਸੀ)
 (ਸਮਾਜ ਵੀਕਲੀ)-ਅਰਾਜਕਤਾ ਕਿਰਪਾਨ ਨਾਲ ਫੈਲੇ ਜਾਂ ਕ਼ਲਮ ਨਾਲ ਮਾੜੀ ਹੀ ਹੁੰਦੀ ਹੈ। ਸਿਆਣੇ ਕਹਿੰਦੇ ਹਨ,” ਜ਼ੁਬਾਨ ਦਾ ਫੱਟ ਸਭ ਤੋਂ ਵੀ ਵੱਡਾ ਹੁੰਦਾ‌ ਪਰ ਮੈਨੂੰ ਲੱਗਦਾ ਹੈ ਜ਼ੁਬਾਨ ਦਾ ਫੱਟ ਮਨੁੱਖ ਦੇ ਜਿਊਣ ਤੱਕ ਹੀ ਸੀਮਤ ਰਹਿੰਦਾ ਹੈ ਪਰ ਕ਼ਲਮ ਦਾ ਫੱਟ ਚਿਰ ਸਦੀਵੀ ਹੁੰਦਾ ਹੈ ਕਿਉਂਕਿ ਕ਼ਲਮ ਦੀ ਤਾਕਤ ਰਹਿੰਦੀ ਦੁਨੀਆਂ ਤੱਕ ਰਹਿੰਦੀ ਹੈ।
ਪਿਛਲੇ ਦਿਨਾਂ ਵਿਚ ਸੋਸ਼ਲ ਮੀਡੀਆ ‘ਤੇ ਦੇਖਿਆ ਹੈ ਕਿ ਜੋ ਲੋਕ ਹਮੇਸ਼ਾਂ ਆਪਣੀ ਕ਼ਲਮ ਨਾਲ ਅਰਾਜਕਤਾ ਫੈਲਾਉਂਦੇ ਹਨ,ਹਮੇਸ਼ਾਂ ਹਰੇਕ ਵਿਅਕਤੀ ਅਤੇ ਕੰਮ ਦੀ ਨੁਕਤਾਚੀਨੀ ਕਰਦੇ ਹਨ ਇਹ ਉਹ ਲੋਕ ਹਨ ਜਿਹੜੇ ਕਿਸੇ ਨਾ ਕਿਸੇ ਪੱਖੋਂ ਘਰ,ਪਰਿਵਾਰ,ਸਮਾਜ,ਜਾਤੀ,ਧਰਮ ਤੋਂ ਦੁਖੀ ਹੁੰਦੇ ਹਨ।
*ਕਿਸੇ ਸਮਾਜ ਦੀਆਂ ਵਿਸੰਗਤੀਆਂ ਦੀ ਨਿਸ਼ਾਨਦੇਹੀ ਕਰਨਾ ਮਾੜੀ ਗੱਲ ਨਹੀਂ ਜੇ ਉਸ ਨੂੰ ਠੀਕ ਕਰਨ ਲਈ ਸੁਝਾਅ ਵੀ ਦਿੱਤੇ ਜਾਣ।*
                       ਕਈ ਬੰਦੇ ਸਚਮੁੱਚ ਹੀ ਘਰਦਿਆਂ ਦੇ ਸਤਾਏ ਹੁੰਦੇ ਹਨ ਉਹ ਆਪਣੇ ਘਰ ਦਾ ਗੁੱਸਾ,ਆਪਣੀ ਕ਼ਲਮ ਰਾਹੀਂ ਸਮਾਜ ‘ਤੇ ਉਤਾਰਦੇ ਹਨ।
ਉਹਨਾਂ ਦੀ ਕ਼ਲਮ ਉਹਨਾਂ ਦੇ ਹਿਰਦੇ ਦੇ ਰੋਹ ਦਾ ਬਿਆਨ ਕਰਦੀ ਹੈ। ਕੁਝ ਕੁ ਤਾਂ ਇਸ ਤਰ੍ਹਾਂ ਲਗਦੇ ਹਨ ਜਿਵੇਂ ਉਹ ਲੜਨ ਲਈ ਹੀ ਸੋਸ਼ਲ ਮੀਡੀਆ ਚਲਾਉਂਦੇ ਹਨ।
ਜੇ ਭੁੱਲ ਚੁੱਕ ਕੇ ਤੁਸੀਂ ਉਹਨਾਂ ਨੂੰ ਕੋਈ ਰਾਇ ਦੇਣ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਉਸ ਲਈ ਜ਼ਹਿਰ ਵਰਗੇ ਹੋ। ਤੁਹਾਡੀਆਂ ਸਾਰੀਆਂ ਦਿੱਤੀਆਂ ਇਤਿਹਾਸ, ਮਿਥਿਹਾਸ ‘ਚੋਂ ਉਦਾਹਰਣਾਂ ਉਹਨਾਂ ਲਈ ਕੋਈ ਮਾਅਨੇ ਨਹੀਂ ਰੱਖਦੀਆਂ।
ਪਿਛਲੇ ਦਿਨਾਂ ਵਿਚ ਇੱਕ ਇਲੈਕਸ਼ਨ ਵਿਚ ਇੱਕ ਉਲਾਰਵਾਦੀ ਲੇਖਕ ਬਾਰੇ, ਕਿਸੇ ਦੂਜੇ ਮਿੱਤਰ ਤੋਂ ਉਸ ਉਲਾਰਵਾਦੀ ਬਾਰੇ ਵਿਚਾਰ ਸੁਣ ਕੇ ਪੋਸਟ ਪਾਈ ਤਾਂ ਸੋਸ਼ਲ ਮੀਡੀਆ ਤੋਂ ਮੇਰਾ ਫ਼ੋਨ ਲੈ ਕੇ ਮੈਨੂੰ ਘੰਟੀ ਮਾਰ ਦਿੱਤੀ।
ਉਸ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਹ  ਵਿਚਾਰ ਜੋ ਤੁਸੀਂ ਕਿਸੇ ਦੇ ਕਹਿਣ ‘ਤੇ ਲਿਖੇ ਹਨ ਉਹ ਮੇਰੇ ਬਾਰੇ ਹਨ । ਜੇ ਮੇਰੇ ਬਾਰੇ ਨਹੀਂ ਵੀ ਲਿਖੇ ਤਾਂ ਮੈਨੂੰ ਲਗਦਾ ਹੈ ਕਿ ਇਹ ਮੇਰੇ ‘ਤੇ ਢੁਕਦੇ ਹਨ ਇਸ ਪੋਸਟ ਨੂੰ ਚੁੱਕ ਦਿਓ।”
ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹੋ ਸਕਦਾ ਹੈ ਇਹ ਤੁਹਾਡੇ ਸੁਭਾਅ ਨਾਲ ਮੇਲ ਖਾਂਦੀ ਹੋਵੇ, ਪਰ ਇਹ ਤੁਹਾਡੇ ਬਾਰੇ ਨਹੀਂ। ਮੈਨੂੰ ਲੱਗਿਆ ਜਦੋਂ ਬੰਦਾ ਆਪ ਹੀ ਕਹਿ ਰਿਹਾ ਹੈ ਕਿ ਇਹ ਪੋਸਟ ਮੇਰੇ ‘ਤੇ ਢੁਕਦੀ ਹੈ ਤਾਂ ਉਸ ਨੂੰ ਚੁੱਕ ਦੇਣਾ ਠੀਕ ਹੈ। ਹਾਲਾਂਕਿ ਮੈਂ ਇਸ ਗੱਲ ਤੋਂ ਹੈਰਾਨ ਸਾਂ ਕਿ ਉਲਾਰਵਾਦੀ ਲੋਕਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਇਹ ਮੇਰੇ ਨਾਲ ਮੇਲ ਖਾਂਦੀ ਪੋਸਟ ਹੈ।
ਇਸ ਦਾ ਮਤਲਬ,
*ਮਾੜੇ ਲੋਕਾਂ ਨੂੰ ਵੀ ਪਤਾ ਹੁੰਦਾ ਹੈ ਕਿ ਮੈਂ ਚੰਗਾ ਨਹੀਂ।*
ਮੈਂ ਉਸ ਦੇ ਕਹਿਣ ‘ਤੇ  ਉਸ ਪੋਸਟ ਨੂੰ ਇਸ ਕਰ ਕੇ ਡੀਲੀਟ ਕਰ ਦਿੱਤਾ ਕਿ ਕਿਸੇ ਦਾ ਦਿਲ ਨਾ ਦੁਖੇ ।     ਮੈਂ ਹੈਰਾਨ ਉਦੋਂ ਹੋਇਆ ਜਦੋਂ ਮੇਰੀ ਪੋਸਟ ਉਸ ਨੇ ਹੀ ਆਪਣੀ ਕੰਧ ‘ਤੇ ਪਾ ਦਿੱਤੀ ਅਤੇ ਲਿਖਿਆ,” ਅਗਾਂਹਵਧੂ ਲੇਖਕਾਂ ਦੇ ਦੇਖੋ, ਕਿਸ ਤਰ੍ਹਾਂ ਦੇ ਵਿਚਾਰ ਹਨ।”
ਮੇਰੇ ਇੱਕ ਦੋਸਤ ਨੇ ਉਹ ਪੋਸਟ ਫ਼ਿਰ ਤੋਂ ਮੇਰੇ ਨਾਲ ਸਾਂਝੀ ਕੀਤੀ ਕਿ ਤੁਹਾਡਾ ਨਾਮ ਤਾਂ ਨਹੀਂ ਲਿਖਿਆ ਪਰ ਉਸ ਨੇ ਆਪਣੇ ਹਊਮੈਂ ਪੱਠੇ ਪਾਉਣ ਲਈ ਇਹ ਹਰਕਤ ਕੀਤੀ ਪਰ ਮੈਂ ਉਸ ਨੂੰ ਪਹਿਲਾਂ ਹੀ ਆਪਣੀ ਮਿੱਤਰ ਲਿਸਟ ਚੋਂ ਮਨਫੀ ਕਰ ਚੁੱਕਿਆ ਸੀ।
ਗੱਲ ਕ਼ਲਮ,ਜ਼ੁਬਾਨ ਤੇ ਤਲਵਾਰ ਦੀ ਹੋ ਰਹੀ ਸੀ। *ਕ਼ਲਮ ਚਿਰ ਸਦੀਵੀ ਹੈ।‌*
 ਲਿਖਦਿਆਂ ਹੀ ਸੰਸਾਰ ਦੇ ਸਭ ਤੋਂ ਵੱਡੇ ਗੁਰੂ, ਫ਼ਿਲਾਸਫ਼ਰ,ਕ਼ਲਮ ਦੇ ਧਨੀ, ਸਰਬੰਸਦਾਨੀ,ਗੁਰੂ ਗੋਬਿੰਦ ਸਿੰਘ ਜੀ ਦੇ ਪੱਤਰ ਜ਼ਫ਼ਰਨਾਮਾ ( ਜਿੱਤ ਦੀ ਚਿੱਠੀ) ਵੱਲ ਗਈ ਕਿ ਕਿਵੇਂ ਕ਼ਲਮ ਨਾਲ਼ ਵੀ ਕਿਸੇ ਦੁਸ਼ਟ ਨੂੰ ਮਾਰਿਆ ਜਾ ਸਕਦਾ ਹੈ। *ਔਰੰਗਜ਼ੇਬ ਉਸ ਜ਼ਫਰਨਾਮੇ ਨੂੰ ਪੜ੍ਹ ਕੇ,ਹੀਨ ਭਾਵਨਾ ਦਾ ਸ਼ਿਕਾਰ ਹੋ ਕੇ ਮਰਿਆ।*
ਇਹ ਹੁੰਦੀ ਹੈ ਕ਼ਲਮ ਦੀ ਤਾਕਤ।
ਜਿਉਂਦੇ ਵਸਦੇ ਰਹੋ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸੇਖ ਫ਼ਰੀਦ ਜੀ ਸ਼ੱਕਰਗੰਜ ਦੇ 851ਵੇਂ ਜਨਮਦਿਨ ਨੂੰ ਸਮਰਪਿਤ ਲਗਾਇਆ ਗਿਆ ਵਿਸਾਲ ਖੂਨਦਾਨ ਕੈਂਪ:- ਰਿਟਾ.ਪ੍ਰਿੰਸੀਪਲ ਡਾਂ ਪਰਮਿੰਦਰ ਸਿੰਘ 
Next articleਬੁੱਧ ਚਿੰਤਨ / ਅਸੀਂ ਰਹਿਗੇ ਭਾਅ ਪੁੱਛਦੇ…….!