(ਸਮਾਜ ਵੀਕਲੀ)
ਹਕੂਮਤ ਦੇ ਵਿਗੜੇ,ਜਿਦੀਆ ਹੋਏ ਫੈਲ ਰਹੇ ਕਿਰਦਾਰ ਨੂੰ ਮੈਂ ਹੀ ਦੱਸਾਂਗੀ !
ਜਨਤਾ ਲਈ ਜਾਅਲੀ ਫਰੇਬੀ ਦਿਖਾਉਂਦੇ ਉਸ ਪਿਆਰ ਨੂੰ ਮੈਂ ਹੀ ਦੱਸਾਂਗੀ!
ਫੋਕੇ ਦਾਅਵੇ,ਗਲਤ ਅੰਕੜੇ,ਫਰੇਬੀ ਤੱਕੜੀ ਵਿੱਚ ਤੋਲਿਆਂ ਵੱਲੋਂ ਤੁਲ ਰਹੇ,
ਕਾਰਪੋਰੇਟੀਆਂ ਦੇ ਹੱਕ ਵਿੱਚ ਜਾਂਦੇ ਲੁਕਵੇਂ ਦਿਲਦਾਰ ਨੂੰ ਮੈਂ ਹੀ ਦੱਸਾਂਗੀ ।
ਚੋਰ ਦਲਾਲ ਨਹੀਂ ਗੱਦੀ ਬਿਠਾਈਦੇ,ਸਗੋਂ ਉਨ੍ਹਾਂ ਨਾਲ ਹੀ ਮੱਥੇ ਲਾਈਦੇ,
ਤਾਨਾਸ਼ਾਹੀ ਵੱਲੋਂ ਲਗਾਤਾਰ ਉੱਭਰ ਰਹੇ ਬੁਰੇ ਜੁਗਾੜ ਨੂੰ ਮੈਂ ਹੀ ਦੱਸਾਂਗੀ!
ਨੋਟਬੰਦੀ ਦੇ ਸ਼ੌਂਕੀਆ ਡਰਾਮੇ ਹੁੰਦੇ,ਗਰੀਬਾਂ ਨੇ ਪੈਸੇ ਕਿਹੜਾ ਸਾਂਭੇ ਹੁੰਦੇ,
ਗੁਜਰਾਤੀ-ਮਾਡਲ ਦੇ ਉਸਰ ਰਹੇ ਨਕਲੀ ਇਕਰਾਰ ਨੂੰ ਮੈਂ ਹੀ ਦੱਸਾਂਗੀ ।
ਜਾਤਾਂ,ਧਰਮ,ਘੱਟ ਗਿਣਤੀ ਕੌਮਾਂ ਤੇ ਹੱਲੇ,ਇਹ ਸਿਆਸਤੀ ਸ਼ੌਂਕ ਨੇ ‘ਕੱਲੇ
ਮੂਰਤੀਆਂ ਦੇ ਗੱਡੇ ਜਾਂਦੇ ਉਹ ਬੇ-ਤਰਕੇ,ਗੈਰ-ਅਧਾਰ ਨੂੰ ਮੈਂ ਹੀ ਦੱਸਾਂਗੀ ।
ਅਦਾਲਤਾਂ ਦਾ ਸਿਰ ਝੁਕਾਉਣਾ,ਕਬਜ਼ਾ ਲੈਣ ਦੀ ਕੁੱਲ ਵਿਉਂਤ ਬਣਾਉਣਾ,
ਸਵੈਮ ਸੰਘੀਆਂ ਦੇ ਅਮਾਨਵੀ ਕੀਤੇ ਜਾਂਦੇ ਜੋ ਪ੍ਰਚਾਰ ਨੂੰ ਮੈਂ ਹੀ ਦੱਸਾਂਗੀ ।
ਹਰ ਰਾਜ ‘ਚ ਓਸ ਵਰਗਾ ਭੇਸ,ਦੰਗਿਆਂ ‘ਚ ਫੁੱਟਦਾ ਇੱਕ ਨਵਾਂ ਕਲੇਸ਼,
ਤੇਰੇ ਵਿਛਾਏ ਹੋਏ ਗੈਰ-ਅਸੂਲੇ ਨਾਟਕੀ ਭੇਖੀ ਅਧਾਰ ਨੂੰ ਮੈਂ ਹੀ ਦੱਸਾਂਗੀ ।
ਨਿੱਤ ਨਿੱਤ ਸੰਵਿਧਾਨ ਦੀ ਹੋਂਦ ਨੂੰ ਖਾਂਦਾ,ਉਸ ਦੀ ਹਾਲਤ ਰੋਲਣ ਡਹਿੰਦਾ,
ਫੋਕੇ ਜਾਅਲੀ ਦਿਲੋਂ ਹੁੰਦੇ ਲੋਕਤੰਤਰੀ ਭਰੇ ‘ ਸਤਿਕਾਰ ‘ ਨੂੰ ਮੈਂ ਹੀ ਦੱਸਾਂਗੀ ।
ਜੁੰਮਲੇ,ਝੂਠ,ਸਿੰਘਾਸਨ ਤੋਂ ਵੱਜਣ,ਬੇਰੁਜ਼ਗਾਰੀ ਨੂੰ ਰੋਜ਼ਗਾਰ ਬਣਾ ਕੱਜਣ,
ਮੌਲਿਕ ਅਧਿਕਾਰਾਂ ਉੱਤੇ ਪਾਏ ਭਗਵੇਂ ਘੱਗਰੇ-ਖੱਲ੍ਹਾਰ ਨੂੰ ਮੈਂ ਹੀ ਦੱਸਾਂਗੀ ।
ਸੁਖਦੇਵ ਸਿੱਧੂ
ਸੰਪਰਕ : 9888633481
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly